ਮਨੋਜ ਸ਼ਰਮਾ
ਪਟਿਆਲਾ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦਾ ਧਰਨਾ ਜਾਰੀ ਹੈ। ਇਸ ਯੂਨੀਅਨ ਦੇ ਅੱਜ 6 ਮੈਂਬਰ ਆਪਣੇ ਹੱਕ ਲੈਣ ਲਈ ਮੌਤ ਦੇ ਮੂੰਹ ਵਿਚ ਪਹੁੰਚ ਗਏ।
ਅਪਰੈਂਟਿਸ ਲਾਈਨਮੈਨ ਯੂਨੀਅਨ ਦੇ ਇਹ ਆਗੂ ਅੱਜ ਸਵੇਰੇ ਪਟਿਆਲਾ ਸੰਗਰੂਰ ਰੋਡ ਉਤੇ ਪਿੰਡ ਭੇਡਪੁਰਾ ਦੇ ਨਜ਼ਦੀਕ high extention ਵਾਲੇ ਵੱਡੇ ਖੰਭਿਆਂ ਉਤੇ ਜਾ ਚੜ੍ਹੇ ਅਤੇ ਇਸ ਯੂਨੀਅਨ ਦੇ ਬਾਕੀ ਮੈਂਬਰ ਇਸ ਟਾਵਰ ਦੇ ਹੇਠਾਂ ਬੈਠ ਕੇ ਸਖ਼ਤ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ।
ਦੱਸ ਦਈਏ ਕਿ ਯੂਨੀਅਨ ਦੇ ਇਹ ਆਗੂ ਪਟਿਆਲਾ ਸੰਗਰੂਰ ਰੋਡ ਉਤੇ ਪਿੰਡ ਭੇਡਪੂਰਾ ਬੱਸ ਅੱਡੇ ਦੇ ਨਜ਼ਦੀਕ ਤੋਂ ਲੰਘਦੇ ਟਾਵਰ ਨੰਬਰ 311 ਉਤੇ ਜਾ ਚੜ੍ਹੇ ਹਨ ਅਤੇ ਇਸ ਟਾਵਰ ਤੋਂ ਹਾਈ ਵੋਲਟੇਜ ਬਿਜਲੀ ਲੰਘ ਰਹੀ ਹੈ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਜਦੋਂ ਤੱਕ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨ ਲੈਂਦੀ, ਉਦੋਂ ਤੱਕ ਉਹ ਇਸ ਟਾਵਰ ਤੋਂ ਥੱਲੇ ਨਹੀਂ ਆਉਣਗੇ।
ਜ਼ਿਕਰਯੋਗ ਹੈ ਕਿ 1690 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਨੂੰ ਬਿਨਾਂ ਟੈਸਟ ਤੋਂ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਅਧਾਰ ਉਤੇ ਭਰਤੀ ਕਰਵਾਉਣ ਲਈ 27/7/2022 ਤੋਂ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਪੱਕਾ ਧਰਨਾ ਲਗਾਇਆ ਹੋਇਆ ਹੈ, ਕਿਉਂਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ 2011 ਲੈਕੇ 2020 ਤੱਕ ਬਿਨਾਂ ਟੈਸਟ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਅਧਾਰ ਤੇ 8300 ਦੇ ਕਰੀਬ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਹੈ, ਪਰ ਹੁਣ 1690 ਪੋਸਟਾਂ ਨੂੰ ਟੈਸਟ ਰਾਹੀਂ ਭਰਤੀ ਕਰਨਾ ਚਾਹੁੰਦੀ ਹੈ।
ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਜਦੋਂ ਪਹਿਲਾਂ 8300 ਪੋਸਟਾਂ ਦੀ ਭਰਤੀ ਬਿਨਾ ਟੈਸਟ ਕੀਤੀ ਜਾ ਸਕਦੀ ਹੈ ਤਾਂ ਹੁਣ ਕਿਉਂ ਨਹੀਂ ਹੋ ਸਕਦੀ।
ਆਗੂਆਂ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕੇ ਕਿਸੇ ਵੀ ਬੇਰੁਜ਼ਗਾਰ ਨੂੰ ਰੁਜ਼ਗਾਰ ਲੈਣ ਲਈ ਸੜਕਾਂ ਉਤੇ ਨਹੀਂ ਰੁਲਣਾ ਪਵੇਗਾ, ਪਰ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ 27 ਜੁਲਾਈ ਤੋਂ ਟੈਸਟ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪਾਵਰਕਾਮ ਦੇ ਦਫ਼ਤਰ ਸਾਹਮਣੇ ਧਰਨੇ ਉਤੇ ਬੈਠੇ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਉਤੇ 23 ਅਗਸਤ ਨੂੰ ਪਟਿਆਲਾ ਪੁਲਿਸ ਵੱਲੋ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਤੇ ਸਾਥੀਆਂ ਦੀ ਪੱਗਾਂ ਰੋਲੀਆਂ ਗਈਆਂ। ਬਹੁਤ ਸਾਰੇ ਸਾਥੀ ਗੰਭੀਰ ਜ਼ਖਮੀ ਹੋ ਗਏ ਤੇ ਲੱਗਿਆ ਹੋਇਆ ਟੈਂਟ ਪੱਟ ਦਿੱਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।