ਬਠਿੰਡਾ : ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਨੂੰ ਬਠਿੰਡਾ ਤੋਂ ਜਾਂਦੀ ਮੁੱਖ ਸੜਕ ਦੇ ਆਖਰਕਾਰ ਭਾਗ ਖੁੱਲ੍ਹਦੇ ਹੋਏ ਨਜ਼ਰ ਆਏ ਹਨ। ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਸ ਸੜਕ ਦੇ ਨਵੀਨੀਕਰਨ ਕਰਨ ਦੇ ਕੰਮ ਦਾ ਸ਼ੁਭ ਆਰੰਭ ਕਰ ਦਿੱਤਾ ਹੈ। ਇਸ ਮੌਕੇ ਖਜ਼ਾਨਾ ਮੰਤਰੀ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਵਰਕਰਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 27 ਕਿਲੋਮੀਟਰ ਇਸ ਸੜਕ ਦਾ ਕੰਮ 36 ਕਰੋੜ ਨਾਲ 2 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਸੜਕ ਤੇ ਪਏ ਵੱਡੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਸਨ, ਅਤੇ ਨੰਨ੍ਹੀ ਛਾਂ ਚੌਕ ਦੇ ਨਜ਼ਦੀਕ ਇਸ ਸੜਕ ਦੀ ਖ਼ਸਤਾ ਹਾਲਤ ਕਰਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਤਿੱਖੇ ਹਮਲੇ ਵੀ ਕੀਤੇ ਪ੍ਰੰਤੂ ਅੱਜ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ।
ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਕੱਠ ਨੂੰ ਸੰਬੋਧਨ ਪੰਜਾਬ ਵਾਸੀਆਂ ਤੋਂ ਮੁਆਫੀ ਵੀ ਮੰਗੀ ਕਿ ਜੇਕਰ ਪੰਜ ਸਾਲ ਦੇ ਕਾਰਜਕਾਲ ਵਿੱਚ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰ ਸਕੇ ਤਾਂ ਮੁਆਫੀ ਚਾਹੁੰਦੇ ਹਨ, ਕਿਉਂਕਿ ਪੰਜਾਬ ਦੇ ਖ਼ਜ਼ਾਨੇ ਦੀ ਹਾਲਤ ਮਾੜੀ ਹੋਣ ਕਰਕੇ ਤਿੰਨ ਸਾਲ ਕੋਈ ਕੰਮ ਨਹੀਂ ਕਰ ਸਕੇ ਅਤੇ ਹੁਣ ਖਜ਼ਾਨੇ ਦੀ ਆਰਥਿਕਤਾ ਮਜ਼ਬੂਤ ਹੋਣ ਕਰਕੇ ਵਿਕਾਸ ਕੰਮ ਸ਼ੁਰੂ ਕੀਤੇ ਗਏ ਹਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਲੋਕ ਹਿੱਤਾਂ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਲਈ ਯਤਨਸ਼ੀਲ ਰਹੇ ਹਨ। ਅੱਜ ਦੇ ਹੋਏ ਪ੍ਰਭਾਵਸ਼ਾਲੀ ਇਕੱਠ ਵਿੱਚ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੀ ਤਸਵੀਰ ਵੀ ਬਦਲਦੀ ਹੋਈ ਨਜ਼ਰ ਆਈ । ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਮੁੱਖ ਸੇਵਾਦਾਰ ਹਰਵਿੰਦਰ ਸਿੰਘ ਲਾਡੀ ਇਸ ਪ੍ਰੋਗਰਾਮ ਤੋਂ ਦੂਰ ਰਹੇ ਜਦੋਂਕਿ ਇੰਡੇਨ ਗੈਸ ਸਰਵਿਸ ਸੰਗਤ ਮੰਡੀ ਦੇ ਐਮਡੀ ਇੰਜਨੀਅਰ ਰੁਪਿੰਦਰਜੀਤ ਸਿੰਘ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਸਰਗਰਮ ਦਿਖਾਈ ਦਿੱਤੇ, ਜਿਨ੍ਹਾਂ ਨੂੰ ਖ਼ਜ਼ਾਨਾ ਮੰਤਰੀ ਦਾ ਥਾਪੜਾ ਵੀ ਨਜ਼ਰ ਆਇਆ, ਜਿਸ ਦੀ ਚਰਚਾ ਪੰਡਾਲ ਵਿਚ ਵੀ ਦੇਖੀ ਗਈ । ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਦੀ ਲੀਡਰਸ਼ਿਪ ਤੇ ਵਰਕਰ ਹਾਜ਼ਰ ਸਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।