ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab- Haryana Hight Court) ਵਿੱਚ ਜੱਜਾਂ ਦੀ ਵੱਡੀ ਘਾਟ ਹੈ। ਇੱਥੇ ਪਹਿਲਾਂ ਹੀ 19 ਜੱਜਾਂ ਦੀ ਕਮੀ ਹੈ। ਇਸ ਦੇ ਨਾਲ ਹੀ ਇਸ ਸਾਲ 11 ਹੋਰ ਜੱਜ ਸੇਵਾਮੁਕਤ ਹੋਣ ਜਾ ਰਹੇ ਹਨ। ਇਸ ਸਮੇਂ ਹਾਈ ਕੋਰਟ ਵਿੱਚ ਕਰੀਬ 4,47,886 ਕੇਸ ਪੈਂਡਿੰਗ ਹਨ, ਜੋ ਜੱਜਾਂ ਦੀ ਘਾਟ ਨਾਲ ਜੂਝ ਰਹੇ ਹਨ। ਪੈਂਡਿੰਗ ਕੇਸਾਂ ਵਿੱਚੋਂ ਘੱਟੋ-ਘੱਟ 16,633 ਜਾਂ 3.71 ਫੀਸਦੀ 20 ਤੋਂ 30 ਸਾਲ ਪੁਰਾਣੇ ਹਨ। ਤੱਥ (Fact) ਇਹ ਹੈ ਕਿ ਪਿਛਲੇ ਸਾਲ 21 ਜੱਜਾਂ ਦੀ ਨਿਯੁਕਤੀ ਦੇ ਬਾਵਜੂਦ ਪੈਂਡਿੰਗ ਕੇਸਾਂ ਦੀ ਗਿਣਤੀ ਨਹੀਂ ਘਟੀ ਹੈ ਅਤੇ ਕੋਵਿਡ ਦੇ ਪ੍ਰਕੋਪ ਤੋਂ ਬਾਅਦ ਹਾਈ ਕੋਰਟ ਵਿੱਚ ਕੰਮ ਦਾ ਦਬਾਅ ਵਧਦਾ ਜਾ ਰਿਹਾ ਹੈ।
10 ਤੋਂ 20 ਸਾਲ ਪੁਰਾਣੇ ਕੇਸ ਪੈਂਡਿੰਗ ਪਏ ਹਨ
ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਨੈਸ਼ਨਲ ਜੁਡੀਸ਼ੀਅਲ ਡੇਟਾ ਗਰਿੱਡ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੈਂਡਿੰਗ ਕੇਸਾਂ ਵਿੱਚੋਂ 59,137 ਜਾਂ 13.2 ਫੀਸਦੀ ਕੇਸ ਇੱਕ ਤੋਂ ਤਿੰਨ ਸਾਲ ਪੁਰਾਣੀ ਸ਼੍ਰੇਣੀ ਵਿੱਚ ਆਉਂਦੇ ਹਨ। ਹੋਰ 90,506 ਜਾਂ 20.21 ਫੀਸਦੀ ਪਿਛਲੇ ਤਿੰਨ ਤੋਂ ਪੰਜ ਸਾਲਾਂ ਤੋਂ ਫੈਸਲੇ ਦੀ ਉਡੀਕ ਕਰ ਰਹੇ ਹਨ। ਜਦੋਂ ਕਿ 1,18,579 ਜਾਂ 26.48 ਫੀਸਦੀ ਕੇਸ ਪੰਜ ਤੋਂ 10 ਸਾਲਾਂ ਲਈ ਪੈਂਡਿੰਗ ਹਨ, ਜਦਕਿ 94,430 ਜਾਂ 21.08 ਫੀਸਦੀ ਕੇਸ 10 ਤੋਂ 20 ਸਾਲ ਪੁਰਾਣੇ ਹਨ।
ਸੀਨੀਅਰ ਸਿਟੀਜ਼ਨਜ਼ ਵੱਲੋਂ ਦਾਇਰ ਘੱਟੋ-ਘੱਟ 27,604 ਕੇਸ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ, ਜਿਨ੍ਹਾਂ ਵਿੱਚ 19,935 ਸਿਵਲ ਅਤੇ 7,669 ਫੌਜਦਾਰੀ ਕੇਸ ਸ਼ਾਮਲ ਹਨ। ਔਰਤਾਂ ਵੱਲੋਂ ਦਾਇਰ ਹੋਰ 21,969 ਕੇਸ, ਜਿਨ੍ਹਾਂ ਵਿੱਚ 14,838 ਸਿਵਲ ਕੇਸ ਸ਼ਾਮਲ ਹਨ, ਦਾ ਫੈਸਲਾ ਹੋਣਾ ਬਾਕੀ ਹੈ। ਇੱਕ ਪਾਸੇ ਜਿੱਥੇ ਇੰਨੇ ਕੇਸ ਪੈਂਡਿੰਗ ਪਏ ਹਨ, ਉੱਥੇ ਹੀ ਦੂਜੇ ਪਾਸੇ ਅਦਾਲਤ ਵਿੱਚ ਜੱਜਾਂ ਦੀ ਵੀ ਵੱਡੀ ਘਾਟ ਹੈ। ਇਸ ਤੋਂ ਬਾਅਦ ਇਸ ਸਾਲ ਜੱਜਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਹੋਰ ਜੱਜਾਂ 'ਤੇ ਬੋਝ ਹੋਰ ਵਧ ਜਾਵੇਗਾ।
ਇਸ ਸਾਲ ਸੇਵਾਮੁਕਤ ਹੋਣ ਜਾ ਰਹੇ ਹਨ ਜੱਜਾਂ ਦੀ ਸੂਚੀ
ਇਸ ਸਾਲ ਸੇਵਾਮੁਕਤ ਹੋਣ ਵਾਲੇ ਜੱਜਾਂ ਵਿੱਚ ਜਸਟਿਸ ਤਜਿੰਦਰ ਸਿੰਘ ਢੀਂਡਸਾ, ਜਸਟਿਸ ਹਰਵਿੰਦਰ ਸਿੰਘ ਸਿੱਧੂ, ਜਸਟਿਸ ਬੀਐਸ ਵਾਲੀਆ, ਜਸਟਿਸ ਜੈਸ਼੍ਰੀ ਠਾਕੁਰ, ਜਸਟਿਸ ਹਰਮਿੰਦਰ ਸਿੰਘ ਮਦਾਨ, ਜਸਟਿਸ ਸੁਧੀਰ ਮਿੱਤਲ, ਜਸਟਿਸ ਹਰਨਰੇਸ਼ ਸਿੰਘ ਗਿੱਲ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਸ਼ਾਮਲ ਹਨ। ਜਸਟਿਸ ਜਸਵੰਤ ਸਿੰਘ ਅਤੇ ਤਬਾਦਲਾ ਕੀਤੇ ਗਏ ਜਸਟਿਸ ਸਬੀਨਾ ਵੀ ਇਸੇ ਸਾਲ ਸੇਵਾਮੁਕਤ ਹੋ ਰਹੇ ਹਨ। ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਰਾਜੇਸ਼ ਬਿੰਦਲ, ਜਿਨ੍ਹਾਂ ਦੀਆਂ ਮੂਲ ਹਾਈ ਕੋਰਟਾਂ ਪੰਜਾਬ ਅਤੇ ਹਰਿਆਣਾ ਹਨ, ਦਾ ਕਾਰਜਕਾਲ ਵੀ ਅਪਰੈਲ ਵਿੱਚ ਖ਼ਤਮ ਹੋ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Case, Judge, Punjab And Haryana High Court, Retirement