ਗੁਰਦੀਪ ਸਿੰਘ
ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਭਾਵੇਂ ਜਰੂਰੀ ਸਾਵਧਾਨੀਆਂ ਨੂੰ ਅਮਲ ਵਿਚ ਲਿਆਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਅਤੇ ਸਿਹਤ ਵਿਭਾਗ ਨੂੰ ਵੀ ਹਸਪਤਾਲਾਂ ਅੰਦਰ ਹਰ ਆਉਣ ਵਾਲੇ ਮਰੀਜ ਦੀ ਸਾਵਧਾਨੀ ਵਜੋਂ ਜਾਂਚ ਕਰਨ ਦੀ ਹਿਦਾਇਤਾ ਜਾਰੀ ਹਨ। ਪਰ ਸਰਕਾਰ ਵਲੋਂ ਜਾਰੀ ਇਹਨਾਂ ਹਦਾਇਤਾਂ ਦਾ ਖਾਮਿਆਜਾ ਜਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਬੱਸੀ ਪਠਾਣਾ ਦੇ ਇਕ ਗਰੀਬ ਪਰਿਵਾਰ ਦੀ ਗਰਭਵਤੀ ਮਹਿਲਾ ਨੂੰ ਭੁਗਤਣਾ ਪਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ ਨੇ ਦੱਸਿਆ ਕਿ ਸੁਨੀਲ ਕੁਮਾਰ ਉਸ ਦੇ ਕੋਲ ਕੰਮ ਕਰਦਾ ਹੈ ਤੇ ਉਸਦੀ ਪਤਨੀ ਰੇਖਾ ਗਰਭਵਤੀ ਸੀ ਜਿਸ ਦਾ ਇਲਾਜ ਸਿਵਲ ਹਸਪਤਾਲ ਬੱਸੀ ਪਠਾਣਾ ਵਿਖੇ ਚੱਲ ਰਿਹਾ ਸੀ। ਦਰਦ ਸ਼ੁਰੂ ਹੋਣ 'ਤੇ ਜਦੋਂ ਉਹ ਹਸਪਤਾਲ ਵਿਚ ਗਈ ਤਾਂ ਮੌਕੇ 'ਤੇ ਮੌਜੂਦ ਡਾਕਟਰ ਵੱਲੋਂ ਉਸਦਾ ਕੋਰੋਨਾ ਟੈਸਟ ਕਰਨ ਤੋਂ ਬਾਅਦ ਹੀ ਡਿਲੀਵਰੀ ਕੇਸ ਨੂੰ ਹੱਲ ਕਰਨ ਦੀ ਗੱਲ ਕਹੀ ਗਈ। ਜਿਸ ਕਰ ਕੇ ਰੇਖਾ ਨਿਰਾਸ਼ ਹੋ ਕੇ ਆਪਣੇ ਘਰ ਵਾਪਿਸ ਆ ਗਈ। ਜਣੇਪੇ ਦੀ ਪੀੜਾ ਦੁਬਾਰਾ ਹੋਣ 'ਤੇ ਉਸਨੇ ਆਪਣੇ ਪਤੀ ਸੁਨੀਲ ਨੂੰ ਜਾਣਕਾਰੀ ਦਿੱਤੀ, ਇਸ ਤੋਂ ਬਾਦ ਅਨਿਲ ਆਪਣੀ ਨਿੱਜੀ ਕਾਰ ਵਿਚ ਸੁਨੀਲ ਅਤੇ ਰੇਖਾ ਨੂੰ ਬਿਠਾ ਕੇ ਸਿਵਲ ਹਸਪਤਾਲ ਫ਼ਤਹਿਗੜ ਸਾਹਿਬ ਜਦੋਂ ਲੈ ਕੇ ਜਾ ਰਿਹਾ ਸੀ ਤਾਂ ਸੰਤ ਨਾਮਦੇਵ ਰੋਡ 'ਤੇ ਹੀ ਕਾਰ ਦੇ ਅੰਦਰ ਰੇਖਾ ਨੇ ਇਕ ਬੱਚੀ ਨੂੰ ਜਨਮ ਦੇ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ।
ਦੂਜੇ ਪਾਸੇ ਜਦੋਂ ਇਸ ਸਬੰਧੀ ਸਿਵਲ ਹਸਪਤਾਲ ਬੱਸੀ ਪਠਾਣਾ ਦੀ ਐਸ.ਐਮ.ਓ. ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਕਤ ਮਰੀਜ ਸਵੇਰੇ ਰੂਟੀਨ ਟੈਸਟ ਲਈ ਜਰੂਰ ਆਈ ਸੀ ਤੇ ਉਸ ਕੋਲ ਨਾ ਹੀ ਪਿਛਲੇ ਟੈਸਟ ਸਬੰਧੀ ਕੋਈ ਰਿਪੋਰਟ ਸੀ, ਮਰੀਜ ਵੱਲੋਂ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ 'ਤੇ ਲਗਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delivery, Fatehgarh Sahib