ਪਲਾਜ਼ਮਾ ਦਾਨ ਕਰਨ ਵਿੱਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਪਲਾਜ਼ਮਾ ਦਾਨੀਆਂ ਲਈ ਕੋਵਾ ਪੰਜਾਬ ਐਪ 'ਤੇ ਵਾਲੰਟੀਅਰ ਵਜੋਂ ਰਜਿਸਟ੍ਰੇਸ਼ਨ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐੱਸ. ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਅੱਗੇ ਦੱਸਿਆ ਕਿ ਕੋਵਿਡ-19 ਦੇ ਉਹਨਾਂ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਡਾਕਟਰਾਂ ਨੇ ਇਹ ਥੈਰੇਪੀ ਲੈਣ ਲਈ ਸਲਾਹ ਦਿੱਤੀ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ, ਪਲਾਜ਼ਮਾ ਦੀ ਲੋੜੀਂਦੀ ਸਪਲਾਈ ਹੋਣਾ ਲਾਜ਼ਮੀ ਹੈ। ਇਸ ਲਈ, ਪਲਾਜ਼ਮਾ ਦਾਨ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਲਈ, ਸੂਬਾ ਸਰਕਾਰ ਨੇ ਕੋਵਿਡ ਨੂੰ ਮਾਤ ਦੇਣ ਵਾਲੇ ਵਿਅਕਤੀਆਂ ਲਈ ਆਨ-ਐਪ ਰਜਿਸਟ੍ਰੇਸ਼ਨ ਦੀ ਸਹੂਲਤ ਦਿੱਤੀ ਹੈ ਜੋ ਕੋਵਿਡ -19 ਦੇ ਗੰਭੀਰ ਮਰੀਜ਼ਾਂ ਦੀ ਤੰਦਰੁਸਤੀ ਵਿੱਚ ਸਹਾਇਤਾ ਕਰਨ ਲਈ ਪਲਾਜ਼ਮਾ ਦਾਨ ਕਰਨਾ ਚਾਹੁੰਦੇ ਹਨ।
ਇਸ ਤੋਂ ਇਲਾਵਾ, ਜ਼ਿਲ੍ਹਾ ਪ੍ਰਸ਼ਾਸਨ ਨੇ ਮੋਬਾਈਲ ਮੈਡੀਕਲ ਟੀਮਾਂ ਦਾ ਪ੍ਰਬੰਧ ਕੀਤਾ ਹੈ ਜੋ ਖੂਨ ਦੇ ਨਮੂਨੇ ਲੈਣ ਲਈ ਦਾਨੀ ਦੇ ਘਰ ਭੇਜੇ ਜਾਣਗੇ। ਇਸ ਤੋਂ ਬਾਅਦ ਐਂਟੀਬਾਡੀਜ਼ ਦੀ ਲੋੜੀਂਦੀ ਮਾਤਰਾ ਦੀ ਮੌਜੂਦਗੀ ਲਈ ਨਮੂਨੇ ਦੀ ਜਾਂਚ ਕੀਤੀ ਜਾਏਗੀ। ਸਹੀ ਨਮੂਨਿਆਂ ਵਾਲੇ ਦਾਨੀਆਂ ਨਾਲ ਬਾਅਦ ਵਿੱਚ ਪਲਾਜ਼ਮਾ ਦਾਨ ਲਈ ਸੰਪਰਕ ਕੀਤਾ ਜਾਵੇਗਾ। ਇਕੱਠੇ ਕੀਤੇ ਪਲਾਜ਼ਮਾ ਨੂੰ ਪਲਾਜ਼ਮਾ ਥੈਰੇਪੀ ਕਰਵਾਉਣ ਦੇ ਅਧਿਕਾਰਤ ਹਸਪਤਾਲਾਂ ਦੇ ਪਲਾਜ਼ਮਾ ਬੈਂਕਾਂ ਵਿੱਚ ਸੁਰੱਖਿਅਤ ਰੱਖਿਆ ਜਾਏਗਾ ਅਤੇ ਲੋੜ ਪੈਣ 'ਤੇ ਕੋਵਿਡ -19 ਦੇ ਗੰਭੀਰ ਮਰੀਜ਼ਾਂ ਨੂੰ ਪਲਾਜ਼ਮਾ ਉਪਲਬਧ ਕਰਵਾਇਆ ਜਾਵੇਗਾ।
ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਵਲੰਟੀਅਰ ਬਣਨ ਦੀ ਅਪੀਲ ਕਰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਪਲਾਜ਼ਮਾ ਦਾਨ ਇੱਕ ਸਾਧਾਰਣ, ਦਰਦ ਰਹਿਤ ਵਿਧੀ ਹੈ ਜਿਸਦਾ ਦਾਨੀ ਉੱਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਦਰਅਸਲ, ਜ਼ਿਲ੍ਹੇ ਦੇ ਬਹੁਤ ਸਾਰੇ ਅਧਿਕਾਰੀ ਜਿਨ੍ਹਾਂ ਨੇ ਕੋਰੋਨਾ ਨੂੰ ਸਫਲਤਾਪੂਰਵਕ ਮਾਤ ਦਿੱਤੀ ਹੈ, ਪਲਾਜ਼ਮਾ ਦਾਨ ਲਈ ਅੱਗੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀਸੀਐਸ ਅਧਿਕਾਰੀ ਐਸੋਸੀਏਸ਼ਨ ਨੇ ਪਲਾਜ਼ਮਾ ਦਾਨ ਲਈ ਸਹਿਮਤੀ ਵੀ ਦੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਤਿੰਨ ਹਸਪਤਾਲਾਂ ਫੋਰਟਿਸ, ਮੈਕਸ ਅਤੇ ਗਰੇਸ਼ੀਅਨ ਹਸਪਤਾਲ ਵਿਚ ਪਲਾਜ਼ਮਾ ਥੈਰੇਪੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਚੌਥੇ ਹਸਪਤਾਲ, ਆਈਵੀਵਾਈ ਹਸਪਤਾਲ ਨੂੰ ਵੀ ਇਸ ਦੀ ਮਨਜੂਰੀ ਦੇ ਦਿੱਤੀ ਗਈ ਹੈ ਜਿਸ ਨਾਲ ਪਲਾਜ਼ਮਾ ਟਰਾਂਸਫਿਊਜ਼ਨ ਦੀ ਗਤੀ ਵਿਚ ਤੇਜ਼ੀ ਆਏਗੀ।
ਜ਼ਿਲ੍ਹੇ ਵਿਚ ਦਾਨੀ ਅਤੇ ਪਲਾਜ਼ਮਾ ਥੈਰੇਪੀ ਲਈ ਸਾਰੇ ਉਪਕਰਨ ਉਪਲੱਬਧ ਹਨ ਪਰ ਉਨ੍ਹਾਂ ਲੋਕਾਂ ਦੁਆਰਾ ਦਿੱਤਾ ਪਲਾਜ਼ਮਾ ਹੀ ਸਹੀ ਮੰਨਿਆ ਜਾਂਦਾ ਹੈ ਜੋ ਇਸ ਬਿਮਾਰੀ ਤੋਂ ਘੱਟੋ ਘੱਟ 2 ਤੋਂ 3 ਹਫ਼ਤੇ ਪਹਿਲਾਂ ਸਿਹਤਯਾਬ ਹੋ ਚੁੱਕੇ ਹਨ। ਇਸ ਲਈ, ਸਮੇਂ ਦੀ ਲੋੜ ਹੈ ਕਿ ਕੋਵਿਡ ਨੂੰ ਮਾਤ ਦੇਣ ਵਾਲੇ ਮਰੀਜ ਲੋੜਵੰਦ ਨਾਗਰਿਕਾਂ ਲਈ ਪਲਾਜ਼ਮਾ ਦਾਨ ਕਰਨ ਵਾਸਤੇ ਅੱਗੇ ਆਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਬਹੁਪੱਖੀ ਰਣਨੀਤੀ ਅਪਣਾਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਇਸ ਮੁਸ਼ਕਲ ਸਮੇਂ ਦੌਰਾਨ ਲੋਕਾਂ ਦੀ ਸਹਾਇਤਾ ਲਈ ਵਚਨਬੱਧ ਹੈ ਤਾਂ ਜੋ ਕੋਰੋਨਾ ਵਾਇਰਸ ਖ਼ਿਲਾਫ਼ ਵਿੱਢੀ ਜੰਗ ਜਿੱਤੀ ਜਾ ਸਕੇ।
ਉਹਨਾਂ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ, ਸਮਾਜਕ ਦੂਰੀ ਬਣਾਏ ਰੱਖਣ, ਬਜ਼ੁਰਗਾਂ ਅਤੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕਰਨ, ਬਿਮਾਰੀ ਨੂੰ ਠੱਲ੍ਹ ਪਾਉਣ ਸਬੰਧੀ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।