ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਪਹਿਲਾਂ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਪਹੁੰਚਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਸੀ।
ਵੜਿੰਗ ਨੇ ਇੱਕ ਪੁਰਾਣੀ ਵੀਡੀਓ ਕਲਿੱਪ ਜਾਰੀ ਕੀਤੀ, ਜਦੋਂ ਉਹ, ਪੰਜਾਬ ਦੇ ਟਰਾਂਸਪੋਰਟ ਮੰਤਰੀ ਵਜੋਂ, ਅੰਮ੍ਰਿਤਸਰ ਵਿੱਚ ਕੇਜਰੀਵਾਲ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਦਿੱਲੀ ਤੱਕ ਜਾਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।
ਵੜਿੰਗ ਨੇ ਇਸ ਦੌਰਾਨ ਇਹ ਵੀ ਸੁਝਾਅ ਦਿੱਤਾ ਸੀ ਕਿ ਦਿੱਲੀ ਸਰਕਾਰ ਆਈਜੀਆਈ ਏਅਰਪੋਰਟ ਤੋਂ ਪੰਜਾਬ ਤੱਕ ਬੱਸਾਂ ਚਲਾ ਕੇ ਮੁਸਾਫਰਾਂ ਨੂੰ ਲਾਭ ਪਹੁੰਚਾ ਸਕਦੀ ਹੈ ਅਤੇ ਉਨ੍ਹਾਂ ਨੂੰ ਕੁਝ ਸ਼ਕਤੀਸ਼ਾਲੀ ਨਿੱਜੀ ਬੱਸ ਆਪਰੇਟਰਾਂ ਦੇ ਸ਼ੋਸ਼ਣ ਤੋਂ ਬਚਾ ਸਕਦੀ ਹੈ। ਹਾਲਾਂਕਿ ਉਦੋਂ ਕੇਜਰੀਵਾਲ ਸਹਿਮਤ ਹੋ ਗਏ ਸਨ, ਪਰ ਬਾਅਦ ਵਿੱਚ ਪਿੱਛੇ ਹਟ ਗਏ ਅਤੇ ਕਿਹਾ ਸੀ ਕਿ ਨਿਯਮ ਸਰਕਾਰੀ ਬੱਸਾਂ ਨੂੰ ਬੱਸ ਸਟੈਂਡ ਤੱਕ ਚੱਲਣ ਦੀ ਹੀ ਇਜਾਜ਼ਤ ਦਿੰਦੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਇਹ ਸਰਕਾਰ ਬੱਸਾਂ ਨੂੰ ਹਵਾਈ ਅੱਡੇ ਤੱਕ ਜਾਣ ਦੀ ਇਜਾਜ਼ਤ ਦੇ ਸਕਦੀ ਹੈ, ਤਾਂ ਇਹ 6 ਮਹੀਨੇ ਪਹਿਲਾਂ ਵੀ ਕਰ ਸਕਦੀ ਸੀ, ਜਦੋਂ ਉਨ੍ਹਾਂ ਨੇ ਅਪੀਲ ਕੀਤੀ ਸੀ। ਪਰ ਕੇਜਰੀਵਾਲ ਆਮ ਪੰਜਾਬੀਆਂ ਦੀ ਕੀਮਤ 'ਤੇ ਕ੍ਰੈਡਿਟ ਲੈਣਾ ਚਾਹੁੰਦੇ ਸਨ। ਜਿਸ 'ਤੇ ਉਨ੍ਹਾਂ ਕਿਹਾ ਕਿ ਉਹ ਹੁਣ ਜੋ ਕਰ ਰਹੇ ਹਨ, ਉਹ 6 ਮਹੀਨੇ ਪਹਿਲਾਂ ਹੀ ਕਰ ਸਕਦੇ ਸਨ, ਕਿਉਂਕਿ ਅਸੀਂ ਉਦੋਂ ਵੀ ਸਰਕਾਰੀ ਬੱਸਾਂ ਨੂੰ ਏਅਰਪੋਰਟ ਤੱਕ ਚਲਾਉਣਾ ਚਾਹੁੰਦੇ ਸੀ।
ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਪਿਛਲੇ 6 ਮਹੀਨਿਆਂ ਵਿੱਚ ਕੀ ਬਦਲ ਗਿਆ ਹੈ। ਵੜਿੰਗ ਨੇ ਕੇਜਰੀਵਾਲ ਨੂੰ ਕੁਝ ਹੋਰ ਸਵਾਲ ਵੀ ਪੁੱਛੇ ਹਨ ਕਿ ਉਨ੍ਹਾਂ ਨੇ ਸਾਡੀਆਂ ਬੱਸਾਂ ਨੂੰ ਪਹਿਲਾਂ ਕਿਉਂ ਨਹੀਂ ਚੱਲਣ ਦਿੱਤਾ? ਕੀ ਪੰਜਾਬੀਆਂ ਨੂੰ ਕ੍ਰੈਡਿਟ ਦੀ ਰਾਜਨੀਤੀ ਵਿੱਚ ਸਜ਼ਾ ਦਿੱਤੀ ਗਈ ਸੀ? ਜਦੋਂ ਟਰਾਂਸਪੋਰਟ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਤੁਹਾਨੂੰ ਪੰਜਾਬੀਆਂ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ ਤਾਂ ਤੁਸੀਂ ਨਕਾਰਾਤਮਕ ਸੋਚ ਵਾਲੇ ਕਿਉਂ ਰਹੇ? ਇਹ ਸਵਾਲ ਉਨ੍ਹਾਂ ਨੇ ਕੇਜਰੀਵਾਲ ਤੋਂ ਕੀਤੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।