• Home
 • »
 • News
 • »
 • punjab
 • »
 • THE FARMERS CLOSED THE TOLL PLAZA HALF AN HOUR AFTER IT STARTED

ਕਿਸਾਨਾਂ ਨੇ ਟੋਲ ਪਲਾਜ਼ਾ ਸ਼ੁਰੂ ਕਰਨ ਦੇ ਅੱਧੇ ਘੰਟੇ ਬਾਅਦ ਹੀ ਕਰਵਾਇਆ ਬੰਦ

ਕਿਸਾਨਾਂ ਨੇ ਟੋਲ ਪਲਾਜ਼ਾ ਸ਼ੁਰੂ ਕਰਨ ਦੇ ਅੱਧੇ ਘੰਟੇ ਬਾਅਦ ਹੀ ਕਰਵਾਇਆ ਬੰਦ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਬਰਨਾਲਾ ਦੇ ਮੋਗਾ ਰੋਡ ਉਤੇ ਪਿੰਡ ਚੀਮਾ ਨੇੜੇ ਲੱਗੇ ਟੋਲ ਪਲਾਜ਼ਾ ਨੂੰ ਚਾਲੂ ਕਰਨ ਦੇ ਇੱਕ ਘੰਟੇ ਅੰਦਰ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਇਲਾਕੇ ਦੇ ਲੋਕਾਂ ਨੇ ਬੰਦ ਕਰਵਾ ਦਿੱਤਾ।

  ਇਸ ਮੌਕੇ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਆਗੂ ਦਰਸ਼ਨ ਸਿੰਘ ਉੱਗੋਕੇ ਅਤੇ ਹਰਮੰਡਲ ਸਿੰਘ ਜੋਧਪੁਰ ਨੇ ਕਿਹਾ ਕਿ ਇਹ ਟੌਲ ਸਿਰਫ਼ ਨੈਸ਼ਨਲ ਹਾਈਵੇ ਬਰਨਾਲਾ-ਮੋਗਾ ਸੜਕ ਉਤੇ ਲਗਾਇਆ ਜਾਣਾ ਚਾਹੀਦਾ ਸੀ। ਜਦਕਿ ਇਹ ਜਗ੍ਹਾ ਬਰਨਾਲਾ ਤੋਂ ਫ਼ਰੀਦਕੋਟ ਅਤੇ ਮੋਗਾ ਨੂੰ ਜਾਣ ਵਾਲੀ ਸਾਂਝੀ ਸੜਕ ਹੈ। ਫ਼ਰੀਦਕੋਟ ਸੜਕ ਰਾਜ ਮਾਰਗ ਹੈ ਅਤੇ ਇਸ ਸੜਕ ਦੀ ਹਾਲਤ ਬੇਹੱਦ ਖਸਤਾ ਹੈ।

  ਇਸ ਸੜਕ ਤੋਂ ਸ਼ਹਿਣਾ, ਭਦੌੜ ਅਤੇ ਹੋਰ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਦੀ ਵਾਧੂ ਲੁੱਟ ਕੀਤੀ ਜਾਣੀ ਹੈ। ਉਹਨਾਂ ਕਿਹਾ ਕਿ ਟੌਲ ਫ਼ੀਸ ਵੀ ਆਮ ਨਾਲੋਂ ਦੋਗੁਣੀ ਲਈ ਜਾ ਰਹੀ ਹੈ, ਜਿਸ ਨੂੰ ਆਮ ਲੋਕਾਂ ਲਈ ਘੱਟ ਕੀਤਾ ਜਾਵੇ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਕਰੀਬ ਪੰਜ ਕਿਲੋਮੀਟਰ ਦਾਇਰੇ ਦੇ ਪਿੰਡਾਂ ਦੇ ਲੋਕਾਂ ਤੋਂ ਟੌਲ ਫ਼ੀਸ ਨਾ ਲਈ ਜਾਵੇ।

  ਆਗੂਆਂ ਨੇ ਕਿਹਾ ਕਿ ਟੌਲ ਤੋਂ ਦੋ ਕਿਲੋਮੀਟਰ ਦੂਰ ਪਿੰਡ ਚੀਮਾ ਅਤੇ ਜੋਧਪੁਰ ਨੂੰ ਕੋਈ ਕੱਟ ਨਹੀਂ ਦਿੱਤਾ ਗਿਆ, ਜਦਕਿ ਗੈਰਕਾਨੂੰਨੀ ਕੱਟ ਹੋਣ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ। ਜਿਸ ਕਰਕੇ ਸਹੀ ਤਰੀਕੇ ਕੱਟ ਦਿੱਤਾ ਜਾਵੇ।

  ਉਹਨਾਂ ਕਿਹਾ ਕਿ ਸਨੱਅਤੀ ਕਸਬਾ ਪੱਖੋ-ਕੈਂਚੀਆਂ ਦੇ ਦੁਕਾਨਦਾਰਾਂ ਤੇ ਵਪਾਰੀਆਂ ਦਾ ਰੋਜ਼ਾਨਾ ਬਰਨਾਲਾ ਜਾਣ ਲਈ ਇਸ ਸੜਕ ਨੂੰ ਸਿਰਫ਼ ਸੱਤ ਕਿਲੋਮੀਟਰ ਵਰਤਣਾ ਹੈ, ਜਦਕਿ ਟੌਲ ਫ਼ੀਸ ਪੂਰੀ ਦੇਣੀ ਪਵੇਗੀ, ਜੋ ਗਲਤ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਿੰਨਾਂ ਸਮਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾਂ ਸਮਾਂ ਟੌਲ ਨਹੀਂ ਚੱਲਣ ਦੇਵਾਂਗੇ ਅਤੇ ਇੱਥੇ ਮੋਰਚਾ ਜਾਰੀ ਰਹੇਗਾ।
  Published by:Gurwinder Singh
  First published: