
ਪਿੰਡ ਸੇਖਪੁਰਾ ਟੋਲ ਪਲਾਜਾ ਤੇ ਪ੍ਰਦਰਸਨ ਕਰਦੇ ਹੋਏ ਕਿਸਾਨ
Munish Garg
ਤਲਵੰਡੀ ਸਾਬੋ- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਵਿਖੇ ਨਵੇਂ ਬਣੇ ਟੋਲ ਪਲਾਜ਼ੇ ਦੇ ਪਹਿਲੇ ਦਿਨ ਚੱਲਣ 'ਤੇ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪਹਿਲੇ ਦਿਨ ਬੰਦ ਕਰਵਾ ਕੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਯੋਧਾ ਸਿੰਘ ਨੰਗਲਾ,ਬਲਾਕ ਪ੍ਰਧਾਨ ਮਹਿਮਾ ਸਿੰਘ ਨੇ ਕਿਹਾ ਤਲਵੰਡੀ ਸਾਬੋ ਟੋਲ ਪਲਾਜ਼ਾ ਨੂੰ ਦੋ ਦਿਨ ਪਹਿਲਾਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵਿਚ ਟੋਲ ਰੇਟਾਂ ਦੇ ਵਾਧੇ ਨੂੰ ਲੈ ਕੇ ਟੋਲ ਪਲਾਜਿਆਂ ਉੱਪਰ ਧਰਨੇ ਲਗਾ ਕੇ ਬੰਦ ਕੀਤੇ ਹੋਏ ਹਨ।
ਆਗੂ ਨੇ ਦੱਸਿਆ ਕਿ ਇਸ ਸੰਬੰਧੀ ਜਦੋਂ ਜਥੇਬੰਦੀ ਦੇ ਆਗੂ ਟੋਲ ਪਲਾਜ਼ੇ ਦੇ ਮੈਨੇਜਰ ਨੂੰ ਮਿਲੇ ਤਾਂ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਕਿਸਾਨਾਂ ਨਾਲ ਫ਼ੈਸਲਾ ਹੋਣ ਤੱਕ ਟੋਲ ਨਹੀਂ ਚਲਾਉਣਗੇ ਦੱਸਣਾ ਬਣਦਾ ਹੈ ਕਿ ਅੱਜ ਸਵੇਰੇ ਅੱਠ ਵਜੇ ਸੜਕ ਉਪਰ ਲੰਘਣ ਵਾਲੇ ਵਾਹਨਾਂ ਤੋਂ ਟੋਲ ਵਾਲਿਆਂ ਨੇ ਟੋਲ ਵਸੂਲਣਾ ਸ਼ੁਰੂ ਕਰ ਦਿੱਤਾ ਜਿਸ ਦੀ ਭਿਣਕ ਪੈਣ 'ਤੇ ਸਿੱਧੂਪੁਰ ਦੇ ਜਰਨਲ ਸਕੱਤਰ ਰਾਜਬੀਰ ਸਿੰਘ ਸ਼ੇਖਪੁਰਾ ਨੇ ਟੋਲ ਮੈਨੇਜਰ ਨੂੰ ਫੋਨ ਲਗਾਇਆ ਤਾਂ ਉਸ ਨੂੰ ਗ਼ਲਤ ਸ਼ਬਦਾਵਲੀ ਵਰਤੀ ਗਈ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਆਪਣੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਵੱਡੀ ਗਿਣਤੀ ਵਿੱਚ ਟੋਲ ਪਲਾਜ਼ੇ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਦੇ ਸਾਰੇ ਟੋਲ ਨਹੀਂ ਖੁੱਲ੍ਹਦੇ ਅਤੇ ਗ਼ਲਤ ਸ਼ਬਦਾਵਲੀ ਬੋਲਣ ਵਾਲਾ ਅਧਿਕਾਰੀ ਕਿਸਾਨਾਂ ਤੋਂ ਲਿਖਤੀ ਰੂਪ ਵਿੱਚ ਮਾਫੀ ਨਹੀਂ ਮੰਗ ਲੈਂਦਾ ਓਨੀ ਦੇਰ ਸਿੱਧੂਪੁਰ ਯੂਨੀਅਨ ਦਿਨ ਰਾਤ ਟੋਲ ਤੇ ਧਰਨਾ ਜਾਰੀ ਰੱਖਣਗੇ।
ਇਸ ਸੰਬੰਧੀ ਜਦੋਂ ਟੋਲ ਮੈਨੇਜਰ ਨਾਲ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਬਲਾਕ ਪ੍ਰਧਾਨ ਮਹਿਮਾ ਸਿੰਘ, ਹਰਭਜਨ ਸਿੰਘ ਇਕਾਈ ਪ੍ਰਧਾਨ ਸ਼ੇਖਪੁਰਾ, ਬਿੱਕਰ ਸਿੰਘ, ਡਾ. ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਜ਼ੋਰਾ ਸਿੰਘ ਆਦਿ ਹਾਜ਼ਰ ਸਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।