ਪੰਜਾਬ 'ਚ ਪਾੜ੍ਹਿਆਂ ਅੱਗੇ ਬੇਰੁਜ਼ਗਾਰੀ ਦਾ ਪਹਾੜ, ਮਹੀਨਿਆਂ 'ਚ ਵਧੇ ਲੱਖਾਂ ਬੇਰੁਜ਼ਗਾਰ

News18 Punjabi | News18 Punjab
Updated: July 25, 2020, 11:30 AM IST
share image
ਪੰਜਾਬ 'ਚ ਪਾੜ੍ਹਿਆਂ ਅੱਗੇ ਬੇਰੁਜ਼ਗਾਰੀ ਦਾ ਪਹਾੜ, ਮਹੀਨਿਆਂ 'ਚ ਵਧੇ ਲੱਖਾਂ ਬੇਰੁਜ਼ਗਾਰ
Unemployment rises in Punjab, questions on government policies ਪੰਜਾਬ 'ਚ ਪਾੜ੍ਹਿਆਂ ਅੱਗੇ ਬੇਰੁਜ਼ਗਾਰੀ ਦਾ ਪਹਾੜ, ਮਹੀਨਿਆਂ 'ਚ ਵਧੇ ਲੱਖਾਂ ਬੇਰੁਜ਼ਗਾਰ

  • Share this:
  • Facebook share img
  • Twitter share img
  • Linkedin share img
ਰਮਨਦੀਪ ਸਿੰਘ ਭਾਗੂ

ਪੰਜਾਬ 'ਚ ਪੜ੍ਹੇ ਲਿਖੇ ਨੌਜਵਾਨਾਂ ਦੀ ਕਮੀ ਨਹੀਂ, ਉਹਨਾਂ ਵੱਲੋਂ ਕੀਤੀਆਂ ਡਿਗਰੀਆਂ ਵੀ ਘੱਟ ਨਹੀਂ, ਬਸ ਕਮੀ ਤਾਂ ਨੌਕਰੀ ਦੀ ਹੈ। ਹਜ਼ਾਰਾਂ ਨੌਜਵਾਨ ਕਾਲਜਾਂ, ਯੂਨੀਵਰਸਿਟੀਆਂ, ਤਕਨੀਕੀ ਅਦਾਰਿਆਂ 'ਚੋਂ ਡਿਗਰੀਆਂ ਲੈ ਕੇ ਹਰ ਸਾਲ ਰੋਜ਼ਗਾਰ ਦੀ ਭਾਲ 'ਚ ਨਿਕਲਦੇ ਹਨ ਪਰ ਰੋਜ਼ਗਾਰ ਇਹਨਾਂ 'ਚੋਂ ਗਿਣੇ ਚੁਣੇ ਨੌਜਵਾਨਾਂ ਦੇ ਹੱਥ ਹੀ ਆਉਂਦਾ ਹੈ ਤੇ ਬਾਕੀ ਡਿਗਰੀਆਂ ਹੋਣ ਦੇ ਬਾਵਜੂਦ ਭੀੜ ਦਾ ਹਿੱਸਾ ਬਣ ਜਾਂਦੇ ਹਨ। ਜੋ ਇਸ ਗੱਲ ਦਾ ਸੰਕੇਤ ਹੈ ਕਿ ਰੋਜ਼ਗਾਰ ਦੇ ਮੌਕੇ ਘੱਟ ਹਨ।

ਪੰਜਾਬ ਸਰਕਾਰ ਭਾਵੇਂ ਰੋਜ਼ਗਾਰ ਮੇਲਿਆਂ ਜ਼ਰੀਏ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਮ ਭਰਦੀ ਹੈ ਪਰ ਦੂਜੇ ਪਾਸੇ ਸਰਕਾਰ ਦੇ ਆਪਣੇ ਹੀ ਅੰਕੜੇ ਇੱਕ ਹੋਰ ਤਸਵੀਰ ਵੀ ਪੇਸ਼ ਕਰਦੇ ਹਨ। ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਸਕੀਮ ਤਹਿਤ ਬਣਾਏ ਪੋਰਟਲ 'ਤੇ ਬੇਰੁਜ਼ਗਾਰਾਂ ਦੀ ਭੀੜ ਇਕੱਠੀ ਹੋ ਰਹੀ ਹੈ। ਨੌਕਰੀ ਦੀ ਤਲਾਸ਼ 'ਚ ਘੁੰਮ ਰਹੇ ਲੱਖਾਂ ਨੌਜਵਾਨ ਰੁਜ਼ਗਾਰ ਮਿਲਣ ਦੀ ਉਮੀਦ 'ਚ ਧੜਾ-ਧੜ ਆਪਣੇ ਨਾਂ ਇਸ ਪੋਰਟਲ 'ਤੇ ਰਜਿਸਟਰਡ ਕਰਵਾ ਰਹੇ ਹਨ। ਪਿਛਲੇ ਕੁਝ ਮਹੀਨਿਆਂ 'ਚ ਬੇਰੁਜ਼ਗਾਰਾਂ ਦੀ ਗਿਣਤੀ 'ਚ ਅਚਾਨਕ ਵਾਧਾ ਹੋਇਆ ਹੈ। ਪਿਛਲੇ 4 ਕੁ ਮਹੀਨਿਆਂ 'ਚ ਹੀ 10ਵੀਂ ਪਾਸ ਤੋਂ ਲੈ ਕੇ ਪੀਐੱਚਡੀ ਦੀ ਡਿਗਰੀ ਵਾਲੇ ਲੱਖਾਂ ਨੌਜਵਾਨਾਂ ਨੇ ਘਰ ਘਰ ਰੋਜ਼ਗਾਰ 'ਚ ਸਕੀਮ ਆਪਣੇ ਨਾਂ ਦਰਜ ਕਰਵਾਏ ਹਨ।
25 ਅਕਤੂਬਰ 2018 ਨੂੰ ਹੋਂਦ 'ਚ ਆਏ ਇਸ ਪੋਰਟਲ 'ਤੇ ਹੁਣ ਤੱਕ 8 ਲੱਖ ਦੇ ਕਰੀਬ ਬੇਰੁਜ਼ਗਾਰ ਖੁਦ ਨੂੰ ਰਜਿਸਟਰਡ ਕਰਵਾ ਚੁੱਕੇ ਹਨ।  31 ਦਸੰਬਰ 2019 ਤੱਕ ਸਿਰਫ 2,69,534 ਲੋਕ ਰਜਿਸਟਰਡ ਸਨ ਤੇ ਇਸ ਸਾਲ ਰਜਿਸਟਰਡ ਹੋਏ ਲੋਕਾਂ ਦੀ ਗਿਣਤੀ ਸਵਾ 5 ਲੱਖ ਦੇ ਕਰੀਬ ਹੈ। ਯਾਨੀ ਸਿਰਫ 8 ਮਹੀਨੇ 'ਚ ਸਵਾ 5 ਲੱਖ ਬੇਰੁਜ਼ਗਾਰਾਂ ਨੇ ਨੌਕਰੀ ਦੀ ਭਾਲ ਲਈ ਸਰਕਾਰ ਕੋਲ ਆਪਣੇ ਨਾਂ ਦਿੱਤੇ ਹਨ।

ਹਰ ਮਹੀਨੇ ਦਾ ਜੇ ਔਸਤ ਕੱਢ ਲਈਏ ਤਾਂ 66 ਹਜ਼ਾਰ ਦੇ ਕਰੀਬ ਬੈਠਦਾ ਹੈ, ਯਾਨੀ ਹਰ ਮਹੀਨੇ 66 ਹਜ਼ਾਰ ਬੇਰੁਜ਼ਗਾਰ ਨੌਜਵਾਨ ਨੌਕਰੀ ਲਈ ਆ ਰਹੇ ਹਨ। ਇਹ ਉਹ ਅੰਕੜਾ ਹੈ ਜੋ ਇਸ ਪੋਰਟਲ 'ਤੇ ਰਜਿਸਟਰਡ ਹੈ, ਬਹੁਤ ਸਾਰੇ ਐਸੇ ਵੀ ਹੋਣਗੇ ਜਿਹਨਾਂ ਨੇ ਆਪਣੇ ਨਾਂ ਦਰਜ ਨਹੀਂ ਕਰਵਾਏ ਹੋਣਗੇ। ਪੋਰਟਲ ਦੇ ਅੰਕੜੇ ਮੁਤਾਬਿਕ ਬੇਰੁਜ਼ਗਾਰਾਂ ਦੀ ਗਿਣਤੀ  8 ਲੱਖ ਦੇ ਕਰੀਬ ਹੈ ਪਰ ਸਰਕਾਰ ਨੇ ਜੋ ਸਰਕਾਰੀ ਨੌਕਰੀਆਂ ਦੀ ਉਪਲੱਬਤਾ ਦੱਸੀ ਹੈ ਉਹ ਮਹਿਜ 4561 ਹੈ ਅਤੇ ਪ੍ਰਾਈਵੇਟ ਨੌਕਰੀਆਂ 4690 ਦੱਸੀਆਂ ਹਨ।

ਆਰਥਿਕ ਸਰਵੇਖਣ ਪੰਜਾਬ 2020 ਦੀ ਰਿਪੋਰਟ ਵੀ ਪੰਜਾਬ 'ਚ ਬੇਰੁਜ਼ਗਾਰੀ ਦੀ ਤਸਵੀਰ ਨੂੰ ਪੇਸ਼ ਕਰਦੀ ਹੈ। ਇਸ ਰਿਪੋਰਟ ਮੁਤਾਬਿਕ ਸੂਬੇ ਅੰਦਰ ਬੇਰੁਜ਼ਗਾਰੀ ਦੀ ਦਰ ਦੇਸ਼ ਨਾਲੋਂ ਵੱਧ ਹੈ। ਰਿਪੋਰਟ ਮੁਤਾਬਿਕ ਦੇਸ਼ 'ਚ ਇਹ ਦਰ 17.8 ਫੀਸਦ ਹੈ ਜਦਕਿ ਪੰਜਾਬ 'ਚ 21.6 ਫੀਸਦ ਹੈ। ਪੇਂਡੂ ਖੇਤਰਾਂ 'ਚ ਹਾਲ ਜ਼ਿਆਦਾ ਮਾੜਾ ਹੈ। ਇੱਥੇ 23 ਫੀਸਦ ਤੱਕ ਬੇਰੁਜ਼ਗਾਰੀ ਹੈ ਜਦਕਿ ਦੇਸ਼ 'ਚ ਇਹ ਅੰਕੜਾ 17 ਫੀਸਦ ਹੀ ਹੈ। ਖਾਸ ਗੱਲ ਇਹ ਵੀ ਹੈ ਕਿ ਪੰਜਾਬ 'ਚ ਵੱਡੀ ਗਿਣਤੀ 'ਚ ਪੇਂਡੂ ਅਬਾਦੀ ਹੈ ਜੋ ਬੇਰੁਜ਼ਗਾਰੀ ਦੀ ਤਸਵੀਰ ਨੂੰ ਹੋਰ ਵੱਡਾ ਕਰਦੀ ਹੈ। ਔਰਤਾਂ ਨੂੰ ਰੋਜ਼ਗਾਰ ਦੇਣ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਹੋਰ ਵੀ ਪਤਲੀ ਹੈ। ਔਰਤਾਂ 'ਚ ਬੇਰੁਜ਼ਗਾਰੀ ਦੀ ਦਰ 37 ਫੀਸਦ ਤੱਕ ਹੈ ਜਦਕਿ ਦੇਸ਼ 'ਚ ਇਹ ਦਰ 18 ਫੀਸਦ ਹੀ ਹੈ।

ਬੇਰੁਜ਼ਗਾਰੀ ਦੇ ਇਹਨਾਂ ਅੰਕੜਿਆਂ ਵਿਚਾਲੇ ਇੱਕ ਹੋਰ ਪੱਖ ਵੀ ਹੈ। ਪੰਜਾਬ ਦੇਸ਼ ਦੇ ਉਹਨਾਂ ਸੂਬਿਆਂ 'ਚੋਂ ਇੱਕ ਹੈ ਜਿੱਥੇ ਰੋਜ਼ਗਾਰ ਦੀ ਭਾਲ 'ਚ ਲੋਕ ਆ ਕੇ ਵਸ ਰਹੇ ਹਨ। 2011 ਦੀ ਜਨਗਣਨਾ ਅਨੁਸਾਰ 25 ਲੱਖ ਦੇ ਕਰੀਬ ਲੋਕ ਬਾਹਰੀ ਸੂਬਿਆਂ ਤੋਂ ਆ ਕੇ ਪੰਜਾਬ 'ਚ ਵਸੇ ਹਨ। ਇਹਨਾਂ 'ਚੋਂ ਵੱਡੀ ਗਿਣਤੀ ਸਨਅਤੀ ਸ਼ਹਿਰ ਲੁਧਿਆਣਾ ਤੇ ਮੁਹਾਲੀ ਜ਼ਿਲ੍ਹੇ 'ਚ ਵਸੀ ਹੈ। ਜਿਸ ਦਾ ਮਤਲਬ ਹੈ ਕਿ ਇੰਨੇ ਲੋਕਾਂ ਨੇ ਪੰਜਾਬ 'ਚ ਆ ਕੇ ਰੁਜ਼ਗਾਰ ਦੇ ਵਸੀਲੇ ਲੱਭੇ ਹਨ, ਪਰ ਦੂਜੇ ਪਾਸੇ ਪੰਜਾਬ ਦੇ ਨੌਜਵਾਨ ਵੀ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਪੜ੍ਹਨ ਲਈ ਤੇ ਰੋਜ਼ਗਾਰ ਦੀ ਭਾਲ 'ਚ ਬਾਹਰਲੇ ਮੁਲਕਾਂ ਵੱਲ ਦੌੜ ਰਹੇ ਹਨ।
Published by: Gurwinder Singh
First published: July 25, 2020, 11:30 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading