ਵੱਡੀ ਮਾਤਰਾ ਵਿੱਚ ਹਰਿਆਣਾ ਤੋਂ ਤਸਕਰੀ ਕਰਕੇ ਲਿਆਂਦੀ ਨਾਜਾਇਜ਼ ਸ਼ਰਾਬ ਦੀ ਕੀਤੀ ਬਰਮਾਦਗੀ

News18 Punjabi | News18 Punjab
Updated: February 19, 2021, 8:43 AM IST
share image
ਵੱਡੀ ਮਾਤਰਾ ਵਿੱਚ ਹਰਿਆਣਾ ਤੋਂ ਤਸਕਰੀ ਕਰਕੇ ਲਿਆਂਦੀ ਨਾਜਾਇਜ਼ ਸ਼ਰਾਬ ਦੀ ਕੀਤੀ ਬਰਮਾਦਗੀ
ਵੱਡੀ ਮਾਤਰਾ ਵਿੱਚ ਹਰਿਆਣਾ ਤੋਂ ਤਸਕਰੀ ਕਰਕੇ ਲਿਆਂਦੀ ਨਾਜਾਇਜ਼ ਸ਼ਰਾਬ ਦੀ ਕੀਤੀ ਬਰਮਾਦਗੀ

ਆਬਕਾਰੀ ਵਿਭਾਗ ਨੇ ‘ਆਪ੍ਰੇਸ਼ਨ ਰੈੱਡ ਰੋਜ਼’ ਤਹਿਤ ਗ਼ੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

  • Share this:
  • Facebook share img
  • Twitter share img
  • Linkedin share img
ਚੰਡੀਗੜ : ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ‘ਤੇ ਕਾਬੂ ਪਾਉਣ ਲਈ ‘ਆਪ੍ਰੇਸ਼ਨ ਰੈੱਡ ਰੋਜ਼’ ਤਹਿਤ ਵੀਰਵਾਰ ਨੂੰ ਗੁਆਂਢੀ ਰਾਜਾਂ ਦੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵਲੋਂ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ,ਆਬਕਾਰੀ ਅਤੇ ਕਰ ਵਿਭਾਗ ਦੇ ਆਈ.ਜੀ.ਪੀ. ਮੋਹਨੀਸ਼ ਚਾਵਲਾ ਅਤੇ ਸੰਯੁਕਤ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਦੀ ਅਗਵਾਈ ਵਿੱਚ, ਏ.ਆਈ.ਜੀ. (ਈ ਐਂਡ ਟੀ) ਏ.ਪੀ.ਐਸ. ਘੁੰਮਣ, ਡਿਪਟੀ ਕਮਿਸ਼ਨਰ (ਆਬਕਾਰੀ) ਰਾਜਪਾਲ ਐਸ. ਖਹਿਰਾ ਅਤੇ ਏ.ਸੀ. (ਐਕਸ) ਵਿਨੋਦ ਪਾਹੂਜਾ ਦੀ ਨਿਗਰਾਨੀ ਵਿੱਚ ਇਕ ਵੱਡਾ ਆਪ੍ਰੇਸ਼ਨ ਚਲਾਇਆ ਗਿਆ।

ਬੁਲਾਰੇ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਕਿ ਧੀਰਜ ਕੁਮਾਰ ਵਾਸੀ ਪਿੰਡ ਹਿਆਨਾ ਕਲਾਂ, ਨਾਭਾ, ਹਰਿਆਣਾ ਤੋਂ ਸ਼ਰਾਬ ਦੇ ਠੇਕੇਦਾਰ ਰਵੀ ਅਤੇ ਰਾਮਪਾਲ, ਪੱਪੂ ਉਰਫ ਪੱਪਾ ਵਾਸੀ ਪਿੰਡ ਮੋਹੀ, ਲੁਧਿਆਣਾ, ਨਰਿੰਦਰ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਰਾਜਪੁਰਾ,ਅੰਮ੍ਰਿਤਪਾਲ ਸਿੰਘ ਵਾਸੀ ਰਾਮਪੁਰਾ ਫੂਲ ਅਤੇ ਹਰਿਆਣਾ ਨਾਲ ਸਬੰਧਤ ਕਈ ਹੋਰ ਲੋਕ ਆਪਣੇ ਵਾਹਨਾਂ ਰਾਹੀਂ ਭਾਰੀ ਮਾਤਰਾ ਵਿਚ ਨਾਜਾਇਜ਼ ਸਰਾਬ ਦੀ ਤਸਕਰੀ ਕਰਨ ਅਤੇ ਇਸ ਨੂੰ ਲੁਧਿਆਣਾ ਅਤੇ ਫਤਿਹਗੜ ਸਾਹਿਬ ਜ਼ਿਲਿਆਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਵੇਚਣ ਵਿਚ ਸ਼ਾਮਲ ਹਨ। ਇਸ ਤੋਂ ਬਾਅਦ ਆਬਕਾਰੀ ਵਿਭਾਗ ਅਤੇ ਆਬਕਾਰੀ ਪੁਲਿਸ ਦੀਆਂ ਟੀਮਾਂ ਸਾਂਝੇ ਆਪ੍ਰੇਸ਼ਨ ਲਈ ਤੁਰੰਤ ਹਰਕਤ ਵਿੱਚ ਆ ਗਈਆਂ।

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਤਲਾਹ ਮਿਲਣ ‘ਤੇ ਤਸਕਰਾਂ ਵਲੋਂ ਵਰਤੇ ਗਏ ਸ਼ੱਕੀ ਵਾਹਨ ਦਾ ਪਤਾ ਲਗਾਉਣ ਲਈ ਆਪ੍ਰੇਸ਼ਨਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ । ਇਸ ਤੱਥ ਦੀ ਪੁਸ਼ਟੀ ਤੋਂ ਬਾਅਦ ਕਿ ਵਾਹਨ ਲੱਦ ਕੇ ਪੰਜਾਬ ਭੇਜਿਆ ਗਿਆ ਹੈ, ਟੀ-ਪੁਆਇੰਟ ਜੀ.ਟੀ. ਰੋਡ, ਪਿੰਡ ਮਹਿਮਦਪੁਰ ਜੱਟਾਂ, ਸ਼ੰਭੂ ’ਤੇ ਵਿਸ਼ੇਸ਼ ਨਕਾਬੰਦੀ ਕੀਤੀ ਗਈ । ਟੀਮ ਨੇ ਸਫਲਤਾਪੂਰਵਕ ਵਾਹਨ ਨੰ. ਪੀ.ਬੀ 10ਬੀ.ਕੇ-6683 ਅਤੇ ਇੱਕ ਪਾਇਲਟ ਵਾਹਨ ਚਿੱਟੀ ਬੋਲੇਰੋ ਐਚ.ਆਰ 20 ਏ.ਜੇ- 2324.ਨੂੰ ਕਾਬੂ ਕਰ ਲਿਆ। ਪਹਿਲੀ ਨਜ਼ਰ ਵਿੱਚ ਤਸਕਰੀ ਲਈ ਵਰਤਿਆ ਗਿਆ ਵਾਹਨ ਖਾਲੀ ਜਾਪਦਾ ਸੀ ਪਰ ਵਾਹਨ ਦੀ ਸਖ਼ਤ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਸ਼ਰਾਬ ਨੂੰ ਲੁਕਾਉਣ ਅਤੇ ਅਧਿਕਾਰੀਆਂ ਨੂੰ ਚਕਮਾ ਦੇਣ ਲਈ ਇਸ ਵਿਚ ਇਕ ਵਿਸ਼ੇਸ਼ ਕੈਬਿਨ ਬਣਾਇਆ ਗਿਆ ਸੀ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਕੈਬਿਨ ਦੀ ਚੈਕਿੰਗ ਕਰਨ ‘ਤੇ ਸ਼ਰਾਬ ਦੀਆਂ 310 ਪੇਟੀਆਂ (3720 ਬੋਤਲਾਂ) ਫਸਟ ਚੁਆਇਸ ਬ੍ਰਾਂਡ (ਕੇਵਲ ਹਰਿਆਣਾ ਵਿਚ ਵਿਕਰੀ ਲਈ) ਬਰਾਮਦ ਕੀਤੀਆਂ ਜੋ ਕਿ ਪਿੰਡ ਮੋਹੀ, ਲੁਧਿਆਣਾ ਦੇ ਪੱਪੂ ਉਰਫ ਪੱਪਾ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ। ਇਸ ਸ਼ਰਾਬ ਦੀ ਹਿਆਨਾ ਕਲਾਂ, ਨਾਭਾ ਦੇ ਧੀਰਜ ਕੁਮਾਰ ਰਾਹੀ ਤਸਕਰੀ ਕੀਤੀ ਜਾ ਰਹੀ ਸੀ ਜੋ ਕਿ ਇੱਕ ਨਾਮਵਰ ਤਸਕਰ ਹੈ ਅਤੇ ਇਸ ਉੱਪਰ ਪਹਿਲਾਂ ਹੀ ਹਰਿਆਣਾ ਤੋਂ ਸਰਾਬ ਦੀ ਤਸਕਰੀ ਲਈ ਐਫਆਈਆਰ ਨੰ 8/21 ਤਹਿਤ ਪੰਜਾਬ ਆਬਕਾਰੀ ਐਕਟ ਅਤੇ ਆਈਪੀਸੀ ਦੀ ਧਾਰਾ 465,467,468,471, 473,120ਬੀ ਤਹਿਤ ਥਾਣਾ ਸਦਰ ਕੁਰਾਲੀ ਵਿਖੇ ਮਾਮਲਾ ਦਰਜ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਦੋਸ਼ੀਆਂ ਉਪਰ ਪੰਜਾਬ ਐਕਸਾਈਜ ਐਕਟ ਦੀ ਧਾਰਾ 61-1-14, 78 (2) ਤਹਿਤ ਥਾਣਾ ਸਦਰ ਸ਼ੰਭੂ ਵਿਖੇ ਐਫ.ਆਈ.ਆਰ ਨੰ. 28 ਮਿਤੀ 17.02.21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋ ਨੂੰ ਮੌਕੇ ਤੋਂ ਗਿ੍ਰਫਤਾਰ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਜਾਂਚ ਦੌਰਾਨ ਹਰਿਆਣਾ ਅਤੇ ਪੰਜਾਬ ਤੋਂ ਤਸਕਰੀ ਕੀਤੀ ਗਈ ਸ਼ਰਾਬ ਪ੍ਰਾਪਤ ਕਰਨ ਵਾਲੇ ਅਤੇ ਇੱਧਰ-ਉੱਧਰ ਸਪਲਾਈ ਕਰਨ ਵਾਲਿਆਂ ਦੀ ਮੁੱਖ ਕੜੀ ਦੀ ਪੜਤਾਲ ਵੀ ਬੜੀ ਤੇਜੀ ਕੀਤੀ ਜਾ ਰਹੀ ਹੈ। ਆਬਕਾਰੀ ਵਿਭਾਗ ਅਤੇ ਆਬਕਾਰੀ ਪੁਲਿਸ ਵਿਭਾਗ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨਾਲ ਸਿੱਝਣ ਲਈ ਆਪ੍ਰੇਸ਼ਨ ਰੈੱਡ ਰੋਜ਼ ਅਧੀਨ ਇਕ ਸਾਂਝਾ ਮੋਰਚਾ ਬਣਾਇਆ ਹੈ ਅਤੇ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Published by: Sukhwinder Singh
First published: February 19, 2021, 8:43 AM IST
ਹੋਰ ਪੜ੍ਹੋ
ਅਗਲੀ ਖ਼ਬਰ