Home /News /punjab /

ਪੰਜਾਬੀਆਂ ਦੀ ਬਦੌਲਤ ਹੀ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾ ਹੈ ਬਿਪਲਬ ਦੇਬ: ਭਗਵੰਤ ਮਾਨ

ਪੰਜਾਬੀਆਂ ਦੀ ਬਦੌਲਤ ਹੀ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾ ਹੈ ਬਿਪਲਬ ਦੇਬ: ਭਗਵੰਤ ਮਾਨ

  • Share this:

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਵੱਲੋਂ ਪੰਜਾਬੀਆਂ ਅਤੇ ਹਰਿਆਣਵੀਆਂ ਬਾਰੇ ਕੀਤੀ ਘਟੀਆ ਟਿੱਪਣੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਭਾਜਪਾ ਨੂੰ ਘੇਰਿਆ ਹੈ। ਬਿਪਲਬ ਦੇਬ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਜਿਹੀਆਂ ਫ਼ਿਰਕੂ ਅਤੇ ਨਸਲੀ ਟਿੱਪਣੀਆਂ ਇਕੱਲੇ ਬਿਪਲਬ ਦੇਬ ਦੀ ਹੀ ਨਹੀਂ ਸਗੋਂ ਸਮੁੱਚੀ ਭਾਜਪਾ ਦੀ ਜ਼ਹਿਰੀਲੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ, ਜੋ ਬੇਹੱਦ ਨਿੰਦਣਯੋਗ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਸਮੇਤ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਮੀਤ ਹੇਅਰ, ਰੁਪਿੰਦਰ ਕੋਰ ਰੂਬੀ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਬਿਪਲਬ ਦੇਬ ਅਤੇ ਭਾਜਪਾ 'ਤੇ ਤਾਬੜਤੋੜ ਹਮਲੇ ਬੋਲੇ, ਜੋ ਬਿਪਲਬ ਦੇਬ ਦਾ ਬਿਆਨ ਆਉਣ ਉਪਰੰਤ ਸੋਮਵਾਰ ਦੇਰ ਤੋਂ ਹੀ ਸ਼ੁਰੂ ਕਰ ਦਿੱਤੇ ਸਨ।

ਜ਼ਿਕਰਯੋਗ ਹੈ ਕਿ ਬਿਪਲਬ ਦੇਬ ਨੇ ਤ੍ਰਿਪੁਰਾ 'ਚ ਬੋਲਦਿਆਂ ਕਿਹਾ ਸੀ ਕਿ ਪੰਜਾਬੀ ਸਰਦਾਰ ਅਤੇ ਹਰਿਆਣੇ ਦੇ ਜਾਟ ਸਰੀਰਕ ਪੱਖੋਂ ਤਾਂ ਤਕੜੇ ਹੁੰਦੇ ਹਨ ਪਰ ਦਿਮਾਗ਼ੀ ਤੌਰ 'ਤੇ ਖ਼ਾਲੀ ਹੁੰਦੇ ਹਨ।ਭਗਵੰਤ ਮਾਨ ਨੇ ਕਿਹਾ ਕਿ ਜਿਸ ਕੌਮ ਬਾਰੇ ਭਾਜਪਾ ਦੇ ਮੁੱਖ ਮੰਤਰੀ ਨੇ ਘਟੀਆ ਅਤੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਟਿੱਪਣੀ ਕੀਤੀ ਹੈ, ਜੇਕਰ ਉਹ ਕੌਮ (ਪੰਜਾਬੀ) ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ 90 ਪ੍ਰਤੀਸ਼ਤ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਬਿਪਲਬ ਦੇਬ ਮੁੱਖ ਮੰਤਰੀ ਦੀ ਕੁਰਸੀ 'ਤੇ ਨਾ ਬੈਠਾ ਹੁੰਦਾ।

ਭਗਵੰਤ ਮਾਨ ਅਨੁਸਾਰ, ''ਪੂਰੀ ਦੁਨੀਆ 'ਚ ਪੰਜਾਬੀਆਂ ਨੇ ਆਪਣਾ ਖ਼ਾਸ ਮੁਕਾਮ ਬਣਾਇਆ ਹੈ। ਅਣਗਿਣਤ ਮੁਲਕਾਂ 'ਚ ਪੰਜਾਬੀਆਂ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਖੇਤਰ 'ਚ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਦਮ 'ਤੇ ਝੰਡੇ ਗੱਡੇ ਹਨ। ਕੈਨੇਡਾ ਸਰਕਾਰ ਦੇ ਮੰਤਰੀ ਮੰਡਲ 'ਚ ਰੱਖਿਆ ਮੰਤਰੀ ਸਮੇਤ ਸਾਰੇ ਪੰਜਾਬੀ ਮੰਤਰੀਆਂ ਦੀ ਗਿਣਤੀ ਮੋਦੀ ਦੇ ਮੰਤਰੀ ਮੰਡਲ 'ਚ ਸ਼ਾਮਲ ਪੰਜਾਬੀਆਂ ਨਾਲ ਵੱਧ ਹੈ।ਇਸੇ ਤਰਾਂ ਜਦੋਂ ਦੇਸ਼ (ਭਾਰਤ) ਆਜ਼ਾਦੀ ਉਪਰੰਤ ਭੁੱਖਮਰੀ ਨਾਲ ਨਾਲ ਜੂਝ ਰਿਹਾ ਸੀ ਤਾਂ ਪੰਜਾਬ ਅਤੇ ਹਰਿਆਣਾ ਦੇ ਅੰਨਦਾਤਾ ਕਿਸਾਨਾਂ ਨੇ ਦੇਸ਼ ਨੂੰ ਅੰਨ-ਅਨਾਜ ਪੱਖੋਂ ਆਤਮ ਨਿਰਭਰ ਕੀਤਾ।

ਭਗਵੰਤ ਮਾਨ ਨੇ ਭਾਜਪਾ ਹਾਈਕਮਾਨ ਕੋਲੋਂ ਮੰਗ ਕੀਤੀ ਕਿ ਉਹ ਬਿਪਲਬ ਦੇਬ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ। ਉਨ੍ਹਾਂ ਕਿਹਾ ਕਿ ਆਤਮ ਸਨਮਾਨ ਦੀ ਰੱਖਿਆ ਲਈ ਅਜਿਹੀਆਂ ਘਟੀਆ ਟਿੱਪਣੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

Published by:Ashish Sharma
First published:

Tags: Bhagwant Mann