Home /News /punjab /

ਪੰਜਾਬ ਸਰਕਾਰ ਨੇ ਮੱਤੇਵਾੜਾ 'ਚ ਉਦਯੋਗਿਕ ਪਾਰਕ ਬਣਾਉਣ ਦਾ ਲਿਆ ਫ਼ੈਸਲਾ, ਜਾਣੋ ਜੰਗਲ ਬਚਾਉਣਾ ਕਿਉਂ ਜ਼ਰੂਰੀ?

ਪੰਜਾਬ ਸਰਕਾਰ ਨੇ ਮੱਤੇਵਾੜਾ 'ਚ ਉਦਯੋਗਿਕ ਪਾਰਕ ਬਣਾਉਣ ਦਾ ਲਿਆ ਫ਼ੈਸਲਾ, ਜਾਣੋ ਜੰਗਲ ਬਚਾਉਣਾ ਕਿਉਂ ਜ਼ਰੂਰੀ?

ਪੰਜਾਬ ਸਰਕਾਰ ਨੇ ਮੱਤੇਵਾੜਾ 'ਚ ਉਦਯੋਗਿਕ ਪਾਰਕ ਬਣਾਉਣ ਦਾ ਲਿਆ ਫ਼ੈਸਲਾ, ਜਾਣੋ ਜੰਗਲ ਬਚਾਉਣਾ ਕਿਉਂ ਜ਼ਰੂਰੀ? (ਸੰਕੇਤਕ ਫੋਟੋ)

ਪੰਜਾਬ ਸਰਕਾਰ ਨੇ ਮੱਤੇਵਾੜਾ 'ਚ ਉਦਯੋਗਿਕ ਪਾਰਕ ਬਣਾਉਣ ਦਾ ਲਿਆ ਫ਼ੈਸਲਾ, ਜਾਣੋ ਜੰਗਲ ਬਚਾਉਣਾ ਕਿਉਂ ਜ਼ਰੂਰੀ? (ਸੰਕੇਤਕ ਫੋਟੋ)

ਮੱਤੇਵਾੜਾ ਜੰਗਲ (mattewara forest) ਨੇੜੇ ਪੰਜਾਬ ਸਰਕਾਰ ਨੇ ਉਦਯੋਗਿਕ ਪਾਰਕ (industrial park) ਬਣਾਉਣ ਦਾ ਫ਼ੈਸਲਾ ਲਿਆ ਹੈ। ਸੂਬਾ ਸਰਕਾਰ ਦੇ ਇਸ ਫ਼ੈਸਲੇ ਦਾ ਪੰਜਾਬ ਦੇ ਲੋਕ, ਵਾਤਾਵਰਣ ਪ੍ਰੇਮੀ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ। ਇਨ੍ਹਾਂ ਸਭ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫ਼ੈਸਲਾ ਹਰ ਪੱਖ ਤੋਂ ਗ਼ਲਤ ਹੈ।

ਹੋਰ ਪੜ੍ਹੋ ...
  • Share this:
ਮੱਤੇਵਾੜਾ ਜੰਗਲ ਇਤਿਹਾਸਕ ਅਤੇ ਧਾਰਮਿਕ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਹੈ। ਇਸਦੇ ਨੇੜੇ ਪੰਜਾਬ ਦਾ ਸਭ ਤੋਂ ਵੱਡਾ ਸਤਲੁਜ ਦਰਿਆ ਵਹਿੰਦਾ ਹੈ। ਇਹ ਜੰਗਲ ਲੁਧਿਆਣਾ ਦੇ ਨੇੜੇ ਸਥਿਤ ਹੈ ਅਤੇ ਇਹ ਰਾਜ ਦੇ ਲੋਕਾਂ ਲਈ ਬਹੁਤ ਲੋੜੀਂਦਾ ਹੈ।

ਜ਼ਿਕਰਯੋਗ ਹੈ ਕਿ ਜੁਲਾਈ 2020 ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਨੇ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਨੇੜੇ 955.67 ਏਕੜ ਵਿੱਚ ਇੱਕ ਉਦਯੋਗਿਕ ਪਾਰਕ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਵਾਤਾਵਰਣ ਪ੍ਰੇਮੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਸਦੇ ਵਿਰੋਧ ਵਿੱਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਵੀ ਦਿੱਤਾ ਗਿਆ ਸੀ।

ਇਸ ਧਰਨੇ ਤੋਂ ਬਾਅਦ ਪੰਜਾਬ ਸਰਕਾਰ ਨੇ ਫਿਰ ਸਪੱਸ਼ਟ ਕੀਤਾ ਕਿ ਮੱਤੇਵਾੜਾ ਇੰਡਸਟਰੀਅਲ ਪਾਰਕ (Mattewara Industrial Park) ਜੰਗਲ ਦੀ ਜ਼ਮੀਨ 'ਤੇ ਨਹੀਂ ਬਣਾਇਆ ਜਾਵੇਗਾ, ਸਗੋਂ ਸੇਖੋਵਾਲ, ਮੱਤੇਵਾੜ, ਸਲੇਮਪੁਰ, ਗੜ੍ਹੀਆਂ, ਸੈੱਲ ਕਲਾਂ ਅਤੇ ਕਾਲੇਵਾਲ ਪਿੰਡਾਂ ਵਿਚ ਪਸ਼ੂ ਪਾਲਣ ਅਤੇ ਮੁੜ ਵਸੇਬਾ ਵਿਭਾਗ ਦੀ ਜ਼ਮੀਨ ਤੋਂ ਇਲਾਵਾ ਐਕੁਆਇਰ ਕੀਤੀ ਜ਼ਮੀਨ 'ਤੇ ਬਣਾਇਆ ਜਾਵੇਗਾ।

ਮੱਤੇਵਾੜਾ ਜੰਗਲ ਦਾ ਮਹੱਤਵ ਤੇ ਮੌਜੂਦਾ ਸਥਿਤੀ

ਮੱਤੇਵਾੜਾ ਦਾ ਜੰਗਲ (mattewara forest) ਲੁਧਿਆਣੇ ਸ਼ਹਿਰ ਨੂੰ ਭਾਰੀ ਹੜ੍ਹਾਂ ਤੋਂ ਬਚਾਉਂਦਾ ਹੈ। ਇਸਦੇ ਨਾਲ ਹੀ ਇਹ ਜੰਗਲ ਆਸ ਪਾਸ ਦੇ ਉਦਯੋਗਿਕ ਪ੍ਰਦੂਸਣ ਨੂੰ ਸੋਖ ਕੇ ਲੋਕਾਂ ਲਈ ਚੰਗੀ ਆਕਸੀਜਨ ਦਾ ਸ੍ਰੋਤ ਵੀ ਹੈ। ਦ ਸਟੇਟ ਆਫ ਇੰਡੀਆਜ਼ ਫਾਰੈਸਟ 2019 (The State of India's Forest) ਦੇ ਅਨੁਸਾਰ ਪੰਜਾਬ ਦੇ ਜੰਗਲ ਦਾ ਨਕਸ਼ਾ, ਮੱਤੇਵਾੜਾ ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਸਦੇ ਅਨੁਸਾਰ, ਪੰਜਾਬ ਦੇ ਕੁੱਲ ਰਕਬੇ ਦਾ ਸਿਰਫ 3.67 ਪ੍ਰਤੀਸ਼ਤ ਜੰਗਲਾਂ ਅਧੀਨ ਹੈ। ਜੋ ਕਿ 33 ਪ੍ਰਤੀਸ਼ਤ ਹੋਣਾ ਚਾਹੀਦਾ ਹੈ।

ਕੁਦਰਤੀ ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਸੂਬੇ ਵਿੱਚ ਘੱਟੋ-ਘੱਟ 29.33 ਫੀਸਦੀ ਵੱਧ ਜੰਗਲੀ ਖੇਤਰ ਹੋਣਾ ਚਾਹੀਦਾ ਹੈ। ਰਿਪੋਰਟ ਅਨੁਸਾਰ ਪੰਜਾਬ ਦੀ ਸਿਰਫ 0.02 ਫੀਸਦੀ ਜ਼ਮੀਨ 'ਤੇ ਸੰਘਣੇ ਜੰਗਲ ਹਨ ਅਤੇ ਬਾਕੀ 1.59 ਫੀਸਦੀ ਦਰਮਿਆਨੇ ਜੰਗਲ ਅਤੇ 2.06 ਫੀਸਦੀ ਖੁੱਲ੍ਹੇ ਜੰਗਲ ਹਨ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਜੰਗਲੀ ਖੇਤਰ ਰਾਜਸਥਾਨ (4.36 ਪ੍ਰਤੀਸ਼ਤ) ਵਰਗੇ ਮਾਰੂਥਲ ਰਾਜ ਨਾਲੋਂ ਘੱਟ ਹੈ। ਬਦਕਿਸਮਤੀ ਨਾਲ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜੋ 33 ਫੀਸਦੀ ਜੰਗਲਾਤ ਦੀ ਲੋੜ ਨੂੰ ਪੂਰਾ ਕਰਦਾ ਹੋਵੇ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 21.54 ਪ੍ਰਤੀਸ਼ਤ ਜੰਗਲਾਤ ਹਨ, ਜੋ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਵੱਧ ਹੈ, ਪਰ ਇਹ ਰਾਸ਼ਟਰੀ ਔਸਤ ਨਾਲੋਂ ਵੀ ਘੱਟ ਹੈ।

ਪੰਜਾਬ ਦੇ ਬਰਨਾਲਾ, ਫਤਹਿਗੜ੍ਹ ਸਾਹਿਬ, ਜਲੰਧਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਤਰਨਤਾਰਨ, ਫਿਰੋਜ਼ਪੁਰ, ਮਾਨਸਾ, ਮੋਗਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਇੱਕ ਫੀਸਦੀ ਤੋਂ ਵੀ ਘੱਟ ਜੰਗਲੀ ਖੇਤਰ ਹਨ। ਮੱਤੇਵਾੜਾ ਦਾ ਜੰਗਲ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦਾ ਹੈ ਜਿੱਥੇ ਸਿਰਫ਼ 1.65 ਫ਼ੀਸਦੀ ਜੰਗਲੀ ਖੇਤਰ ਹੈ।

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਇੱਕ ਦਹਾਕੇ ਵਿੱਚ 0.53 ਮਿਲੀਅਨ ਦਰੱਖਤ ਕੱਟੇ ਗਏ ਹਨ। ਜਿਨ੍ਹਾਂ ਵਿੱਚੋਂ ਪਿਛਲੇ ਇੱਕ ਦਹਾਕੇ ਵਿੱਚ ਪੰਜਾਬ ਵਿੱਚ ਹਰ ਰੋਜ਼ ਔਸਤਨ 147 ਰੁੱਖ ਕੱਟੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸੜਕਾਂ ਦੇ ਨਿਰਮਾਣ ਦੌਰਾਨ ਵੱਡੀ ਗਿਣਤੀ 'ਚ ਦਰੱਖਤ ਕੱਟੇ ਗਏ ਹਨ।

ਪੰਜਾਬ ਸਰਕਾਰ ਨੇ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ ਸ਼ਹਿਰ ਵਿੱਚ ਵੀ ਸੜਕਾਂ ਚੌੜੀਆਂ ਕਰਨ ਵੇਲੇ ਹਜ਼ਾਰਾਂ ਦਰੱਖਤ ਕੱਟ ਦਿੱਤੇ ਸਨ। ਪਰ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੱਤੇਵਾੜਾ ਦੇ ਜੰਗਲ ਵਿੱਚ ਇੰਨੇ ਹੀ ਦਰੱਖਤ ਲਗਾਏ ਜਾਣਗੇ। ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਹੁਣ ਸਰਕਾਰ ਮੱਤੇਵਾੜਾ ਦੇ ਜੰਗਲ ਨੂੰ ਅਸਿੱਧੇ ਤੌਰ 'ਤੇ ਕੱਟਣ ਦੀ ਯੋਜਨਾ ਬਣਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਉਦਯੋਗਿਕ ਪਾਰਕ ਲਈ ਸੇਖੋਵਾਲ, ਮੱਤੇਵਾੜ, ਸਲੇਮਪੁਰ, ਗੜ੍ਹੀਆਂ, ਸੇਲ ਕਲਾਂ ਅਤੇ ਕਾਲੇਵਾਲ- ਸਤਲੁਜ ਦੇ ਨਾਲ ਲੱਗਦੇ ਖੇਤਰ ਨੂੰ ਐਕੁਆਇਰ ਕੀਤਾ ਜਾਣਾ ਹੈ। ਇਸ ਖੇਤਰ ਦੇ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਉੱਚਾ ਹੈ। ਇਸ ਉਦਯੋਗਿਕ ਪਾਰਕ ਲਈ ਪਿੰਡ ਸੇਖੋਵਾਲ ਦੀ 100 ਏਕੜ ਜ਼ਮੀਨ ਨੂੰ ਛੱਡ ਕੇ ਸਾਰੀ ਜ਼ਮੀਨ ਐਕੁਆਇਰ ਕਰ ਲਈ ਗਈ ਹੈ। ਪਿੰਡ ਦੇ ਲੋਕਾਂ ਕੋਲ ਖੇਤੀ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਹੈ। ਕੋਈ ਨਹੀਂ ਜਾਣਦਾ ਕਿ ਸਰਕਾਰ ਕੋਲ ਇਨ੍ਹਾਂ ਲੋਕਾਂ ਦੇ ਰੁਜ਼ਗਾਰ ਲਈ ਕੋਈ ਯੋਜਨਾ ਹੈ ਜਾਂ ਨਹੀਂ।

ਇਸਦੇ ਨਾਲ ਹੀ ਪੰਜਾਬ ਦੇ ਤਿੰਨ-ਚੌਥਾਈ ਤੋਂ ਵੱਧ ਕਮਿਊਨਿਟੀ ਡਿਵੈਲਪਮੈਂਟ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਖ਼ਤਰਨਾਕ ਪੱਧਰ ਤੱਕ ਡਿੱਗ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (Punjab Agricultural University, Ludhiana) ਦੇ ਵਿਦਵਾਨਾਂ ਵੱਲੋਂ ਕੀਤੇ ਗਏ ਇੱਕ ਖੋਜ ਅਧਿਐਨ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਅਗਲੇ 17 ਸਾਲਾਂ ਵਿੱਚ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਘਟਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਦੇ ਭਿਆਨਕ ਨਤੀਜੇ ਕਥਨ ਅਤੇ ਅਸਹਿ ਹੋਣਗੇ।

ਪੰਜਾਬ ਸਰਕਾਰ ਨੂੰ ਸੂਬੇ ਦੇ ਆਰਥਿਕ ਵਿਕਾਸ ਲਈ ਉਦਯੋਗਿਕ ਪਾਰਕ ਬਣਾਉਣੇ ਚਾਹੀਦੇ ਹਨ ਨਾ ਕਿ ਕੀਮਤੀ ਕੁਦਰਤੀ ਸਰੋਤਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ। ਇਸ ਸਬੰਧ ਵਿਚ ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਪੰਜਾਬ ਦੇ ਉਦਯੋਗਿਕ ਵਿਕਾਸ ਲਈ ਮੁੱਖ ਤਰਜੀਹ ਖੇਤੀ ਪ੍ਰੋਸੈਸਿੰਗ ਉਦਯੋਗਿਕ ਇਕਾਈਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜੋ ਪਿੰਡਾਂ ਦੇ ਲੋਕ ਆਪਣੇ ਘਰਾਂ ਵਿਚ ਜਾਂ ਸ਼ਾਮਲਾਤ ਵਜੋਂ ਜਾਣੀਆਂ ਜਾਂਦੀਆਂ ਸਾਂਝੀਆਂ ਜ਼ਮੀਨਾਂ 'ਤੇ ਸ਼ੁਰੂ ਕਰ ਸਕਦੇ ਹਨ।

ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਿਛਲੀ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਇੰਡਸਟਰੀਅਲ ਪਾਰਕ ਦੀ ਸਥਾਪਨਾ ਲਈ ਦਿੱਤੀ ਪ੍ਰਵਾਨਗੀ ਤੁਰੰਤ ਰੱਦ ਕਰਨੀ ਚਾਹੀਦੀ ਹੈ।

ਮੱਤੇਵਾੜਾ ਜੰਗਲ ਦਾ ਇਤਿਹਾਸ

ਮੱਤੇਵਾੜਾ ਦਾ ਜੰਗਲ (mattewara forest) ਪੰਜਾਬ ਦੇ ਸਿੱਖ ਲੋਕਾਂ ਵਿੱਚ ਵਿਸ਼ੇਸ਼ ਖਿੱਚ ਰੱਖਦਾ ਹੈ ਕਿਉਂਕਿ ਸਿੱਖ ਇਤਿਹਾਸ ਵਿੱਚ ਇਸਦੀ ਖ਼ਾਸ ਵਿਸ਼ੇਸ਼ਤਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਮੱਤੇਵਾੜਾ ਜੰਗਲ ਦੀ ਮਹੱਤਤਾ 'ਤੇ ਜ਼ੋਰ ਦਿੰਦਿਆ ਕਿਹਾ ਸੀ ਕਿ ਸਿਰਫ਼ ਇਹ ਜੰਗਲ ਹੀ ਲੁਧਿਆਣੇ ਨੂੰ ਹੜ੍ਹਾ ਤੋਂ ਬਚਾ ਸਕਦਾ ਹੈ।

ਗੁਰੂ ਗੋਬਿੰਦ ਸਿੰਘ 1704 ਵਿਚ ਚਮਕੌਰ ਸਾਹਿਬ (Chamkaur Sahib) ਦੀ ਲੜਾਈ ਤੋਂ ਬਾਅਦ, ਜ਼ਖ਼ਮੀ ਹਾਲਤ ਵਿਚ ਮੱਤੇਵਾੜਾ ਦੇ ਜੰਗਲ ਵਿਚ ਚਲੇ ਗਏ ਸਨ। ਮੱਤੇਵਾੜਾ ਦੇ ਜੰਗਲ ਵਿੱਚ ਹੀ ਗੁਰੂ ਗੋਬਿੰਦ ਸਿੰਘ ਨੇ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਦੀ ਰਚਨਾ ਕੀਤੀ ਸੀ।
Published by:rupinderkaursab
First published:

Tags: AAP, Punjab, Punjab government

ਅਗਲੀ ਖਬਰ