ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਖੇਤਰਾਂ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਕਰਨ ਦਾ ਐਲਾਨ ਕੀਤਾ।
ਟੀਕਿਆਂ ਦੇ ਸੀਮਤ ਉਪਲੱਬਧ ਸਟਾਕ ਦੀ ਉਚਿਤ ਵਰਤੋਂ ਬਾਰੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ 18-44 ਉਮਰ ਸਮੂਹ ਦੇ ਸਹਿ-ਰੋਗੀਆਂ ਨੂੰ ਟੀਕੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। 12 ਮਈ ਨੂੰ ਖਤਮ ਹੋਏ ਹਫਤੇ ਵਿੱਚ ਪਾਜ਼ੇਟਿਵਟੀ ਦਰ 14.2 ਫੀਸਦੀ ਅਤੇ ਕੋਵਿਡ ਮੌਤ ਦਰ (ਸੀ.ਐਫ.ਆਰ.) 2.1 ਫੀਸਦੀ ਹੈ।
ਮੰਤਰੀ ਮੰਡਲ ਦੀ ਇਕ ਵਰਚੁਅਲ ਮੀਟਿੰਗ ਵਿਚ ਕੋਵਿਡ ਸਥਿਤੀ ਅਤੇ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਤਰਜੀਹੀ ਸਮੂਹਾਂ ਲਈ ਸ਼ਨਾਖਤ ਕੀਤੇ ਸਕੂਲਾਂ ਅਤੇ ਹੋਰ ਇਮਾਰਤਾਂ ਵਿੱਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਭੀੜ ਵਧਣ ਨਾਲ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਮਾਹਿਰ ਸਮੂਹ ਦੇ ਵਿਸ਼ੇਸ਼ ਇਨਵਾਇਟੀ ਡਾ. ਗਗਨਦੀਪ ਕੰਗ ਨੇ ਕੈਬਨਿਟ ਨੂੰ ਦੱਸਿਆ ਕਿ ਮੁੱਢਲੇ ਅੰਕੜਿਆਂ ਵਿੱਚ ਦੇਖਿਆ ਗਿਆ ਹੈ ਕਿ ਟੀਕੇ ਕੋਰੋਨਾ ਦੀ ਕਿਸਮ ਬੀ.1.617 ਵਿਰੁੱਧ ਲੜਨ ਸਮੇਤ ਕੋਰੋਨਾ ਵਾਇਰਸ ਖਿਲਾਫ ਉਮੀਦ ਨਾਲੋਂ ਬਿਹਤਰ ਕੰਮ ਕਰ ਰਹੇ ਹਨ ਜਿਸ ਲਈ ਟੀਕਾਕਰਨ ਪ੍ਰੋਗਰਾਮ ਦੀ ਵਿਸ਼ੇਸ਼ ਲੋੜ ਹੈ। ਉਨ੍ਹਾਂ ਕੋਵੀਸ਼ੀਲਡ ਦੀ ਸਮਰੱਥਾ ਅਤੇ ਉਪਲੱਬਧਤਾ ਦੇ ਮੱਦੇਨਜ਼ਰ ਇਸ ਦੀ ਵਿਆਪਕ ਵਰਤੋਂ ਦਾ ਸੁਝਾਅ ਦਿੱਤਾ ਅਤੇ ਦੱਸਿਆ ਹੈ ਕਿ ਕੋਵੀਸ਼ੀਲਡ ਦੀ ਇਕ ਖੁਰਾਕ ਵੀ ਵਧੇਰੇ ਪ੍ਰਭਾਵਸ਼ਾਲੀ ਹੈ ਅਤੇ ਦੂਜੀ ਖੁਰਾਕ ਨੂੰ 12 ਹਫਤਿਆਂ ਤੱਕ ਦਿੱਤਾ ਜਾ ਸਕਦਾ ਹੈ। ਡਾ. ਕੰਗ ਨੇ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਨੂੰ ਟੀਕਾਕਰਨ ਦੀ ਤਰਜੀਹੀ ਸੂਚੀ ਵਿੱਚ ਮੋਟਾਪੇ ਨੂੰ ਵੀ ਸ਼ਾਮਲ ਕਰਨ ਦੀ ਬੇਨਤੀ ਕੀਤੀ ਜਾਣੀ ਚਾਹੀਦੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona vaccine, COVID-19, Punjab Cabinet