ਐਤਵਾਰ ਸਵੇਰੇ ਪੇਸ਼ਾਵਰ ਦੇ ਨੇੜੇ ਸਰਬੰਦ ਕਸਬੇ ਦੇ ਬਾਰਾ ਮਾਰਕੀਟ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਸਿੱਖਾਂ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਦੋ ਸਿੱਖ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ ਅਤੇ ਐਤਵਾਰ ਨੂੰ ਹਮਲਾਵਰਾਂ ਨੇ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ 'ਤੇ ਹਮਲਾ ਕੀਤਾ। ਦੱਸ ਦੇਈਏ ਕਿ ਦੋਸ਼ੀ ਅਜੇ ਵੀ ਮੌਕੇ ਤੋਂ ਫਰਾਰ ਹਨ। ਪਾਕਿਸਤਾਨ ਨੈਸ਼ਨਲ ਕਮਿਸ਼ਨ ਫਾਰ ਮਨਿਓਰਟੀਜ਼ (NCM) ਦਾ ਵਿਚਾਰ ਹੈ ਕਿ ਗੁਆਂਢੀ ਦੇਸ਼ ਦੇ ਖੈਬਰ ਪਖਤੂਨਖਵਾ (KPK) ਸੂਬੇ ਵਿੱਚ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਜ਼ਰੂਰੀ ਤੌਰ 'ਤੇ ਟਾਰਗੇਟ ਕਿਲਿੰਗ ਨਹੀਂ ਹੋ ਸਕਦੀ।
ਐਨਸੀਐਮ ਦੇ ਚੇਅਰਮੈਨ ਚੇਲਾਰਾਮ ਕੇਵਲਾਨੀ (Chelaram Kewlani) ਨੇ ਦਿਨ-ਦਿਹਾੜੇ ਹੋਈਆਂ ਹੱਤਿਆਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਟਾਰਗੇਟ ਕਿਲਿੰਗ ਹਨ। ਇਹ ਕਤਲ ਨਿੱਜੀ ਦੁਸ਼ਮਣੀ ਜਾਂ ਵਪਾਰਕ ਰੰਜਿਸ਼ ਕਾਰਨ ਵੀ ਹੋ ਸਕਦੇ ਹਨ। ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਪੁਲਿਸ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਇੱਕ ਹਫ਼ਤੇ ਵਿੱਚ ਉਪਲਬਧ ਹੋਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖਾਂ ਨੂੰ ਦਹਿਸ਼ਤਜ਼ਦਾ ਕਰਨ ਦੀਆਂ ਕੋਸ਼ਿਸ਼ਾਂ ਨਹੀਂ ਕਰ ਰਿਹਾ। ਅੱਤਵਾਦੀ ਅਤੇ ਅਰਾਜਕਤਾਵਾਦੀ ਹਰ ਜਗ੍ਹਾਂ ਹਨ। ਇਹ ਅਜਿਹੇ ਤੱਤ ਹਨ ਜੋ ਨਾ ਸਿਰਫ਼ ਵੱਖਰੇ ਵੱਖਰੇ ਧਾਰਮਿਕ ਭਾਈਚਾਰਿਆਂ ਵਿੱਚ, ਸਗੋਂ ਮੁਸਲਮਾਨਾਂ ਵਿੱਚ ਵੀ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਸਿੱਖ ਮੈਂਬਰ ਆਫ਼ ਪ੍ਰੋਵਿਜਨਲ ਅਸੈਂਬਲੀ (MPA) ਰਣਜੀਤ ਸਿੰਘ ਨੇ ਇਸ ਘਟਨਾ ਨੂੰ ਗੁੰਡਾਗਰਦੀ ਨਹੀਂ ਸਗੋਂ ਟਾਰਗੇਟਿਡ ਕਿਲਿੰਗ ਕਿਹਾ ਹੈ। ਰਣਜੀਤ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਪਾਰਟੀ ਦੀ ਕੇਪੀਕੇ ਵਿੱਚ ਸਰਕਾਰ ਉੱਤੇ ਪਿਛਲੀਆਂ ਘਟਨਾਵਾਂ ਤੋਂ ਸਬਕ ਸਿੱਖਣ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ।
ਉਨ੍ਹਾਂ ਕਿਹਾ ਕਿ ਜੇਕਰ ਕੇਪੀਕੇ ਵਿੱਚ ਪੀਟੀਆਈ ਸਰਕਾਰ ਨੇ ਬੀਤੇ ਸਮੇਂ ਦੀਆਂ ਘਟਨਾਵਾਂ ਤੋਂ ਸਬਕ ਲਿਆ ਹੁੰਦਾ, ਤਾਂ ਇਸ ਘਟਨਾ ਨੂੰ ਟਾਲਿਆ ਜਾ ਸਕਦਾ ਸੀ। ਇਸਦੇ ਨਾਲ ਹੀ ਐਮਪੀਏ ਨੇ ਦਾਅਵਾ ਕੀਤਾ ਕਿ ਕਾਤਲਾਂ ਦਾ ਮੁੱਖ ਉਦੇਸ਼ ਪਾਕਿਸਤਾਨ ਨੂੰ ਬਦਨਾਮ ਕਰਨਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਆਉਣ ਵਾਲੇ ਸਮੇਂ ਵਿੱਚ ਨਤੀਜੇ ਦੇਣ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੀਟੀਆਈ ਦੀ ਸੂਬਾਈ ਸਰਕਾਰ ਦੇ ਆਗੂ ਸ਼ੋਕ ਪ੍ਰਗਟ ਕਰਨ ਲਈ ਨਹੀਂ ਆਏ ਅਤੇ ਉਨ੍ਹਾਂ ਨੇ ਮਾਰੇ ਗਏ ਸਿੱਖਾਂ ਲਈ ਕਿਸੇ ਮੁਆਵਜ਼ੇ ਦਾ ਐਲਾਨ ਵੀ ਨਹੀਂ ਕੀਤਾ। ਅਸੀਂ ਪੀੜਤਾਂ ਲਈ 'ਸ਼ਹੀਦ ਪੈਕੇਜ' ਦੀ ਮੰਗ ਕੀਤੀ ਹੈ, ਜਿਸ ਵਿੱਚ ਲਗਭਗ 1 ਕਰੋੜ ਰੁਪਏ ਨਕਦ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਸ਼ਾਮਲ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Pakistan, Pakistan government, Sikh