ਫ਼ਿਰੋਜ਼ਪੁਰ : ਜ਼ਿਲ੍ਹਾ ਲੈਂਡ ਮੋਰਟਗੇਜ ਬੈਂਕ ਦੀ ਫ਼ਿਰੋਜ਼ਪੁਰ, ਗੁਰੂਹਰਸਹਾਏ ਅਤੇ ਜ਼ੀਰਾ ਬਰਾਂਚ ਨੇ ਲੰਬੇ ਸਮੇਂ ਤੋਂ ਕਰਜ਼ਾ ਨਾ ਮੋੜਣ ਵਾਲੇ ਕੁੱਲ 930 ਕਿਸਾਨਾਂ ਨੂੰ ਵਰੰਟ ਜਾਰੀ ਕੀਤੇ ਹਨ। ਇਨ੍ਹਾਂ ਕਿਸਾਨਾਂ 'ਤੇ 34 ਕਰੋੜ 36 ਲੱਖ 13 ਹਜ਼ਾਰ ਰੁਪਏ ਦਾ ਕਰਜ਼ਾ ਬਕਾਇਆ ਹੈ। ਲੈਂਡ ਮੋਰਟਗੇਜ ਬੈਂਕ ਮੁਤਾਬਿਕ ਇਨਾਂ ਕਿਸਾਨਾਂ ਨੇ ਕਰਜ਼ਾ ਲਿਆ ਸੀ ਅਤੇ ਵਾਪਸ ਨਹੀਂ ਕੀਤਾ।
ਫਿਰੋਜ਼ਪੁਰ ਦੀ ਬਸਤੀ ਰਾਮਲਾਲਾਂ ਦੇ ਕਿਸਾਨ ਬਖਸ਼ੀਸ਼ ਸਿੰਘ ਨੂੰ ਵਾਰੰਟ ਜਾਰੀ ਕਰਕੇ ਗ੍ਰਿਫਤਾਰ ਕੀਤਾ ਸੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਖਲਾਰ ਸਿੰਘ ਪੰਨੂੰ ਅਤੇ ਕਿਸਾਨ ਆਂਗੂ ਨੇ ਉਸ ਨੂੰ ਛੁਡਵਾਇਆ ਸੀ। ਖਲਾਰ ਸਿੰਘ ਪੰਨੂੰ ਨੇ ਕਿਹਾ ਕਿ ਇੱਕ ਪਾਸੇ ਤਾਂ ਕਿਸਾਨਾ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਬੈਠੇ ਅਤੇ ਦੂਜੇ ਪਾਸੇ ਬੈਂਕ ਕਰਜ਼ਈ ਕਿਸਾਨਾਂ ਨੂੰ ਵਰੰਟ ਕੱਢ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਤਾਂ ਗਰਮੀ ਦੀ ਮਾਰ ਕਾਰਨ ਪਹਿਲਾਂ ਹੀ ਕਣਕ ਦਾ ਘੱਟ ਝਾੜ ਨਿਕਲਣ ਕਾਰਨ ਕਿਸਾਨ ਪਰੇਸ਼ਾਨ ਹੈ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ। ਪਰ ਕਿਸਾਨਾਂ ਦੀ ਮਦਦ ਤਾਂ ਕੀ ਕਰਨੀ ਹੈ, ਉਲਟਾ ਸਰਕਾਰ ਵਰੰਟ ਕੱਢਵਾ ਰਹੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਮੌਸਮ ਦੀ ਮਾਰ ਪੈਣ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ ਤੇ ਜਿਸ ਕਾਰਨ ਕਈ ਕਰਜ਼ਾ ਨਹੀਂ ਮੋੜ ਸਕਦੇ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਚੇਤਾਵਨੀ ਵੀ ਦਿੰਦੇ ਹਾਂ ਜੇਕਰ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਸੀਂ ਸੰਘਰਸ਼ ਕਰਾਂਗੇ।
ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਫਿਰੋਜ਼ਪੁਰ ਦੇ ਸੀਨੀਅਰ ਸਹਾਇਕ ਪੀਪਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਲੈਂਡ ਮਾਰਟਗੇਜ ਬੈਂਕ ਵੱਲੋਂ 930 ਡਿਫਾਲਟਰ ਕਿਸਾਨਾਂ ਨੂੰ ਵਾਰੰਟ ਜਾਰੀ ਕੀਤੇ ਗਏ ਹਨ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ 'ਤੇ ਲੰਬੇ ਸਮੇਂ ਤੋਂ 34 ਕਰੋੜ 36 ਲੱਖ 13 ਹਜ਼ਾਰ ਰੁਪਏ ਦਾ ਕਰਜ਼ਾ ਬਕਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Bank, Debt waiver, Farmers Protest