Home /News /punjab /

ਨੌਦੀਪ ਨਾਲ ਗ੍ਰਿਫਤਾਰ ਕੀਤੇ ਸ਼ਿਵ ਕੁਮਾਰ ਨੂੰ ਤੁਰੰਤ ਰਿਹਾਅ ਕਰੇ ਖੱਟਰ ਸਰਕਾਰ- ਸਰਵਜੀਤ ਕੌਰ ਮਾਣੂੰਕੇ

ਨੌਦੀਪ ਨਾਲ ਗ੍ਰਿਫਤਾਰ ਕੀਤੇ ਸ਼ਿਵ ਕੁਮਾਰ ਨੂੰ ਤੁਰੰਤ ਰਿਹਾਅ ਕਰੇ ਖੱਟਰ ਸਰਕਾਰ- ਸਰਵਜੀਤ ਕੌਰ ਮਾਣੂੰਕੇ

  • Share this:

ਆਮ ਆਦਮੀ ਪਾਰਟੀ ਨੇ ਕਿਰਤੀ ਹੱਕਾਂ ਦੀ ਲੜਾਈ ਲੜਨ ਵਾਲੀ ਨੌਦੀਪ ਕੌਰ ਨੂੰ ਮਾਨਯੋਗ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਹੱਕ, ਸੱਚ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੀ ਅੰਸ਼ਿਕ ਜਿੱਤ ਦੱਸਿਆ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ 'ਆਪ' ਦੇ ਸੀਨੀਅਰ ਆਗੂ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਆਗੂ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੀ ਮੋਦੀ ਸਰਕਾਰ ਆਪਣੇ ਤਾਨਾਸ਼ਾਹੀ ਢੰਗ ਨਾਲ ਲੋਕਾਂ ਤੋਂ ਸੰਵਿਧਾਨ ਰਾਹੀਂ ਮਿਲੇ ਅਧਿਕਾਰ ਖੋਹਣ ਦੀਆਂ ਚਾਲਾਂ ਚੱਲ ਰਹੀ ਹੈ, ਉੱਥੇ ਨਿਆਂ ਪਾਲਿਕਾ ਸੰਵਿਧਾਨ ਨੂੰ ਬਚਾਉਣ ਲਈ ਨਿਰਪੱਖਤਾ ਨਾਲ ਆਪਣੀ ਸਹੀ ਭੂਮਿਕਾ ਨਿਭਾਅ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਫੈਸਲਿਆਂ ਨਾਲ ਅਸਹਿਮਤ ਹੋਣਾ ਜਾਂ ਸਹਿਮਤ ਹੋਣਾ ਲੋਕਾਂ ਦੀ ਇਕ ਆਪਣੀ ਨਿੱਜੀ ਰਾਏ ਹੈ, ਪ੍ਰੰਤੂ ਤਾਨਾਸ਼ਾਹੀ ਮੋਦੀ ਸਰਕਾਰ ਅਸਹਿਮਤੀ ਹੋਣ ਵਾਲੇ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਜੇਲ੍ਹਾਂ ਵਿੱਚ ਬੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਰਤੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਅਤੇ ਉਨ੍ਹਾਂ ਨੂੰ ਅਧਿਕਾਰਾਂ ਸਬੰਧੀ ਜਾਣੂ ਕਰਾਉਣ ਵਾਲੀ ਕਿਰਤੀ ਆਗੂ ਨੌਦੀਪ ਕੌਰ ਦੀ ਆਵਾਜ਼ ਨੂੰ ਦਬਾਉਣ ਲਈ ਜੇਲ੍ਹ ਵਿੱਚ ਡੱਕਿਆ ਗਿਆ, ਪ੍ਰੰਤੂ ਅਦਾਲਤ ਨੇ ਉਸ ਨੂੰ ਜਮਾਨਤ ਦੇ ਕੇ ਉਸਦੇ ਬੋਲਣ ਦੇ ਅਧਿਕਾਰ ਨੂੰ ਜਾਇਜ਼ ਦੱਸਿਆ। ਉਨ੍ਹਾਂ ਕਿਹਾ ਕਿ ਕਿਰਤੀ ਆਗੂ ਨੌਦੀਪ ਕੌਰ ਦੇ ਦੱਸਣ ਮੁਤਾਬਕ ਉਸਦੇ ਸਾਥੀ ਸ਼ਿਵ ਕੁਮਾਰ ਨੂੰ ਵੀ ਪੁਲਿਸ ਨੇ ਉਸ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਉੱਤੇ ਪੁਲਿਸ ਨੇ ਗੈਰ ਮਨੁੱਖੀ ਢੰਗ ਨਾਲ ਤਸ਼ੱਦਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਪਹਿਲਾਂ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚਲਦੀ ਰਹੀ, ਜਦੋਂ ਸਫਲ ਨਾ ਹੋਏ ਤਾਂ ਹੁਣ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲਿਆਂ ਉਤੇ ਝੂਠੇ ਕੇਸ਼ ਦਰਜ ਕਰਕੇ ਚੁੱਪ ਕਰਾਉਣਾ ਚਾਹੁੰਦੀ ਹੈ। ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਜਾਂ ਉਨ੍ਹਾਂ ਦੀ ਮਦਦ ਕਰਨ ਵਾਲੇ ਆਗੂਆਂ ਉੱਤੇ ਝੂਠੇ ਪੁਲਿਸ ਕੇਸ ਦਰਜ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਕੇ ਤੁਰੰਤ ਜੇਲ੍ਹਾਂ ਵਿੱਚੋਂ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਕਈ ਸੋਸ਼ਲ ਵਰਕਰਾਂ ਨੂੰ ਨਿਆਂਪਾਲਕਾ ਵੱਲੋਂ ਜਮਾਨਤ ਉੱਤੇ ਛੱਡ ਦਿੱਤਾ ਗਿਆ ਹੈ।

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਹੀ ਸੂਬੇ ਦੇ ਲੋਕਾਂ ਲਈ ਲਾਪ੍ਰਵਾਹ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੇ ਅਧੀਨ ਆਉਦੀ ਦਿੱਲੀ ਪੁਲਿਸ ਅਤੇ ਹਰਿਆਣਾ ਦੀ ਖੱਟਰ ਦੀ ਪੁਲਿਸ ਪੰਜਾਬੀਆਂ ਉਤੇ ਝੂਠੇ ਮੁਕਦਮੇ ਦਰਜ ਕਰ ਰਹੀ ਹੈ। ਕੈਪਟਨ ਅਮਰਿੰਦਰ ਨੇ ਉਨ੍ਹਾਂ ਦੇ ਹੱਕ ਵਿੱਚ ਆ ਕੇ ਤਾਂ ਕੀ ਖੜ੍ਹਣਾ ਸੀ, ਭਾਜਪਾ ਸਰਕਾਰਾਂ ਦੇ ਵਿਰੁੱਧ ਇਕ ਵੀ ਸ਼ਬਦ ਬੋਲਣ ਦੀ ਹਿੰਮਤ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦਾ ਮੁੱਖੀ ਹੋਣ ਦੇ ਨਾਤੇ ਆਪਣੇ ਸ਼ਾਹੀ ਫਾਰਮ ਹਾਊਸ ਵਿੱਚੋਂ ਬਾਹਰ ਨਿਕਲਕੇ ਲੋਕਾਂ ਨਾਲ ਖੜ੍ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਰਾਬਤਾ ਕਾਇਮ ਕਰਕੇ ਆਪਣੇ ਸੂਬੇ ਦੇ ਲੋਕਾਂ ਦੇ ਆਵਾਜ਼ ਚੁੱਕਦੇ ਹੋਏ ਉਨ੍ਹਾਂ ਉਤੇ ਦਰਜ ਝੂਠੇ ਕੇਸ ਰੱਦ ਕਰਾਉਣ ਅਤੇ ਤੁਰੰਤ ਰਿਹਾਅ ਦੀ ਮੰਗ ਕਰਨ।

Published by:Ashish Sharma
First published:

Tags: AAP Punjab