Munish Garg
ਤਲਵੰਡੀ ਸਾਬੋ: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵਿਖੇ ਇਕ ਵਿਦਿਆਰਥਣ ਦੀ ਅਚਾਨਕ ਬਿਜਲੀ ਦਾ ਖੰਭਾ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੇ ਵਾਰਸਾਂ ਨੇ ਲੜਕੀ ਦੀ ਮੌਤ ਦਾ ਜਿੰਮੇਵਾਰ ਪੌਵਰਕਾਮ ਨੂੰ ਦੱਸਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।
ਤਲਵੰਡੀ ਸਾਬੋ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੀ ਅਮਨਦੀਪ ਕੌਰ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੱਚਿਆਂ ਨੂੰ ਸਕੂਲ ਵਿਚ ਕਿਸੇ ਸਮਾਗਮ ਲਈ ਬੁਲਾਇਆ ਗਿਆ ਸੀ ਅਤੇ ਉਕਤ ਲੜਕੀ ਜਿਹੜੀ ਕਿ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ, ਸਕੂਲ ਜਾਣ ਲੱਗਿਆਂ ਆਪਣੇ ਨਾਲ ਦੀਆਂ ਸਾਥਣਾਂ ਨੂੰ ਉਹਨਾਂ ਦੇ ਘਰ ਮੂਹਰੇ ਖੜ੍ਹ ਕੇ ਆਵਾਜ਼ ਮਾਰ ਰਹੀ ਸੀ ਕਿ ਅਚਾਨਕ ਬਿਜਲੀ ਦਾ ਖੰਭਾ ਲੜਕੀ ਦੇ ਉਪਰ ਡਿੱਗ ਗਿਆ।
ਉਸ ਨੂੰ ਜਖਮੀ ਹਾਲਤ ਵਿਚ ਪਿੰਡ ਵਾਸੀਆਂ ਨੇ ਤੁਰਤ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲ਼ਾਨ ਦਿੱਤਾ।
ਪਿੰਡ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਅਤੀ ਗਰੀਬ ਪਰਿਵਾਰ ਹੈ ਅਤੇ ਨਰੇਗਾ ਵਿੱਚ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ। ਇਸ ਲਈ ਜਿੱਥੇ ਬਿਜਲੀ ਵਿਭਾਗ ਖਿਲਾਫ ਕਾਰਵਾਈ ਕੀਤੀ ਜਾਵੇ, ਉੱਥੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ।
ਪਤਾ ਲੱਗਦੇ ਹੀ ਦਲਿਤ ਆਗੂ ਅਤੇ ਦਰਦ ਮਹਾਂ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਵੀ ਪੁੱਜ ਗਏ ਜਿਨ੍ਹਾਂ ਨੇ ਦੱਸਿਆ ਕਿ ਇਹ ਪੌਵਰਕਾਮ ਦੀ ਅਣਗਹਿਲੀ ਹੈ ਕਿ ਪਿੰਡਾਂ ਵਿੱਚ ਟੁੱਟੇ ਹੋਏ ਖੰਭੇ ਲਾਏ ਹੋਏ ਹਨ। ਜਿਸ ਦੀ ਸਮੇਂ ਸਮੇਂ ਉਤੇ ਮੁਰੰਮਤ ਨਹੀਂ ਕੀਤੀ ਜਾਂਦੀ ਅਤੇ ਨਿੱਤ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ।
ਉਧਰ, ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨ ਉਤੇ ਪਾਵਰਕਾਮ ਦੇ ਅਣਪਛਾਤੇ ਮੁਲਾਜਮਾਂ ਖਿਲ਼ਾਫ ਧਾਰਾ 304 ਏ ਅਧੀਨ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁੱਖੀ ਤਲਵੰਡੀ ਸਾਬੋ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰੰਤੂ ਅਜੇ ਤੱਕ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਕਿਉਂਕਿ ਡਾਕਟਰਾਂ ਦਾ ਬੋਰਡ ਬਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।