ਉੱਤਰ ਭਾਰਤ ਵਿੱਚ ਮੌਸਮ ਦਾ ਮਿਜ਼ਾਜ ਦਿਨੋਂ ਦਿਨ ਵਿਗੜਦਾ ਜਾ ਰਿਹਾ ਹੈ। ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਖ਼ਾਸ ਕਰਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ `ਚ ਗਰਮੀ ਨੇ ਰਿਕਾਰਡ ਤੋੜ ਦਿਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਗਲੇ ਇੱਕ ਹਫ਼ਤੇ ਤੱਕ ਗਰਮੀ ਹੋਰ ਵਧ ਸਕਦੀ ਹੈ।
ਮਾਲਵਾ ਝੱਲੇਗਾ ਲੂ ਦਾ ਕਹਿਰ
ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ (ਬਠਿੰਡਾ) `ਤੇ ਪਹੁੰਚ ਚੁੱਕਿਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਹਫ਼ਤੇ ਮਾਲਵਾ ਖੇਤਰ `ਚ ਯਾਨਿ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਪਟਿਆਲਾ `ਚ ਜ਼ਬਰਦਸਤ ਲੂ ਚੱਲੇਗੀ। ਜਦਕਿ ਮਾਝਾ ਤੇ ਦੋਆਬਾ ਖੇਤਰ ਵਿੱਚ ਲੂ ਤੋਂ ਰਾਹਤ ਰਹੇਗੀ।
ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ `ਚ ਜ਼ਬਰਦਸਤ ਲੂ
ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਗਰਮੀ ਨੇ ਕਹਿਰ ਢਾਇਆ ਹੋਇਆ ਹੈ। ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ (ਸਿਰਸਾ) ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਹਫ਼ਤੇ ਕੈਥਲ, ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫ਼ਰੀਦਾਬਾਦ, ਰੋਹਤਕ, ਸੋਨੀਪਤ, ਪਾਨੀਪਤ, ਸਿਰਸਾ, ਫ਼ਤਿਹਾਬਾਦ, ਹਿਸਾਰ, ਜੀਂਦ, ਭਿਵਾਨੀ ਚਰਖੀ ਦਾਦਰੀ ਦੇ ਵਿੱਚ ਲੂ ਦਾ ਜ਼ਬਰਦਸਤ ਪ੍ਰਕੋਪ ਦੇਖਣ ਨੂੰ ਮਿਲੇਗੀ।
ਹਿਮਾਚਲ `ਚ ਪਾਰਾ 30 ਤੋਂ ਪਾਰ
ਉੱਧਰ ਗਰਮੀ ਦਾ ਪ੍ਰਕੋਪ ਹਿਮਾਚਲ ਪ੍ਰਦੇਸ਼ `ਤੇ ਵੀ ਨਜ਼ਰ ਆ ਰਿਹਾ ਹੈ। ਅਤੇ ਫ਼ਿਲਹਾਲ ਆਉਣ ਵਾਲੇ ਇੱਕ ਹਫ਼ਤੇ ਤੱਕ ਹਿਮਾਚਲ ਪ੍ਰਦੇਸ਼ ਦੇ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਲੱਗ ਰਹੇ। ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਪਾਰ ਪਹੁੰਚ ਚੁੱਕਿਆ ਹੈ। ਜਦਕਿ 11 ਸ਼ਹਿਰਾਂ ਵਿੱਚ ਮੌਸਮ ਵਿਭਾਗ ਵੱਲੋਂ ਲੂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ 9 ਅਪ੍ਰੈਲ ਤੱਕ ਹਿਮਾਚਲ ਦੇ ਮੈਦਾਨੀ ਤੇ ਘੱਟ ਉਚਾਈ ਵਾਲੇ ਇਲਾਕਿਆਂ ਵਿੱਚ ਲੂ ਚੱਲ ਸਕਦੀ ਹੈ। ਇਸ ਦੇ ਨਾਲ ਹੀ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Haryana, Heat wave, Himachal, Punjab, Weather