• Home
 • »
 • News
 • »
 • punjab
 • »
 • UAE THE FIRST CHARTERED FLIGHT CARRYING 177 PUNJABIS ARRIVED IN INDIA

ਡਾ. ਓਬਰਾਏ ਦੀ ਪਹਿਲ ਸਦਕਾ ਯੂਏਈ. 'ਚ ਫਸੇ 177 ਪੰਜਾਬੀਆਂ ਨੂੰ ਲੈ ਕੇ ਪਹਿਲੀ ਚਾਰਟਰਡ ਉਡਾਣ ਪੁੱਜੀ ਵਤਨ

ਡਾ. ਓਬਰਾਏ ਦੀ ਪਹਿਲ ਸਦਕਾ ਯੂਏਈ. 'ਚ ਫਸੇ 177 ਪੰਜਾਬੀਆਂ ਨੂੰ ਲੈ ਕੇ ਪਹਿਲੀ ਚਾਰਟਰਡ ਉਡਾਣ ਪੁੱਜੀ ਵਤਨ

 • Share this:
  ਆਪਣੀ ਨਿੱਜੀ ਕਮਾਈ ਦਾ 98 ਫ਼ੀਸਦੀ ਹਿੱਸਾ ਭਾਵ ਕਰੋੜਾਂ ਰੁਪਏ ਖਰਚ ਕੇ ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਲਿਆਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਆਪਣੇ ਕਹੇ ਬੋਲ ਪੁਗਾਉਂਦਿਆਂ ਯੂ.ਏ.ਈ. ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 177 ਲੋਕਾਂ ਨੂੰ ਆਪਣੇ ਖਰਚ 'ਤੇ ਬੁੱਕ ਕੀਤੇ ਪਹਿਲੇ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਵਤਨ ਲਿਆ ਕੇ ਸੇਵਾ ਦੇ ਖੇਤਰ ਅੰਦਰ ਇਕ ਵਾਰ ਮੁੜ ਇਤਿਹਾਸ ਸਿਰਜ ਦਿੱਤਾ ਹੈ।

  ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਦੇ ਹਨ ਜਿਨ੍ਹਾਂ 'ਚੋਂ ਇੱਕ ਉਹ ਲੋਕ ਹਨ,ਜੋ ਦੁਬਈ 'ਚ ਘੁੰਮਣ ਲਈ ਗਏ ਸਨ ਪਰ ਉੱਥੇ ਫਸ ਗਏ। ਉਨ੍ਹਾਂ ਕਿਹਾ ਕਿ ਇਹ ਵਰਗ ਤਾਂ ਆਪਣੇ ਕੋਲੋਂ ਸਾਰੇ ਪੈਸੇ ਖਰਚ ਕੇ ਵਾਪਸ ਆਉਣ ਦੇ ਸਮਰੱਥ ਹੈ। ਦੂਜਾ ਵਰਗ ਉਹ ਹੈ ਜੋ ਉੱਥੇ ਵੱਡੀਆਂ ਕੰਪਨੀਆਂ 'ਚ ਕੰਮ ਕਰਨ ਵਾਲੇ ਕਾਮੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕੰਪਨੀਆਂ ਹੀ ਆਪਣੇ ਖਰਚ 'ਤੇ ਵਾਪਸ ਭੇਜਣ ਲਈ ਤਿਆਰ ਹਨ ਅਤੇ ਤੀਜਾ ਵਰਗ ਉਹ ਹੈ ਜੋ ਵਾਪਸ ਆਉਣ ਲਈ ਆਪਣੇ ਕੋਲੋਂ ਵੀ 25 ਤੋਂ 50 ਫੀਸਦੀ ਖਰਚ ਕਰ ਸਕਦਾ ਹੈ।

  ਉਨ੍ਹਾਂ ਦੱਸਿਆ ਕਿ ਜਦ ਕਿ ਚੌਥਾ ਵਰਗ ਜੋ ਸਭ ਤੋੰ ਵੱਧ ਗਿਣਤੀ ਭਾਵ ਹਜ਼ਾਰਾਂ 'ਚ ਹੈ, ਉਹ ਅਜਿਹੇ ਕਾਮੇ ਹਨ ਜੋ ਕਰੋਨਾ ਮਹਾਂਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ 'ਤੇ ਆ ਚੁੱਕੇ ਹਨ, ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਬਈ ਅੰਦਰ ਉਨ੍ਹਾਂ ਦੀਆਂ ਆਪਣੀਆਂ ਨਿੱਜੀ ਰਿਹਾਇਸ਼ੀ ਪਨਾਹਗਾਹਾਂ ਅੰਦਰ ਜਿੰਨੀ ਜਗ੍ਹਾ ਖਾਲੀ ਸੀ, ਉਨ੍ਹਾਂ ਅੰਦਰ ਤਾਂ ਉਹ ਸੈੰਕੜੇ ਬੇਰੁਜ਼ਗਾਰ ਕਾਮਿਆਂ ਨੂੰ ਆਪਣੇ ਪੱਧਰ 'ਤੇ ਮੁਫ਼ਤ ਰਿਹਾਇਸ਼ ਤੇ ਖਾਣਾ ਦੇ ਰਹੇ ਹਨ ਪਰ ਸਭ ਨੂੰ ਉੱਥੇ ਰੱਖਣਾ ਅਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਦੁਬਈ ਤੋਂ ਭਾਰਤ ਆਉਣ ਲਈ ਪੰਜੀਕ੍ਰਿਤ (ਰਜਿਸਟਰਡ) ਹੋਏ ਲੋਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ਪਰ ਸੀਮਤ ਉਡਾਣਾਂ ਹੋਣ ਕਾਰਨ ਬਹੁਤ ਸਮਾਂ ਲੱਗ ਰਿਹਾ ਹੈ, ਜਿਸ ਕਾਰਨ ਦਿਨ ਬਦਿਨ ਉੱਥੇ ਬੇਰੁਜ਼ਗਾਰ ਹੋਏ ਲੋਕਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ।

  ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਆਪਣੇ ਖਰਚ ਤੇ ਬੁੱਕ ਕਰਵਾਈਆਂ 4 ਵਿਸ਼ੇਸ਼ ਉਡਾਣਾਂ 'ਚੋਂ ਪਹਿਲੀ ਚਾਰਟਰਡ ਉਡਾਣ ਜੋ ਬੀਤੀ ਰਾਤ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ਤੇ ਪਹੁੰਚੀ ਸੀ,ਉਸ ਰਾਹੀਂ 177 ਪੰਜਾਬੀਆਂ ਨੂੰ ਵਾਪਸ ਲਿਆਉਣ ਉਪਰੰਤ ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਅੰਦਰ ਭੇਜ ਦਿੱਤਾ ਗਿਆ ਹੈ। ਇਸ ਉਡਾਣ ਰਾਹੀਂ ਆਏ ਲੋਕ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ,
  ਫਰੀਦਕੋਟ,  ਫਤਹਿਗੜ੍ਹ ਸਾਹਿਬ,  ਹੁਸ਼ਿਆਰਪੁਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸਨ।

  ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਆਉਣ ਵਾਲੇ ਸਾਰੇ ਲੋਕਾਂ ਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਆਪਣੇ ਖਰਚੇ ਤੇ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੇ ਹੀ ਕਰੋਨਾ ਟੈਸਟ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਫਲਾਈਟ ਰਾਹੀਂ ਉਪਰੋਕਤ ਚਾਰਾਂ ਵਰਗਾਂ ਦੇ ਲੋਕ ਵਾਪਸ ਆਏ ਹਨ ਪਰ ਇਨ੍ਹਾਂ 'ਚ ਸਭ ਤੋਂ ਵੱਧ ਉਹ ਲੋਕ ਹਨ,ਜਿਨ੍ਹਾਂ ਦੀ ਸਮੁੱਚੀ ਟਿਕਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖ੍ਰੀਦੀ ਗਈ ਹੈ।

  ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਉੱਥੇ ਫਸੇ ਬੇਰੁਜ਼ਗਾਰ ਤੇ ਬੇਵੱਸ ਲੋਕਾਂ ਨੂੰ ਮੁਫਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਟਰੱਸਟ ਵੱਲੋਂ ਅਗਲੇ ਮਹੀਨੇ ਵੀ ਆਪਣੇ ਖਰਚ ਤੇ 4 ਹੋਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਬੁੱਕ ਕਰਵਾਏ ਗਏ ਚਾਰਟਰਡ ਜਹਾਜ਼ਾਂ 'ਚੋਂ ਅਗਲੀ ਭਾਵ ਦੂਜੀ ਫਲਾਈਟ 13 ਜੁਲਾਈ ਨੂੰ ਅੰਮ੍ਰਿਤਸਰ, ਤੀਜੀ 19 ਜੁਲਾਈ ਨੂੰ ਮੁੜ ਚੰਡੀਗੜ੍ਹ ਜਦ ਕਿ ਚੌਥੀ ਫਲਾਈਟ 25 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਫਲਾਈਟਾਂ ਲਈ ਉੱਥੇ ਫਸੇ ਲੋਕਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦੁਬਈ ਸਥਿਤ ਦਫਤਰ ਵਿਖੇ ਆਪਣੇ ਨਾਂ ਰਜਿਸਟਰਡ ਕਰਵਾ ਲਏ ਹਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਹਵਾਈ ਅੱਡੇ ਤੇ ਡਾ.ਐੱਸ.ਪੀ. ਸਿੰਘ ਓਬਰਾਏ ਤੋਂ ਇਲਾਵਾ ਟਰੱਸਟੀ ਗੁਰਜੀਤ ਸਿੰਘ ਓਬਰਾਏ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
  Published by:Gurwinder Singh
  First published: