ਫਿਰ ਭਾਰੀ ਰਿਹਾ ਕੈਪਟਨ ਦਾ ਹੱਥ, ਚੀਫ ਸੈਕਟਰੀ ਦੀ ਮੁਆਫੀ ਨਾਲ ਮੰਨਣ 'ਤੇ ਮਜਬੂਰ ਹੋਏ ਮੰਤਰੀ

News18 Punjabi | News18 Punjab
Updated: May 27, 2020, 7:31 PM IST
share image
ਫਿਰ ਭਾਰੀ ਰਿਹਾ ਕੈਪਟਨ ਦਾ ਹੱਥ, ਚੀਫ ਸੈਕਟਰੀ ਦੀ ਮੁਆਫੀ ਨਾਲ ਮੰਨਣ 'ਤੇ ਮਜਬੂਰ ਹੋਏ ਮੰਤਰੀ
ਫਿਰ ਭਾਰੀ ਰਿਹਾ ਕੈਪਟਨ ਦਾ ਹੱਥ!, ਚੀਫ ਸੈਕਟਰੀ ਦੀ ਮੁਆਫੀ ਨਾਲ ਮੰਨਣ 'ਤੇ ਮਜਬੂਰ ਹੋਏ ਮੰਤਰੀ

  • Share this:
  • Facebook share img
  • Twitter share img
  • Linkedin share img
ਕੋਰੋਨਾ ਦੇ ਦੌਰ ਚ ਚੱਲੇ ਪੰਜਾਬ ਚ ਸਿਆਸੀ ਬਨਾਮ ਅਫਸਰਸ਼ਾਹੀ ਦੇ ਸਭ ਤੋਂ ਦਿਲਚਸਪ ਡਰਾਮੇ ਚ ਇੱਕ ਵਾਰ ਫੇਰ ਕੈਪਟਨ ਅਮਰਿੰਦਰ ਦਾ ਹੱਥ ਭਾਰੂ ਰਿਹਾ ਤੇ ਕੁਝ ਦਿਨ ਪਹਿਲ਼ਾਂ ਗੁੱਸੇ ਚ ਲਾਲ ਪੀਲੇ ਹੋਏ ਮੰਤਰੀਆਂ ਨੂੰ ਮਹਿਜ਼ ਚੀਫ ਸੈਕਟਰੀ ਦੀ ਮਾਫੀ ਨਾਲ ਹੀ ਸਬਰ ਦਾ ਘੁੱਟ ਭਰਨਾ ਪਿਆ ਹੈ । ਚੰਡੀਗੜ੍ਹ ਸਿਵਲ ਸਕੱਤਰੇਤ ਚ ਹੋਈ ਕੈਬਨਿਟ ਮੀਟਿੰਗ ਚ ਅੱਜ ਮੰਤਰੀ ਵੀ ਮੌਜੂਦ ਰਹੇ ਤੇ ਮੁੱਖ ਸਕੱਤਰ ਵੀ ।

ਹਾਲਾਂਕਿ ਮੁੱਖ ਸਕੱਤਰ ਤੋਂ ਮਾਫੀ ਮੰਗਵਾ ਕੇ ਮੁੱਖਮੰਤਰੀ ਨੇ ਹਾਲ ਦੀ ਘੜ੍ਹੀ ਮੁੱਦੇ ਨੂੰ ਸੰਭਾਲ ਲਿਆ ਹੈ ਪਰ ਮਨਪ੍ਰੀਤ ਬਾਦਲ ਦਾ ਇਹ ਕਹਿਣਾ ਕਿ “ਇਹ ਕੋਈ ਪਹਿਲੀ ਤੇ ਆਖਰੀ ਲੜ੍ਹਾਈ ਨਹੀਂ” ਕਈ ਸਾਰੀਆਂ ਸਿਆਸੀ ਕਿਆਸ ਅਰਾਈਆਂ ਨੂੰ ਜਨਮ ਜਰੂਰ ਦਿੰਦਾ ਹੈ । ਮਨਪ੍ਰੀਤ ਬਾਦਲ ਭਾਂਵੇ ਮੀਡੀਆ ਸਾਹਮਣੇ ਕਹਿ ਗਏ ਕਿ ਮੁੱਖ ਸਕੱਤਰ ਨੇ ਮੁੜ ਮਾਫੀ ਮੰਗੀ ਤੇ ਨਾਲ ਹੀ ਕਿਹਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਏਗਾ ਤੇ ਉਹ ਨਾਂ ਮਾਫ ਕਰਦੇ ਤਾਂ ਇਹ ਹੰਕਾਰ ਸਮਝਿਆ ਜਾਣਾ ਸੀ ਪਰ ਇਹ ਬਿਆਨ ਕਿਤੇ ਨਾਂ ਕਿਤੇ ਕੈਪਟਨ ਦੀ ਠੁੱਕ ਲਈ ਚੁਣੌਤੀ ਭਰਿਆ ਬਿਆਨ ਜਰੂਰ ਕਿਹਾ ਜਾ ਸਕਦਾ ਹੈ ।

ਇਹ ਪਹਿਲੀ ਵਾਰ ਹੋਇਆ ਜਦ ਮਨਪ੍ਰੀਤ ਬਾਦਲ ਵਰਗੇ ਠਰ੍ਹੰਮੇ ਆਲੇ ਆਗੂ ਵਜੋਂ ਜਾਣੇ ਜਾਂਦੇ ਨੇਤਾ ਵੱਲੋਂ ਐਨਾ ਸਖਤ ਸਟੈਂਡ ਲਿਆ ਗਿਆ ਪਰ ਕਿਤੇ ਨਾਂ ਕਿਤੇ ਇਹ ਸਟੈਂਡ ਮੁੱਖ ਸਕੱਤਰ ਇਕੱਲੇ ਕਰਕੇ ਨਹੀਂ ਪੂਰੀ ਅਫਸਰਸ਼ਾਹੀ ਦੇ ਖਿਲਾਫ ਲਿਆ ਗਿਆ ਜਾਪ ਰਿਹਾ ਸੀ ਜਿਸ ਚ ਦੂਜੇ ਮੰਤਰੀਆਂ ਦੇ ਤਿੱਖੇ ਸੁਰਾਂ ਤੇ ਵਿਧਾਇਕਾਂ ਵੱਲੋੰ ਕੀਤੇ ਜ਼ੋਰਦਾਰ ਹਮਲੇ ਨੇ ਅੱਗ ਚ ਘਿਓ ਵਾਲਾ ਕੰਮ ਕੀਤਾ । ਮੰਤਰੀਆਂ ਤੇ ਵਿਧਾਇਕਾਂ ਦੇ ਸਖਤ ਰਵੱਈਏ ਕਰਕੇ ਹੀ ਕੈਪਟਨ ਨੂੰ ਇੱਕ ਵਾਰ ਫੇਰ ‘ਲੰਚ ਡਿਪਲੋਮੈਸੀ’ ਦਾ ਸਹਾਰਾ ਲ਼ੈਣਾ ਪਿਆ ਤੇ ਅੱਡੋ ਅੱਡੀ ਮੰਤਰੀਆਂ ਤੇ ਵਿਧਾਇਕਾਂ ਨੂੰ ਲੰਚ ਤੇ ਸੱਦ ਕੇ ਕੈਪਟਨ ਨੇ ਇੱਕ ਵਾਰ ਫੇਰ ਉੱਠੀ ਬਗਾਵਤ ਨੂੰ ਠੱਲ ਪਾ ਲਈ ।
ਇਸ ਮਾਮਲੇ ਦਾ ਦਿਲਚਸਪ ਪਹਿਲੂ ਅਕਾਲੀ ਦਲ ਦਾ ਮੁੱਖ ਸਕੱਤਰ ਕਰਨ ਅਵਤਾਰ ਦੀ ਪਿੱਠ ਤੇ ਆ ਕੇ ਖੜ੍ਹਣਾ ਵੀ ਰਿਹਾ ਹੈ, ਕਿਉਂਕਿ ਅਕਾਲੀ ਦਲ ਦੇ ਸਟੈਂਡ ਨਾਲ ਵੀ ਮੁੱਖ ਸਕੱਤਰ ਨੂੰ ਕਾਫੀ ਰਾਹਤ ਮਿਲੀ ਹੈ । ਸੁਆਲ ਇਹ ਵੀ ਹੈ ਕਿ ਆਖਿਰਕਾਰ ਅਕਾਲੀ ਦਲ ਨੇ ਇਹ ਸਟੈਂਡ ਲਿਆ ਕਿਓਂ ? ਦਰਅਸਲ ਅਕਾਲੀ ਦਲ ਨੇ ਇਹ ਸਟੈਂਡ ਲੈ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਿੰਨ ਮੰਤਰੀਆਂ ਜਿੰਨਾਂ ਨੇ ਮੁੱਖ ਸਕੱਤਰ ਦੇ ਖਿਲਾਫ ਸਟੈਂਡ ਲਿਆ ਸੀ ਜਿੰਨਾਂ ਚ ਮਨਪ੍ਰੀਤ ਬਾਦਲ, ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਪ੍ਰਮੁੱਖ ਸਨ ਤੇ ਤਿੰਨਾਂ ਨਾਲ ਹੀ ਅਕਾਲੀ ਦਲ ਦੇ ਰਿਸ਼ਤੇ ਖਟਾਸ ਭਰੇ ਨੇ ਅਕਸਰ ਇੱਟ ਖੜਿੱਕਾ ਚਲਦਾ ਰਹਿੰਦਾ ਹੈ । ਜੇਕਰ ਮੁੱਖ ਸਕੱਤਰ ਬਦਲਿਆ ਜਾਂਦਾ ਤਾਂ ਮਨਪ੍ਰੀਤ ਬਾਦਲ ਦਾ ਕੱਦ ਸਿਆਸੀ ਸ਼ਰੀਕ ਵਜੋਂ ਹੋਰ ਵੱਧ ਸਕਦਾ ਸੀ ਤੇ ਸੁੱਖੀ ਰੰਧਾਵਾ ਤੇ ਚਰਨਜੀਤ ਚੰਨੀ ਦੇ ਹਮਲੇ ਅਕਾਲੀ ਦਲ ਤੇ ਹੋਰ ਤੇਜ਼ ਹੋ ਸਕਦੇ ਸਨ ।

ਨਾਲ ਦੀ ਨਾਲ ਅਕਾਲੀ ਦਲ ਰਾਜਾ ਵੜਿੰਗ ਜਾਂ ਹੋਰ ਵਿਧਾਇਕਾਂ ਦਾ ਕੱਦ ਵੀ ਸਰਕਾਰ ਚ ਉੱਚਾ ਹੁੰਦਾ ਨਹੀਂ ਵੇਖ ਸਕਦਾ ਸੀ ਜੋ ਅਕਸਰ ਅਕਾਲੀ ਦਲ ਤੇ ਗਾਹੇ ਬਿਗਾਹੇ ਨਿਸ਼ਾਨੇ ਲਾਉਣ ਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ । ਲਿਹਾਜ਼ਾ ਇਸੇ ਕਰਕੇ ਅਕਾਲੀ ਦਲ ਨੇ ਮੁੱਖ ਸਕੱਤਰ ਦੇ ਹੱਕ ਚ ਡਟ ਕੇ ਸਟੈਂਡ ਲੈ ਕੇ ਮੰਤਰੀਆਂ ਤੇ ਵਿਧਾਇਕਾਂ ਤੇ ਨਿਸ਼ਾਨੇ ਲਾਉਣੇ ਜਾਰੀ ਰੱਖੇ ਤੇ ਵਿਰੋਧੀਆਂ ਦੇ ਇਸ ਸਟੈਂਡ ਨੇ ਵੀ ਮੁੱਖ ਸਕੱਤਰ ਨੂੰ ਵੱਡੀ ਰਾਹਤ ਦਿੱਤੀ ।

ਫਿਲਹਾਲ ਕੈਪਟਨ ਧੜ੍ਹਾ ਇੱਕ ਵਾਰ ਫੇਰ ਇਸ ਐਪੀਸੋਡ ਨੂੰ ਆਪਣੀ ਜਿੱਤ ਵਜੋਂ ਹਾਲ ਦੀ ਘੜ੍ਹੀ ਜਰੂਰ ਵੇਖ ਸਕਦਾ ਹੈ ਪਰ ਧੂਣੀ ਦੀ ਅੱਗ ਨੂੰ ਠੰਡੇ ਪਾਣੀ ਦੇ ਛਿੱਟਿਆਂ ਨੇ ਮੱਠਾ ਜਰੂਰ ਕੀਤਾ ਹੈ ਪਰ ਧੂਣੀ ਹੇਠਲਾ ਸੇਕ ਸ਼ਾਇਦ ਹਜੇ ਵੀ ਮਘ ਰਿਹਾ ਹੈ ਜਿਸਨੂੰ ਮਨਪ੍ਰੀਤ ਬਾਦਲ ਇਸ਼ਾਰਿਆਂ ਇਸ਼ਾਰਿਆਂ ਚ ਦੱਸ ਵੀ ਗਏ ਨੇ ।

 
First published: May 27, 2020, 6:33 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading