ਖੇਤੀ ਵਿੱਚ ਰਸਾਇਣਾ ਦੀ ਵਰਤੋਂ ਕਰਕੇ ਪੰਜਾਬ ਦੇ ਪਾਣੀ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੁੰਦੇ ਜਾ ਰਹੇ ਹਨ। ਇੱਕ ਅਧਿਐਨ ਵਿੱਚ ਮਾਲਵਾ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਫਲੋਰਾਈਡ ਵਰਗੇ ਖਤਰਨਾਕ ਰਸਾਇਣਾਂ ਦੀ ਮੌਜੂਦਗੀ ਪਾਈ ਗਈ ਹੈ।
ਅਧਿਐਨ ਵਿਚ ਮਾਲਵਾ ਪੱਟੀ ਦੇ ਜ਼ਮੀਨੀ ਪਾਣੀ ਦੇ 745 ਸੈਂਪਲ ਲਏ ਗਏ। ਜਿੰਨ੍ਹਾਂ ਵਿੱਚ ਫਲੋਰਾਈਡ ਦਾ ਉੱਚ ਪੱਧਰ ਸਾਹਮਣੇ ਆਇਆ ਹੈ। ਲਗਭਗ 49 ਪ੍ਰਤੀਸ਼ਤ ਨਮੂਨੇ 1.5 mg L-1 ਦੇ ਡਬਲਯੂਐਚਓ ਗਾਈਡਲਾਈਨ ਮੁੱਲ ਤੋਂ ਵੱਧ ਗਏ ਹਨ।
ਦੱਸ ਦੇਈਏ ਕਿ ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਵਿੱਚ ਉੱਚ ਫਲੋਰਾਈਡ ਦਾ ਪੱਧਰ (High Flourid Level) ਦੇਖਿਆ ਗਿਆ ਹੈ। ਇਸਦੇ ਨਾਲ ਹੀ ਇਸ ਅਧਿਐਨ ਵਿੱਚ ਵੱਖ-ਵੱਖ ਉਮਰ ਸਮੂਹਾਂ ਲਈ ਸਿਹਤ ਜੋਖਮ ਮੁਲਾਂਕਣ ਦੀ ਗਣਨਾ ਕੀਤੀ ਗਈ ਸੀ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬੱਚਿਆ ਨੂੰ ਕਿਸ਼ੋਰ ਉਮਰ ਦੇ ਵਿਅਕਤੀਆਂ ਨਾਲੋਂ ਵਧੇਰੇ ਖਤਰਾਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਡੀਏਵੀ ਕਾਲਜ ਬਠਿੰਡਾ ਦੇ ਭੌਤਿਕ ਵਿਗਿਆਨ ਵਿਭਾਗ ਦੇ ਡਾ. ਵਿਕਾਸ ਦੁੱਗਲ ਨੇ ਮਾਲਵਾ ਪੱਟੀ ਵਿੱਚ ਪੀਣ ਵਾਲੇ ਪਾਣੀ ਵਿੱਚ ਫਲੋਰਾਈਡ ਦੀ ਗੰਦਗੀ ਅਤੇ ਇਸ ਨਾਲ ਸਬੰਧਤ ਸਿਹਤ ਜੋਖਮ ਮੁਲਾਂਕਣ ਬਾਰੇ ਅਧਿਐਨ ਕੀਤਾ। ਇਹ ਅਧਿਐਨ ਐਨਵਾਇਰਮੈਂਟਲ ਐਡਵਾਂਸ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਸੰਬੰਧੀ ਡਾ. ਵਿਕਾਸ ਦੁੱਗਲ ਨੇ ਕਿਹਾ ਕਿ ਪਿਛਲੇ ਅਧਿਐਨਾਂ ਵਿੱਚ ਮਾਲਵੇ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਲੀਡ, ਕੈਡਮੀਅਮ ਅਤੇ ਹੋਰ ਭਾਰੀ ਧਾਤਾਂ ਦੀ ਉੱਚ ਪੱਧਰ ਦਰਸਾਈ ਗਈ ਸੀ।
ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਰਨਾਲਾ ਅਤੇ ਮੋਗਾ ਜ਼ਿਲ੍ਹਿਆਂ ਦੇ 745 ਨਮੂਨਿਆਂ ਦਾ ਅਧਿਐਨ ਕਰਨ 'ਤੇ ਇਹ ਪਾਇਆ ਗਿਆ ਕਿ ਧਰਤੀ ਹੇਠਲੇ ਪਾਣੀ ਵਿੱਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਹੈ। ਇਨ੍ਹਾਂ ਨਮੂਨਿਆਂ ਵਿੱਚ ਪਾਇਆ ਜਾਣ ਵਾਲਾ ਫਲੋਰਾਈਡ ਦਾ ਗਾੜ੍ਹਾਪਣ ਭਾਰਤੀ ਮਿਆਰ ਬਿਊਰੋ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਸੀਮਾ ਤੋਂ ਵੱਧ ਗਈ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਮੁਕਤਸਰ ਵਿੱਚ ਹਰ ਉਮਰ ਵਰਗ ਲਈ ਦੰਦਾਂ ਅਤੇ ਪਿੰਜਰ ਫਲੋਰੋਸਿਸ ਦੇ ਉੱਚ ਜੋਖਮ ਵੀ ਸਾਹਮਣੇ ਆਏ ਹਨ। ਇਸ ਤਰ੍ਹਾਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਮੁਕਤਸਰ ਜ਼ਿਲੇ ਸਿਹਤ ਲਈ ਗੰਭੀਰ ਖਤਰੇ ਪੈਦਾ ਕਰ ਸਕਦੇ ਹਨ।
30 ਮੀਟਰ ਦੀ ਡੂੰਘਾਈ ਤੱਕ ਹੇਠਲੇ ਜ਼ਮੀਨੀ ਪਾਣੀ ਦੇ ਸਰੋਤਾਂ ਵਿੱਚ ਉੱਚ ਫਲੋਰਾਈਡ ਦਾ ਪੱਧਰ ਦੇਖਿਆ ਗਿਆ। ਵੱਖ-ਵੱਖ ਉਮਰ ਸਮੂਹਾਂ ਲਈ ਫਲੋਰਾਈਡ ਦੇ ਗੈਰ-ਕਾਰਸੀਨੋਜਨਿਕ ਜੋਖਮ ਦੀ ਗਣਨਾ ਕਰਨ ਤੋਂ ਬਾਅਦ, ਇਹ ਦੇਖਿਆ ਗਿਆ ਕਿ ਬੱਚੇ ਅਤੇ ਕਿਸ਼ੋਰ ਬਾਲਗਾਂ, ਬਜ਼ੁਰਗ ਨਾਗਰਿਕਾਂ ਅਤੇ ਨਿਆਣਿਆਂ ਨਾਲੋਂ ਉੱਚ ਫਲੋਰਾਈਡ ਐਕਸਪੋਜਰ ਲਈ ਵਧੇਰੇ ਕਮਜ਼ੋਰ ਸਨ।
ਡੀਏਵੀ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਮਾਲਵਾ ਵਾਸੀਆਂ ਲਈ ਫੌਰੀ ਚਿੰਤਾਂ ਵਾਲੀ ਖੋਜ ਕਰਨ ਲਈ ਡਾ. ਦੁੱਗਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਖੋਜ ਕਮਿਊਨਿਟੀ ਨੂੰ ਫਲੋਰਾਈਡ ਦੀ ਜ਼ਿਆਦਾ ਮਾਤਰਾ ਵਾਲੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰੇਗੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।