• Home
 • »
 • News
 • »
 • punjab
 • »
 • THE DELEGATION OF DELHI COMMITTEE REACHED DAMDAMA SAHIB AND MET THE JATHEDAR

ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ 'ਚ ਹੋਏ ਵਿਵਾਦ ਦਾ ਮਾਮਲਾ ਅਕਾਲ ਤਖਤ ਪੁੱਜਿਆ

ਸਰਨਾ ਭਰਾਵਾਂ ਅਤੇ ਜੀ.ਕੇ ਖਿਲਾਫ ਸ਼ਿਕਾਇਤ ਸੌਂਪਦਿਆਂ ਤਲਬ ਕਰਨ ਦੀ ਕੀਤੀ ਮੰਗ

ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ 'ਚ ਹੋਏ ਵਿਵਾਦ ਦਾ ਮਾਮਲਾ ਅਕਾਲ ਤਖਤ ਪੁੱਜਿਆ

 • Share this:
  Munish Garg
  ਤਲਵੰਡੀ ਸਾਬੋ: ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਦਫਤਰ ਵਿੱਚ ਹੋਏ ਵਿਵਾਦ ਦਾ ਮਾਮਲਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪੁੱਜ ਗਿਆ ਹੈ।

  ਅੱਜ ਦਿੱਲੀ ਕਮੇਟੀ ਦੇ ਇੱਕ ਵਫਦ ਨੇ ਸਿੰਘ ਸਾਹਿਬ ਨਾਲ ਮੁਲਾਕਾਤ ਦੌਰਾਨ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀ.ਕੇ ਖਿਲਾਫ ਇੱਕ ਸ਼ਿਕਾਇਤ ਸੌਂਪਦਿਆਂ ਉਨਾਂ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ। ਦਿੱਲੀ ਕਮੇਟੀ ਦੀ ਸੀ. ਆਗੂ ਬੀਬੀ ਰਣਜੀਤ ਕੌਰ ਦੀ ਅਗਵਾਈ ਵਿੱਚ ਦਮਦਮਾ ਸਾਹਿਬ ਪੁੱਜੇ ਵਫਦ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਉਨਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕਰਦਿਆਂ ਸੌਂਪੇ ਸ਼ਿਕਾਇਤ ਪੱਤਰ ਵਿੱਚ ਦੱਸਿਆ ਕਿ ਕਮੇਟੀ ਦੇ ਸਾਬਕਾ ਮੈਂਬਰ ਕੁਲਵੰਤ ਸਿੰਘ ਬਾਠ, ਹਰਿੰਦਰਪਾਲ ਸਿੰਘ, ਜਤਿੰਦਰ ਸਿੰਘ ਸਾਹਨੀ ਅਤੇ ਕਈ ਹੋਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕਮੇਟੀ ਦੇ ਦਫਤਰ ਪੁੱਜੇ ਅਤੇ ਖਜਾਨਚੀ ਤੋਂ ਜਬਰਨ ਕੈਸ਼ ਰਜਿਸਟਰ ਖੋਹ ਕੇ ਗੰਦੀ ਸ਼ਬਦਾਵਲੀ ਵਰਤਦਿਆਂ ਧਮਕਾਉਣ ਲੱਗੇ ਅਤੇ ਲਾਕਰ ਖੋਲਣ ਲਈ ਕਿਹਾ।

  ਕਮੇਟੀ ਪ੍ਰਬੰਧਕਾਂ ਵੱਲੋਂ ਦਿੱਤੇ ਨਿਰਦੇਸ਼ ਤੋਂ ਬਾਅਦ ਉਕਤ ਵਿਅਕਤੀਆਂ ਨੂੰ ਲਾਕਰ ਅਤੇ ਕੈਸ਼ ਰਜਿਸਟਰ ਚੈੱਕ ਕਰਵਾ ਦਿੱਤੇ ਪਰ ਬਾਅਦ ਵਿੱਚ ਉੱਥੇ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ ਪੁੱਜ ਗਏ ਅਤੇ ਸਟਾਫ ਨੂੰ ਧਮਕਾਉਣ ਲੱਗ ਗਏ। ਦਿੱਲੀ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਪੱਤਰ ਵਿੱਚ ਕਥਿਤ ਤੌਰ ਉਤੇ ਇਹ ਵੀ ਦੋਸ਼ ਲਗਾਏ ਕਿ ਮੌਕੇ ਉਤੇ ਮੌਜੂਦ ਦਿੱਲੀ ਕਮੇਟੀ ਦੀ ਮਹਿਲਾ ਆਗੂ ਬੀਬੀ ਰਣਜੀਤ ਕੌਰ ਦੀ ਹਾਜ਼ਰੀ ਵਿੱਚ ਗੰਦੀ ਸ਼ਬਦਾਵਲੀ ਵਰਤੀ ਗਈ, ਗੱਲਬਾਤ ਦੀ ਪੇਸ਼ਕਸ ਦੇ ਬਾਵਜ਼ੂਦ ਉਕਤ ਆਗੂਆਂ ਵੱਲੋਂ ਉੱਥੇ ਹੁੱਲੜਬਾਜੀ ਕਰਦਿਆਂ ਪੁਲਿਸ ਬੁਲਾ ਲਈ ਗਈ। ਪੁਲਿਸ ਨੂੰ ਬੁਲਾਉਣ ਦਾ ਇੱਕੋ ਇੱਕ ਮਕਸਦ ਇਹ ਦਰਸਾਉਣਾ ਸੀ ਕਿ ਮੌਜੂਦਾ ਕਮੇਟੀ ਵਿੱਚ ਗੜਬੜ ਚੱਲ ਰਹੀ ਹੈ।

  ਸਿੰਘ ਸਾਹਿਬ ਨੂੰ ਸੌਂਪੇ ਸ਼ਿਕਾਇਤ ਪੱਤਰ ਵਿੱਚ ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ ਸਮੇਤ ਕੁੱਲ 16 ਆਗੂਆਂ ਖਿਲਾਫ ਗੁਰੂਘਰ ਵਿੱਚ ਗੁੰਡਾਗਰਦੀ ਕਰਨ, ਗੰਦੀ ਸ਼ਬਦਾਵਲੀ ਵਰਤਣ ਦੇ ਕਥਿਤ ਦੋਸ਼ ਲਾਂਉਦਿਆਂ ਦਿੱਲੀ ਕਮੇਟੀ ਦੇ ਵਫਦ ਨੇ ਮੰਗ ਕੀਤੀ ਕਿ ਉਕਤ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ ਤਲਬ ਕਰਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹਿਦੀ ਹੈ।

  ਅੱਜ ਮੁਲਾਕਾਤ ਕਰਨ ਵਾਲੇ ਵਫਦ ਵਿੱਚ ਬੀਬੀ ਰਣਜੀਤ ਕੌਰ ਤੋਂ ਇਲਾਵਾ ਆਤਮਾ ਸਿੰਘ ਲੁਬਾਨਾ, ਗੁਰਮੀਤ ਸਿੰਘ ਬਿੱਲੂ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ ਕਾਲੜਾ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੇ ਸਪੁੱਤਰ ਭਾਈ ਚਰਨਜੀਤ ਸਿੰਘ ਸ਼ਾਮਿਲ ਸਨ। ਉੱਧਰ ਸਿਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਂਚ ਸਬੰਧੀ ਇੱਕ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
  Published by:Gurwinder Singh
  First published: