Home /News /punjab /

ਪੰਜਾਬ ਨੂੰ 'ਸਬਕ' ਸਿਖਾਉਣ ਵਾਲੀ ਸੋਚ ਨਾਲ ਕੰਮ ਕਰ ਰਹੀ ਹੈ ਕੇਂਦਰ ਸਰਕਾਰ: ਜਾਖੜ

ਪੰਜਾਬ ਨੂੰ 'ਸਬਕ' ਸਿਖਾਉਣ ਵਾਲੀ ਸੋਚ ਨਾਲ ਕੰਮ ਕਰ ਰਹੀ ਹੈ ਕੇਂਦਰ ਸਰਕਾਰ: ਜਾਖੜ

ਸੁਨੀਲ ਜਾਖੜ ਦੀ ਫਾਈਲ ਫੋਟੋ

ਸੁਨੀਲ ਜਾਖੜ ਦੀ ਫਾਈਲ ਫੋਟੋ

ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਜਾਖੜ ਨੇ ਕਿਹਾ ਕਿ ਇਸ ਦੇ ਮੌਜੂਦਾ ਆਗੂਆਂ ਨੇ ਪਹਿਲਾਂ ਪੰਥ ਦੀ ਪਿਠ ਵਿਚ ਛੁਰਾ ਮਾਰਿਆ ਤੇ ਹੁਣ ਕਿਸਾਨ ਦੀ ਪਿਠ ਵਿਚ।

  • Share this:
ਅੰਮ੍ਰਿਤਸਰ -ਪੰਜਾਬ ਕਾਂਗਰਸ ਦੇ ਪ੍ਰਧਾਨ  ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਅਪਨਾਏ ਜਾ ਰਹੇ ਵਤੀਰਾ ਦਾ ਤਿੱਖਾ ਵਿਰੋਧ ਕਰਦੇ ਕਿਹਾ ਕਿ ਪੰਜਾਬੀ ਲੋਕ, ਜੋ ਕਿ ਦੇਸ਼  ਵਾਸੀਆਂ ਦਾ ਢਿੱਡ ਭਰਦੇ ਆ ਰਹੇ ਹਨ, ਨੂੰ ਸਾਬਾਸ਼ ਦੇਣ ਦੀ ਥਾਂ  ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਵਾਲੀ ਨੀਤੀ ਨਾਲ ਕੰਮ ਕਰ ਰਹੀ ਹੈ। ਅੱਜ ਅਜਨਾਲਾ ਹਲਕੇ ਦੇ ਪਿੰਡ ਚਮਿਆਰੀ ਅਤੇ ਅਟਾਰੀ ਹਲਕੇ ਦੇ ਪਿੰਡ ਗੁਰੂਵਾਲੀ ਵਿਚ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ  ਜਾਖੜ ਨੇ ਕਿਹਾ ਕਿ ਕੇਂਦਰ ਵੱਲੋਂ ਥੋਪੇ ਗਏ ਕਾਨੂੰਨ ਕੇਵਲ ਪੰਜਾਬ ਦੇ ਕਿਸਾਨਾਂ ਲਈ ਹੀ ਨਹੀਂ ਬਲਕਿ ਦੇਸ਼ ਦੀ ਕਿਰਸਾਨੀ ਲਈ ਘਾਤਕ ਹਨ। ਉਨਾਂ ਕਿਹਾ ਕਿ ਇਸ ਨਾਲ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਬੇਜ਼ਮੀਨੇ ਕਰਕੇ ਉਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਘਰਾਣਿਆਂ ਨੂੰ ਦੇਣ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਹਨ, ਜਿੰਨਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਫਤ ਕਰਦੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਹਨ, ਤਾਂ ਵੀ ਕੇਂਦਰ ਸਰਕਾਰ ਪੰਜਾਬ ਉਤੇ ਉਸੇ ਤਰਾਂ ਆਰਥਿਕ ਪਾਬੰਦੀਆਂ ਲਗਾ ਰਹੀ ਹੈ, ਜਿਵੇਂ ਕਿ ਅਮਰੀਕਾ ਆਪਣੇ ਵਿਰੋਧੀ ਦੇਸ਼ਾਂ ਕਿਊਬਾ, ਇਰਾਨ ਵਗੈਰਾ ਉਤੇ ਲਗਾਉਂਦਾ ਹੈ। ਉਨਾਂ ਕਿਹਾ ਕਿ ਪਹਿਲਾਂ ਜੀ. ਐਸ ਟੀ ਦਾ 9500 ਕਰੋੜ ਰੁਪਏ ਬਕਾਇਆ ਅਤੇ ਹੁਣ ਦਿਹਾਤੀ ਵਿਕਾਸ ਫੰਡ ਦਾ 1100 ਕਰੋੜ ਰੁਪਏ ਫੰਡ ਰੋਕ ਕੇ ਪੰਜਾਬ ਦੇ 'ਗੋਡੇ' ਲਵਾਉਣ ਵਾਲੀ ਚਾਲ ਚੱਲੀ ਜਾ ਰਹੀ ਹੈ, ਪਰ ਸਾਡੀ ਸਰਕਾਰ ਕਿਸਾਨ ਦੇ ਨਾਲ ਖੜੀ ਹੈ, ਚਾਹੇ ਇਸ ਲਈ ਕਿੰਨੀ ਵੀ ਵੱਡੀ ਕੀਮਤ ਕਿਉਂ ਨਾ ਚੁਕਾਉਣੀ ਪਵੇ।

ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਦੁਸ਼ਮਣ ਤਾਕਤਾਂ ਨਾਲ ਲੋਹਾ ਲੈਂਦੇ ਆ ਰਹੇ ਪੰਜਾਬ ਦੇ ਜਵਾਨ ਨੂੰ ਚੀਨੀ ਸਰਹੱਦ ਉਤੇ ਦੁਸ਼ਮਣਾਂ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ ਅਤੇ ਇਥੇ ਉਸਦੇ ਮਾਪੇ ਦਿੱਲੀ ਦੀਆਂ ਘਾਤਕ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਕਿਹਾ ਕਿ ਜਿੱਥੇ ਦੁਸ਼ਮਣ ਦੇਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਥਾਂ ਮੋਦੀ ਸਰਕਾਰ ਗੱਲਬਾਤ ਨਾਲ ਮਸਲੇ ਦਾ ਹੱਲ ਕਰਨ ਲਈ ਹਾੜੇ ਕੱਢ ਰਿਹਾ ਹੈ, ਉਥੇ ਆਪਣੇ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਅਤੇ ਉਨਾਂ ਦੀ  ਬਾਂਹ ਮਰੋੜੀ ਜਾ ਰਹੀ ਹੈ। ਉਨਾਂ ਕਿਹਾ ਕਿ ਜਿਹੜੀ ਮੋਦੀ ਸਰਕਾਰ ਥੋੜੇ ਦਿਨ ਪਹਿਲਾਂ ਆਰ. ਡੀ. ਐਫ ਅਤੇ ਹੋਰ ਫੰਡਾਂ ਵਿਚ ਨਵੇਂ ਕਾਨੂੰਨਾਂ ਨੂੰ ਕੋਈ ਰੁਕਾਵਟ ਨਹੀਂ ਸੀ ਦੱਸ ਰਹੀ ਉਸਦੇ ਇਹ ਵਾਅਦੇ ਫੰਡ ਰੋਕਣ ਨਾਲ ਜੁਮਲਾ ਬਣ ਗਏ ਹਨ, ਪਰ ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰਾਂ ਭਰੋਸੇ ਉਤੇ ਚੱਲਦੀਆਂ ਹਨ ਜੁਮਲਿਆਂ ਨਾਲ ਨਹੀਂ।

ਮੀਡੀਆ ਨਾਲ ਗੱਲਬਾਤ ਕਰਦੇ  ਜਾਖੜ ਨੇ ਖਦਸ਼ਾਂ ਪ੍ਰਗਟ ਕੀਤਾ ਕਿ ਕੇਂਦਰ ਦੀ ਸੋਚ ਦੱਸਦੀ ਹੈ ਕਿ ਇਹ ਸੰਘਰਸ਼ ਲੰਮਾ ਚੱਲੇਗਾ ਅਥੇ ਪੰਜਾਬੀਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਡੇ ਲਈ ਕੁਰਸੀ ਪਹਿਲਾਂ ਨਹੀਂ, ਸੂਬੇ ਦੇ ਲੋਕ ਤਰਜੀਹ ਹਨ ਅਤੇ ਅਸੀਂ ਆਪਣੇ ਲੋਕਾਂ ਲਈ ਹਰ ਕੀਮਤ ਤਾਰਨ ਨੂੰ ਤਿਆਰ ਹਾਂ। ਉਨਾਂ ਕਿਹਾ ਕਿ ਇਹ ਮੁੱਦਾ ਸਾਰੇ ਦੇਸ਼ ਦਾ ਹੈ, ਪਰ ਮੋਦੀ ਸਰਕਾਰ ਇਸ ਨੂੰ ਕੇਵਲ ਪੰਜਾਬ ਉਤੇ ਕੇਂਦਰਤ ਕਰਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਭਾਜਪਾ ਨੇਤਾ ਕਦੇ ਕਿਸਾਨਾਂ ਨੂੰ ਬਾਗੀ, ਕਦੇ ਵਿਚੋਲੀਏ ਅਤੇ ਕਦੇ 'ਅਰਬਨ ਨੈਕਸਸ' ਦੱਸਦੇ ਹਨ, ਜੋ ਕਿ ਦੇਸ਼ ਦੇ ਅੰਨਦਾਤੇ ਲਈ ਸ਼ੋਭਾ ਨਹੀਂ ਦਿੰਦੇ। ਉਨਾਂ ਕਿਹਾ ਕਿ ਅਜਿਹੇ ਸਬਦਾਂ ਲਈ ਭਾਜਪਾ ਆਗੂਆਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਮਸਲੇ ਦਾ ਸੌਖਾ ਅਤੇ ਵਧੀਆ ਹੱਲ ਇਹ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨਾਂ ਨੂੰ ਫਸਲਾਂ ਦੀ ਘੱਟੋ-ਘੱਟ ਸਰਕਾਰੀ ਕੀਮਤ ਜਾਰੀ ਰਹਿਣ ਦਾ ਲਿਖਤੀ ਭਰੋਸਾ ਦੇਣ, ਨਾ ਕਿ ਜੁਮਲਿਆਂ ਨਾਲ।

ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ  ਜਾਖੜ ਨੇ ਕਿਹਾ ਕਿ ਇਸ ਦੇ ਮੌਜੂਦਾ ਆਗੂਆਂ ਨੇ ਪਹਿਲਾਂ ਪੰਥ ਦੀ ਪਿਠ ਵਿਚ ਛੁਰਾ ਮਾਰਿਆ ਤੇ ਹੁਣ ਕਿਸਾਨ ਦੀ ਪਿਠ ਵਿਚ। ਉਨਾਂ ਕਿਹਾ ਕਿ ਸੰਨ 2017 ਵਿਚ ਵੋਟਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਇਸ ਦੇ ਮੰਤਰੀਆਂ ਵੱਲੋਂ ਕੇਂਦਰ ਕੋਲ ਜਾ ਕੇ ਜੋ 31 ਹਜ਼ਾਰ ਕਰੋੜ ਰੁਪਏ ਦਾ ਅਨਾਜ ਘੁਟਾਲਾ ਸਵਿਕਾਰ ਕਰਕੇ ਇਸਦੇ ਪੈਸੇ ਕਿਸ਼ਤਾਂ ਵਿਚ ਵਾਪਸ ਕਰਨ ਲਈ ਦਸਤਖਤ ਕੀਤੇ ਗਏ ਸਨ, ਉਸਨੇ ਨਵੇਂ ਕਾਨੂੰਨਾਂ ਦਾ ਖਰੜਾ ਤਿਆਰ ਕਰਨ ਵਾਲੀ ਸਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸਾਂ ਦੀ ਪ੍ਰੋੜਤਾ ਕੀਤੀ ਅਤੇ ਇਹ ਕਿਸਾਨਾਂ ਦੀ ਕਬਰ ਵਿਚ ਪਹਿਲਾ ਕਿੱਲ ਸਾਬਤ ਹੋਇਆ। ਉਨਾਂ ਕਿਹਾ ਕਿ ਅਕਾਲੀ ਦਲ ਦੀ ਕੈਬਨਿਟ ਮੰਤਰੀ ਜੋ ਕਿਸਾਨ ਮੁੱਦੇ ਉਤੇ ਅਸਤੀਫਾ ਦੇਣ ਦੀ ਗੱਲ ਕਰਦੇ ਹਨ, ਉਹ ਵੀ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਹੈ, ਹਕੀਕਤ ਇਹ ਹੈ ਕਿ ਮੋਦੀ ਨੇ ਇਨਾਂ ਕੋਲੋਂ ਅਸਤੀਫਾ ਧੱਕੇ ਨਾਲ ਲਿਆ ਹੈ ਅਤੇ ਇਨਾਂ ਨੂੰ ਮਜ਼ਬੂਰੀ ਵਸ ਕਿਸਾਨਾਂ ਨਾਲ ਖੜਨਾ ਪਿਆ ਹੈ।
Published by:Ashish Sharma
First published:

Tags: Agriculture ordinance, Punjab Congress, Punjab politics, Sunil Jakhar

ਅਗਲੀ ਖਬਰ