ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਜਿਸ ਦਾ ਬੀਤੇ ਦਿਨੀਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਕਤਲ ਵਿਚ ਕਈ ਗੈਂਗਸਟਰਾਂ ਦੇ ਨਾਮ ਵੀ ਸ਼ਾਮਲ ਹਨ। ਹੁਣ ਪੰਜਾਬ ਸਰਕਾਰ ਗੈਂਗਸਟਰਾਂ ਦੀ ਦਹਿਸ਼ਤ ਨੂੰ ਖਤਮ ਕਰਨ ਲਈ ਗੰਭੀਰਤਾ ਨਾਲ ਯਤਨ ਪੱਟਣ ਵੱਲ ਧਿਆਨ ਦੇ ਰਹੀ ਹੈ ਅਤੇ ਜੇਲ੍ਹਾਂ ਵਿੱਚ ਚੱਲ ਰਹੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਗੰਭੀਰਤਾ ਨਾਲ ਕੰਮ ਕਰਦੀ ਦਿਖਾਈ ਦੇ ਰਹੀ ਹੈ। ਅੱਜ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਜੇਲ੍ਹ ਦਾ ਦੌਰਾ ਕੀਤਾ, ਜੇਲ੍ਹ ਵਿੱਚ ਬੰਦ ਕਈ ਨਾਮੀ ਗੈਂਗਸਟਰਾਂ ਨਾਲ ਵੀ ਮੁਲਾਕਾਤ ਕੀਤੀ ,ਉਨ੍ਹਾਂ ਨੂੰ ਇਸ ਦਹਿਸ਼ਤ ਤੋਂ ਬਾਹਰ ਆਉਣ ਦਾ ਸੁਨੇਹਾ ਦਿੱਤਾ। ਜੇਲ੍ਹ ਵਿੱਚ ਬੰਦ ਨਾਮੀ ਗੈਂਗਸਟਰਾਂ ਪ੍ਰਤੀ ਜੇਲ੍ਹ ਪ੍ਰਬੰਧਕਾਂ ਤੋਂ ਜਾਣਕਾਰੀ ਵੀ ਲਈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੇਲ੍ਹਾਂ ਵਿੱਚ ਚਲਦੇ ਗੈਂਗਸਟਰਾਂ ਦੇ ਨੈੱਟਵਰਕ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਤੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰੇਗੀ, ਜੇਲ੍ਹਾਂ ਨੂੰ ਸੁਧਾਰ ਘਰ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਉਹ ਉਨ੍ਹਾਂ ਗੈਂਗਸਟਰਾਂ ਨੂੰ ਵੀ ਮਿਲੇ ਹਨ ਜਿਨ੍ਹਾਂ ਦੀ ਉਮਰ ਬਹੁਤ ਛੋਟੀ ਹੈ , ਜਿਨ੍ਹਾਂ ਨੂੰ ਪੁਰਾਣੀਆਂ ਸਰਕਾਰਾਂ ਨੇ ਵਰਤਿਆ , ਇੱਥੋਂ ਤੱਕ ਕਿ ਇਕ ਤੋਂ ਇਕ ਕੇਸ ਪਾ ਕੇ ਉਨ੍ਹਾਂ ਨੂੰ ਲਗਾਤਾਰ ਜੇਲ੍ਹਾਂ ਵਿੱਚ ਬੰਦ ਕਰ ਰੱਖਿਆ ਹੈ, ਪਰ ਹੁਣ ਉਹ ਸੁਧਰਨਾ ਚਾਹੁੰਦੇ ਹਨ ।
ਹਰਜੋਤ ਬੈਂਸ ਨੇ ਦੱਸਿਆ ਕਿ ਜਲਦ ਹੀ ਜੇਲ੍ਹਾਂ ਵਿੱਚ ਸਾਹਮਣੇ ਆਈਆਂ ਖਾਮੀਆਂ ਨੂੰ ਪੂਰਾ ਕੀਤਾ ਜਾਵੇਗਾ, ਨਵੇਂ ਸਟਾਫ਼ ਦੀ ਭਰਤੀ ਕੀਤੀ ਜਾਵੇਗੀ, ਜੇਲ੍ਹਾਂ ਵਿਚ ਬਰਾਮਦ ਹੁੰਦੇ ਮੋਬਾਇਲ, ਨਸ਼ਿਆਂ ਨੂੰ ਖਤਮ ਕਰਨ ਲਈ ਜੇਲ੍ਹ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਨਿਸ਼ਚਤ ਕੀਤੀ ਜਾਵੇਗੀ ਤਾਂ ਜੋ ਜੇਲ੍ਹਾਂ ਵਿੱਚੋਂ ਫੋਨ ਰਾਹੀਂ ਮੰਗੀਆਂ ਜਾਂਦੀਆਂ ਫਰੋਤੀਆ, ਵੱਡੀਆਂ ਘਟਨਾਵਾਂ ਨੂੰ ਦਿੱਤੇ ਜਾ ਰਹੇ ਅੰਜਾਮ ਨੂੰ ਖ਼ਤਮ ਕੀਤਾ ਜਾ ਸਕੇ ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਗੈਂਗਸਟਰਾਂ ਦਾ ਨੈੱਟਵਰਕ ਜੇਲ੍ਹਾਂ ਵਿੱਚੋਂ ਚਲਦਾ ਹੈ ਤੇ ਜੇਲ੍ਹਾਂ ਵਿੱਚ ਬੰਦ ਨਾਮੀ ਗੈਂਗਸਟਰਾਂ ਨੂੰ ਖੁਫ਼ੀਆ ਏਜੰਸੀਆਂ ਖ਼ੁਦ ਫੋਨ ਮੁਹੱਈਆ ਕਰਵਾਉਂਦੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਜੇਲ੍ਹਾਂ ਵਿੱਚੋਂ ਚਲਦੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨ ਵਿੱਚ ਕਿੱਥੋਂ ਤਕ ਕਾਮਯਾਬ ਹੁੰਦੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bathinda Central Jail, Gangster, Harjot Singh Bains, Jail