ਗੁਰਦੀਪ ਸਿੰਘ
ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਰਹਿੰਦ ਪੁਲਿਸ ਨੂੰ ਖੁਦ ਨੂੰ ਭਾਰਤੀ ਫੌਜ ਲੈਫ. ਕਰਨਲ ਦੱਸਦਾ ਸੀ, ਮੁਖਬਰੀ ਦੇ ਆਧਾਰ 'ਤੇ ਕਥਿਤ ਦੋਸ਼ੀ ਸ਼ੋਬਰਾਜ ਸਿੰਘ ਉਰਫ ਸ਼ਿਵਾ ਵਾਸੀ ਪਿੰਡ ਮੰਝ ਫਗੂਵਾਲਾ ਥਾਣਾ ਸਲੇਮਟਾਵਰੀ ਜ਼ਿਲ੍ਹਾ ਲੁਧਿਆਣਾ ਨੂੰ ਇੱਕ 32 ਬੋਰ ਦੀ ਨਜਾਇਜ ਪਿਸਟਲ ਸਮੇਤ 03 ਰੌਂਦ, ਇੱਕ ਏਅਰ ਪਿਸਟਲ, 05 ਜਾਅਲੀ ਗੋਲ ਮੋਹਰਾਂ, ਇੱਕ ਵਾਕੀ ਟਾਕੀ ਸੈਟ, ਆਰਮੀ ਦੇ ਲੈਫਟੀਨੈਂਟ ਕਰਨਲ ਦੀ ਕਾਲੇ ਰੰਗ ਦੀ ਵਰਦੀ ਅਤੇ 02 ਹੋਰ ਆਰਮੀ ਦੀਆਂ ਕਾਲੇ ਰੰਗ ਦੀਆਂ ਵਰਦੀਆਂ ਬਰਾਮਦ ਹੋਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਕਥਿਤ ਦੋਸ਼ੀ ਸ਼ੋਬਰਾਜ ਪਾਸੋਂ ਪੁਲਿਸ ਨੇ ਇੱਕ ਕਾਰ ਦੀ ਨੰਬਰ ਪਲੇਟ 'ਤੇ ਲੱਗਿਆ ਇੰਡੀਅਨ ਆਰਮੀ ਦਾ ਲੋਗੋ, ਇੱਕ ਲੈਪਟਾਪ ਅਤੇ ਆਰਮੀ ਦੇ ਜਾਅਲੀ ਦਸਤਾਵੇਜ, ਲੈਫਟੀਨੈਂਟ ਕਰਨਲ ਰੈਂਕ ਦਾ ਸ਼ਨਾਖਤੀ ਕਾਰਡ ਤੇ ਜਾਅਲੀ ਸਰਟੀਫਿਕੇਟ ਮੌਕੇ ਤੋਂ ਬਰਾਮਦ ਕੀਤੇ ਹਨ।
ਐਸਐਸਪੀ ਫ਼ਤਹਿਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਦੱਸਿਆ ਕਿ ਦੋਸ਼ੀ ਤੋਂ 10 ਹੋਰ ਮੋਹਰਾਂ, ਇੱਕ ਸਟਂਪ ਪੈਡ, ਇੱਕ ਆਰਮੀ ਕੋਟ ਪੈਂਟ, ਇੱਕ ਨੀਲੀ ਡੋਰੀ, ਪੰਜ ਖਾਕੀ ਡੋਰੀਆਂ, ਇੱਕ ਜੀ.ਓ. ਬੈਲਟ ਰੰਗ ਲਾਲ (ਪੰਜਾਬ ਪੁਲਿਸ), ਇੱਕ ਜੋੜਾ ਪੀ.ਪੀ.ਐਸ. ਬੈਚ, ਇੱਕ ਜੋੜਾ ਸਟਾਰ, ਇੱਕ ਕਾਲੇ ਰੰਗ ਦੀ ਡਾਂਗਰੀ, ਇੱਕ ਪਰੇਡ ਵਾਲੀ ਤਲਵਾਰ, ਇੱਕ ਖਾਕੀ ਰੰਗ ਦੀ ਜੀ.ਓ. ਕੈਪ (ਪੀ.ਪੀ.ਐਸ.), ਦੋ ਵਰਦੀ ਵਾਲੀਆਂ ਫੋਟੋਆਂ ਤੇ ਇੱਕ ਸਿਵਲ ਕਪੜਿਆਂ ਵਾਲੀ ਫੋਟੋ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ। 20 ਅਗਸਤ ਨੂੰ ਸੀ.ਆਈ.ਏ. ਸਟਾਫ ਦੇ ਏ.ਐਸ.ਆਈ. ਗੁਰਬਚਨ ਸਿੰਘ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਸ਼ੋਬਰਾਜ ਸਿੰਘ ਉਰਫ ਸ਼ਿਵਾ ਜੋ ਕਿ ਆਰਮੀ ਵਿੱਚ ਬਤੌਰ ਸਿਪਾਹੀ ਨੌਕਰੀ ਕਰਦਾ ਰਿਹਾ ਹੈ, ਪ੍ਰੰਤੂ ਉਹ ਖੁਦ ਨੂੰ ਲੈਫਟੀਨੈਂਟ ਕਰਨਲ ਦੱਸਦਾ ਹੈ, ਨੇ ਜ਼ਿਲ੍ਹਾ ਲੁਧਿਆਣਾ ਦੇ ਤਿੰਨ ਹੋਰ ਵਿਅਕਤੀਆਂ ਨੂੰ ਨਾਲ ਰਲਾ ਕੇ ਗੈਂਗ ਬਣਾਇਆ ਹੋਇਆ ਹੈ।
ਦੋਸ਼ੀ ਸ਼ੋਬਰਾਜ ਸਿੰਘ ਖੁੱਦ ਨੂੰ ਲੈਫ. ਕਰਨਲ ਦੱਸਦਾ ਸੀ ਅਤੇ ਆਰਮੀ ਦੇ ਕਰਨਲ ਰੈਂਕ ਦੀ ਵਰਦੀ ਪਾ ਕੇ ਰੱਖਦਾ ਹੈ ਹੋਰ ਤਾ ਹੋਰ ਉਹ ਆਪਣੇ ਤਿੰਨ ਸਾਥੀਆਂ ਨੂੰ ਵੀ ਆਰਮੀ ਦੀ ਵਰਦੀ ਪੁਆ ਦਿੰਦਾ ਸੀ। ਜਿਨ੍ਹਾਂ ਪਾਸ ਨਜਾਇਜ਼ ਅਸਲਾ ਸੀ ਅਤੇ ਇਹ ਭੋਲੇ ਭਾਲੇ ਬੇਰੋਜ਼ਗਾਰ ਲੋਕਾਂ ਨੂੰ ਆਰਮੀ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਸਨ। ਦੋਸ਼ੀ ਸ਼ੋਬਰਾਜ ਪਾਸ ਆਰਮੀ ਦੇ ਜਾਅਲੀ ਦਸਤਾਵੇਜ, ਜਾਅਲੀ ਫਾਰਮ ਅਤੇ ਜਾਅਲੀ ਮੋਹਰਾਂ ਵੀ ਸਨ। ਪੁਲਿਸ ਨੇ ਮੁਖਬਰੀ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਰਹਿੰਦ ਵਿਖੇ ਮੁਕੱਦਮਾ ਨੰ: 248 ਮਿਤੀ 20-08-2020 ਨੂੰ ਧਾਰਾ 419, 420, 465, 467, 468, 471, 472,473, 474, 170, 171 120-ਬੀ ਅਤੇ ਅਸਲਾ ਐਕਟ 25/54/59 ਅਧੀਨ ਦਰਜ਼ ਕਰਵਾਇਆ ਗਿਆ ਅਤੇ ਕਾਰਵਾਈ ਕਰਦੇ ਹੋਏ ਫਲੋਟਿੰਗ ਰੈਸਟੋਰੈਂਟ ਨਹਿਰ ਦੇ ਪੁਲ ਸਰਹਿੰਦ ਵਿਖੇ ਨਾਕਾਬੰਦੀ ਕਰ ਕਥਿਤ ਦੋਸ਼ੀ ਸ਼ੋਬਰਾਜ ਸਿੰਘ ਨੂੰ ਕਾਰ ਮਾਰਕਾ ਹੁੰਡਈ ਸੋਨਾਟਾ ਨੰਬਰ ਐਚ.ਆਰ.26. ਬੀ.ਐਫ.-8023 ਜਿਸ ਦੀ ਲਾਲ ਰੰਗ ਦੀ ਨੰਬਰ ਪਲੇਟ ਉਪਰ ਗੋਲਡਨ ਕਲਰ ਕੈਂਚੀ ਕਰਾਰ ਤ੍ਰਿਮੂਰਤੀ 'ਤੇ ਇੰਡੀਅਨ ਆਰਮੀ ਲਿਖਿਆ ਹੋਇਆ ਸੀ, ਸਣੇ ਕਾਬੂ ਕਰ ਲਿਤਾ।
ਐਸਐਸਪੀ ਕੌਂਡਲ ਨੇ ਦੱਸਿਆ ਕਿ ਕਥਿਤ ਦੋਸ਼ੀ ਸ਼ੋਬਰਾਜ ਸਿੰਘ ਨੇ ਮੌਕੇ 'ਤੇ ਵੀ ਆਰਮੀ ਕਰਨਲ ਦੀ ਵਰਦੀ ਪਾਈ ਹੋਈ ਸੀ, ਜਿਸ ਪਾਸ ਇਸ ਰੈਂਕ ਸਬੰਧੀ ਕੋਈ ਵੀ ਅਸਲੀ ਪਹਿਚਾਣ ਪੱਤਰ ਵਗੈਰਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਕਾਬੂ ਕਰਕੇ ਉਸ ਪਾਸੋਂ ਸਮਾਨ ਅਤੇ ਦਸਤਾਵੇਜ ਬਰਾਮਦ ਕੀਤੇ ਹਨ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਨੇ ਮੁਢਲੀ ਪੁੱਛਗਿਛ ਦੌਰਾਨ ਮੰਨਿਆਂ ਹੈ, ਕਿ ਉਹ ਸਾਲ 2003 ਵਿੱਚ ਬਤੌਰ ਸਿਪਾਹੀ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਸੀ, ਜੋ ਸਾਲ 2014 ਵਿੱਚ ਮੈਡੀਕਲ ਪੈਨਸ਼ਨ 'ਤੇ ਆ ਗਿਆ ਸੀ। ਹੁਣ ਉਹ ਭੋਲੇ ਭਾਲੇ ਲੋਕਾਂ ਅਤੇ ਬੇਰੋਜ਼ਗਾਰਾਂ ਨੂੰ ਆਰਮੀ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ ਪੈਸੇ ਹੜੱਪ ਦੇ ਹਨ, ਜਿਨ੍ਹਾਂ ਨੇ ਨੇ ਕਾਫੀ ਲੋਕਾਂ ਨਾਲ ਠੱਗੀ ਮਾਰੀ ਹੈ।
ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਦ ਆਰਮੀ ਦਾ ਸਮਾਨ ਜਿਸ ਵਿੱਚ 10 ਮੋਹਰਾਂ, ਇਕ ਸਟੈਂਪ ਪੈਡ, ਇੱਕ ਆਰਮੀ ਕੋਟ ਪੈਂਟ, ਇੱਕ ਨੀਲੀ ਡੋਰੀ, ਪੰਜ ਖਾਕੀ ਡੋਰੀਆਂ, ਇੱਕ ਜੀ.ਓ. ਬੈਲਟ ਰੰਗ ਲਾਲ (ਪੰਜਾਬ ਪੁਲਿਸ), ਇੱਕ ਜੋੜਾ ਪੀ.ਪੀ.ਐਸ. ਬੈਚ, ਇੱਕ ਜੋੜਾ ਸਟਾਰ, ਇੱਕ ਡਾਂਗਰੀ ਰੰਗ ਕਾਲਾ, ਇੱਕ ਤਲਵਾਰ ਪਰੇਡ ਵਾਲੀ, ਇੱਕ ਜੀ.ਓ. ਕੈਪ ਰੰਗ ਖਾਕੀ (ਪੀ.ਪੀ.ਐਸ.), ਦੋ ਫੋਟੋਆਂ ਵਰਦੀ ਵਾਲੀਆਂ ਅਤੇ ਇੱਕ ਫੋਟੋ ਸਿਵਲ ਕੱਪੜਿਆਂ ਵਾਲੀ ਵਿੱਚ ਲੁਕਾ ਕੇ ਰੱਖੇ ਹੋਏ ਸਨ, ਜੋ ਕਿ ਬ੍ਰਾਮਦ ਕਰ ਲਏ ਗਏ ਹਨ। ਇਸ ਤੋਂ ਇਲਾਵਾ ਕਥਿਤ ਦੋਸ਼ੀ ਸ਼ੋਬਰਾਜ ਸਿੰਘ ਨੇ ਬੈਂਕ ਤੋਂ ਆਰਮੀ ਦੇ ਜਾਅਲੀ ਦਸਤਾਵੇਜ ਅਤੇ ਰੈਂਕ ਦੇ ਅਧਾਰ 'ਤੇ 18 ਲੱਖ ਰੁਪਏ ਦਾ ਲੋਨ ਸਾਲ 2018 ਵਿੱਚ ਯੈਸ ਬੈਂਕ ਲੁਧਿਆਣਾ ਤੋਂ 10 ਲੱਖ ਰੁਪਏ ਦਾ ਲੋਨ ਸਾਲ 2018 ਵਿੱਚ, ਐਚ.ਡੀ.ਐਫ.ਸੀ. ਬੈਂਕ ਲੁਧਿਆਣਾ ਤੋਂ ਲਏ ਹੋਏ ਹਨ। ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ 'ਤੇ ਪਹਿਲਾਂ ਵੀ ਅਸਲਾ ਐਕਟ ਅਧੀਨ ਇੱਕ ਮੁਕੱਦਮਾ ਸਾਲ 2012 ਵਿੱਚ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਅਤੇ ਦੂਜਾ ਮੁਕੱਦਮਾ ਲੁੱਟ ਖੋਹ ਦਾ ਸਾਲ 2016 ਵਿੱਚ ਥਾਣਾ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਵਿਖੇ ਦਰਜ਼ ਹਨ।
ਦੋਸ਼ੀ ਸ਼ੋਬਰਾਜ ਸਿੰਘ ਮਿਲਟਰੀ ਦੀ ਵਰਦੀ ਪਹਿਨਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਚ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਵੀ ਮਿਲਦਾ ਰਿਹਾ ਹੈ। ਕਥਿਤ ਦੋਸ਼ੀ ਸ਼ੋਬਰਾਜ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀ ਸ਼ੋਬਰਾਜ ਦੇ ਸਾਥੀਆਂ ਦੀ ਗਿਰਫਤਾਰੀ ਤੋਂ ਬਾਦ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fatehgarh Sahib, Fraud, Punjab Police