Home /News /punjab /

ਯੁੱਧ ਦਾ ਅਖਾੜਾ ਬਣੀ ਟਰੱਕ ਯੂਨੀਅਨ, ਦੋ ਧੜਿਆਂ 'ਚ ਖੂਨੀ ਝੜਪ

ਯੁੱਧ ਦਾ ਅਖਾੜਾ ਬਣੀ ਟਰੱਕ ਯੂਨੀਅਨ, ਦੋ ਧੜਿਆਂ 'ਚ ਖੂਨੀ ਝੜਪ

ਲੜਾਈ ਝਗੜੇ ਦੌਰਾਨ ਜਖ਼ਮੀ ਹੋਇਆ ਵਿਅਕਤੀ ਹਸਪਤਾਲ 'ਚ ਜੇਰੇ ਇਲਾਜ। 

ਲੜਾਈ ਝਗੜੇ ਦੌਰਾਨ ਜਖ਼ਮੀ ਹੋਇਆ ਵਿਅਕਤੀ ਹਸਪਤਾਲ 'ਚ ਜੇਰੇ ਇਲਾਜ। 

ਅੱਧੀ ਦਰਜਨ ਜਖ਼ਮੀ, ਇੱਕ ਗੰਭੀਰ ਨੂੰ ਕੀਤਾ ਪਟਿਆਲਾ ਰੈਫਰ

 • Share this:
  RAJIV SHARMA 

  ਭਵਾਨੀਗੜ੍ਹ - ਨਵੀਂ ਟਰੱਕ ਯੂਨੀਅਨ ਦੀ ਇਮਾਰਤ ਅੱਜ ਸਵੇਰੇ ਉਸ ਸਮੇਂ ਜੰਗ ਦਾ ਅਖਾੜਾ ਬਣ ਗਈ ਜਦੋਂ ਯੂਨੀਅਨ ਦੇ ਮੌਜੂਦਾ ਅਤੇ ਦੋ ਸਾਬਕਾ ਪ੍ਰਧਾਨਾਂ ਦੀਆਂ ਧਿਰਾਂ ਕਿਸੇ ਮੁੱਦੇ ਨੂੰ ਲੈ ਕੇ ਆਪਸ 'ਚ ਉਲਝ ਗਈਆਂ ਅਤੇ ਇਸ ਝਗੜੇ ਦੌਰਾਨ ਦੋਵਾਂ ਧਿਰਾਂ ਦੇ 6 ਲੋਕਾਂ ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ। ਜਖ਼ਮੀਆਂ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਉੱਥੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  ਇਸ ਸਬੰਧੀ ਭਵਾਨੀਗੜ੍ਹ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਤੂਰ ਅਤੇ ਉਸਦੇ ਪਿਤਾ ਰਣਜੀਤ ਤੂਰ ਨੇ ਦੋਸ਼ ਲਗਾਇਆ ਕਿ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਵੱਲ ਟਰੱਕ ਯੂਨੀਅਨ ਦਾ 1 ਕਰੋੜ 34 ਲੱਖ ਰੁਪਏ ਦਾ ਹਿਸਾਬ ਕਿਤਾਬ ਬਾਕੀ ਰਹਿੰਦਾ ਹੈ, ਜੋ ਭੋਲੇ ਨੇ ਹੁਣ ਤੱਕ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਯੂਨੀਅਨ ਦੇ ਇੱਕ ਟਰੱਕ ਆਪ੍ਰੇਟਰ ਨੇ ਉਕਤ ਹਿਸਾਬ ਕਿਤਾਬ ਨੂੰ ਰਫਾ ਦਫਾ ਕਰਨ ਲਈ ਮੌਜੂਦਾ ਪ੍ਰਧਾਨ ਦੇ ਵਿਰੁੱਧ ਇੱਕ ਆਡੀਓ ਵਾਇਰਲ ਕਰਵਾ ਦਿੱਤੀ ਜਿਸ ਸਬੰਧੀ ਬੁੱਧਵਾਰ ਸਵੇਰੇ ਯੂਨੀਅਨ ਦੀ ਪੁਕਾਰ ਸਮੇਂ ਆਡੀਓ ਵਾਇਰਲ ਕਰਨ ਸਬੰਧੀ ਜਦੋਂ ਉਕਤ ਟਰੱਕ ਆਪ੍ਰੇਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਬਦਤਮੀਜੀ 'ਤੇ ਉਤਰ ਆਇਆ, ਜਿਸ ਕਾਰਨ ਉੱਥੇ ਹਾਜ਼ਰ ਟਰੱਕ ਆਪ੍ਰੇਟਰਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਤੇ ਜਦੋਂ ਉਹ ਉਸਦਾ ਬਚਾਓ ਕਰਨ ਲੱਗੇ ਤਾਂ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਤੇ ਉਸਦੇ ਸਾਥੀਆਂ ਨੇ ਉਨ੍ਹਾਂ ਉੱਪਰ ਤੇਜ਼ਧਾਰ ਹਥਿਆਰਾਂ ਅਤੇ ਡਾਂਗਾ ਨਾਲ ਹਮਲਾ ਬੋਲ ਦਿੱਤਾ। ਜਿਸ ਦੌਰਾਨ ਉਨ੍ਹਾਂ ਦੀ ਧਿਰ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਅਤੇ ਗੁਰਦੀਪ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

  ਦੂਜੇ ਪਾਸੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਦਾ ਆਖਣਾ ਹੈ ਕਿ ਵਾਇਰਲ ਆਡੀਓ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀੰ ਹੈ। ਭੋਲਾ ਬਲਿਆਲ ਨੇ ਦੋਸ਼ ਲਗਾਇਆ ਕਿ ਮੌਜੂਦਾ ਪ੍ਰਧਾਨ ਤੇ ਉਸ ਦੇ ਸਾਥੀਆਂ ਨੇ ਉਸਦੇ ਗੁਰਸਿੱਖ ਹੋਣ ’ਤੇ ਉਸਦੀ ਪੱਗ ਉਤਾਰ ਦਿੱਤੀ, ਉਸ ਦੀ ਦਾੜ੍ਹੀ ਵੀ ਜੜ੍ਹੋਂ ਪੱਟ ਦਿੱਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੈਨੂੰ ਮੇਰੇ ਸਾਥੀ ਜਗਦੀਪ ਸਿੰਘ ਗੋਗੀ, ਲਵਪ੍ਰੀਤ ਸਿੰਘ ਤੇ ਮਲਕੀਤ ਸਿੰਘ ਨੂੰ ਗੰਭੀਰ ਜਖ਼ਮੀ ਕਰ ਦਿੱਤਾ। ਹਸਪਤਾਲ ਵਿੱਚ ਦਾਖ਼ਲ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਨੇ ਦੱਸਿਆ ਕਿ ਉਸ ਦੇ ਸਾਥੀ ਜਗਦੀਪ ਸਿੰਘ ਗੋਗੀ ਦੇ ਜ਼ਿਆਦਾ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

  ਇਸ ਸਬੰਧੀ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਵੱਲੋੰ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਕਾਨੂੰਨ ਮੁਤਾਬਕ ਬਣਦੀ  ਕਾਰਵਾਈ ਕੀਤੀ ਜਾਵੇਗੀ।
  Published by:Ashish Sharma
  First published:

  Tags: Punjab Police, Sangrur, Truck

  ਅਗਲੀ ਖਬਰ