ਜਲੰਧਰ ਵਿਖੇ ਇੱਕ ਐਨਆਰਆਈ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਰੀਨਾ ਕੌਰ ਹੰਸ ਨਾਂ ਦੀ ਪੀੜਤ ਔਰਤ ਨੇ ਕਿਹਾ ਕਿ ਜਦੋਂ ਉਸ ਨੂੰ ਆਪਣੇ ਪਤੀ ਤਰਨਜੀਤ ਸਿੰਘ ਧਨੋਆ ਵੱਲੋਂ ਆਪਣੇ ਪਰਿਵਾਰ ਅਤੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਪੰਜਾਬ ਵਿੱਚ ਦੂਜੇ ਵਿਆਹ ਕਰਵਾਉਣ ਦੇ ਬਾਰੇ ਪਤਾ ਲੱਗਿਆ ਤਾਂ ਉਸ ਨੇ ਕੈਨੇਡਾ ਤੋਂ ਪੰਜਾਬ ਆ ਕੇ ਜਲੰਧਰ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ।
ਜਲੰਧਰ ਦੇ ਐੱਸ.ਐੱਸ.ਪੀ. ਦਿਹਾਤੀ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਪੂਰੀ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਆਖਿਰਕਾਰ ਸਾਰੇ ਇਲਜ਼ਾਮ ਸਹੀ ਪਾਏ ਜਾਣ ਤੋਂ ਬਾਅਦ ਹੁਣ ਜਲੰਧਰ ਪੁਲਿਸ ਨੇ ਧੋਖੇਬਾਜ਼ ਐੱਨ.ਆਰ.ਆਈ. ਲੜਕੇ, ਉਸ ਦੇ ਪਰਿਵਾਰ ਅਤੇ ਕੁਝ ਲੋਕਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।
ਪੀੜਤਾ ਪਰੀਨਾ ਕੌਰ ਹੰਸ ਵੱਲੋਂ ਜਲੰਧਰ ਦਿਹਾਤੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ ਸਾਲ 2014 'ਚ ਤਰਨਜੀਤ ਸਿੰਘ ਧਨੋਆ ਦੇ ਨਾਲ ਉਸ ਦੀ ਮੁਲਾਕਾਤ ਫੇਸਬੁੱਕ ਰਾਹੀਂ ਹੋਈ ਸੀ। ਤਰਨਜੀਤ ਸਿੰਘ ਉਸ ਵੇਲੇ ਨਵਾਂ-ਨਵਾਂ ਕੈਨੇਡਾ ਆਇਆ ਸੀ। ਗੱਲਬਾਤ ਮਗਰੋਂ 3 ਜਨਵਰੀ 2017 ਨੂੰ ਉਨ੍ਹਾਂ ਦੀ ਕੈਨੇਡਾ ਵਿਖੇ ਹੀ ਪਰਿਵਾਰ ਦੀ ਮਰਜ਼ੀ ਅਨੁਸਾਰ ਮੰਗਣੀ ਹੋਈ ਅਤੇ ਉਸ ਤੋਂ ਬਾਅਦ 27 ਜਨਵਰੀ ਨੂੰ ਪੰਜਾਬ ਦੇ ਫਗਵਾੜਾ ਵਿਖੇ ਉਨ੍ਹਾਂ ਦਾ ਵਿਆਹ ਹੋਇਆ। ਪਰੀਨਾ ਕੌਰ ਮੁਤਾਬਕ ਮੰਗਣੀ ਅਤੇ ਵਿਆਹ ਦੇ ਸਮੇਂ ਮੇਰੇ ਮਾਤਾ-ਪਿਤਾ ਵੱਲੋਂ ਸਹੁਰਾ ਪਰਿਵਾਰ ਦੀ ਮੰਗ ਅਨੁਸਾਰ ਦਾਜ ਅਤੇ ਸੋਨਾ ਦਿੱਤਾ ਗਿਆ ਤੇ ਵਿਆਹ ਦੇ ਪ੍ਰਬੰਧਾਂ 'ਚ ਵੀ ਕੋਈ ਕਮੀ ਨਹੀਂ ਕੀਤੀ ਗਈ।
ਪੀੜਤਾ ਨੇ ਕਿਹਾ ਕਿ ਮੇਰੇ ਪਤੀ ਤਰਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਦਾ ਵਤੀਰਾ ਮੇਰੇ ਨਾਲ ਬਿਲਕੁਲ ਵੀ ਠੀਕ ਨਹੀਂ ਸੀ ਅਤੇ ਉਨ੍ਹਾਂ ਦਾ ਲਾਲਚ ਲਗਾਤਾਰ ਵਧ ਰਿਹਾ ਸੀ। ਮੇਰਾ ਪਤੀ ਅਤੇ ਸਹੁਰਾ ਪਰਿਵਾਰ ਮੇਰੇ ਕੋਲੋਂ ਪੇਕੇ ਪਰਿਵਾਰ ਦੀ ਜਾਇਦਾਦ 'ਚੋਂ ਹਿੱਸਾ ਦੇਣ ਲਈ ਵੀ ਲਗਾਤਾਰ ਤੰਗ-ਪ੍ਰੇਸ਼ਨ ਕਰ ਰਹੇ ਸਨ। ਇਸ ਦੌਰਾਨ ਜਦੋਂ ਮੇਰੇ ਪਤੀ ਤਰਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਮੇਰੇ ਪੇਟ 'ਚ ਬੱਚੀ ਪਲ਼ ਰਹੀ ਹੈ ਤਾਂ ਉਨ੍ਹਾਂ ਵੱਲੋਂ ਲੜਕੇ ਦੀ ਮੰਗ ਨੂੰ ਲੈ ਕੇ ਮੈਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਸਹੁਰਾ ਪਰਿਵਾਰ ਅਤੇ ਪਤੀ ਵੱਲੋਂ ਲਗਾਤਾਰ ਅਬਾਰਸ਼ਨ ਲਈ ਵੀ ਮੇਰੇ 'ਤੇ ਦਬਾਅ ਪਾਇਆ ਗਿਆ। ਮੈਂ ਇਸ ਦੇ ਲਈ ਇਨਕਾਰ ਕੀਤਾ ਦਿੱਤਾ ਤਾਂ ਮੇਰੀ ਕੁੱਟਮਾਰ ਵੀ ਕੀਤੀ ਗਈ ਅਤੇ ਇਸ ਵਿਚਾਲੇ ਮੇਰੇ ਪਤੀ ਨੇ ਮੈਨੂੰ ਪੇਕੇ ਘਰ ਛੱਡ ਦਿੱਤਾ ਅਤੇ ਉਸ ਤੋਂ ਬਾਅਦ ਮੇਰਾ ਹਾਲ-ਚਾਲ ਪੁੱਛਣਾ ਵੀ ਬੰਦ ਕਰ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Jalandhar news, Marriage, NRI, Police