
ਮੌਸਮ ਵਿਭਾਗ ਦਾ Alert: 21 ਤੇ 22 ਜਨਵਰੀ ਨੂੰ ਤੇਜ਼ ਹਵਾਵਾਂ ਦੇ ਹਮਲੇ ਲਈ ਪੰਜਾਬ-ਹਰਿਆਣਾ ਵਾਸੀ ਰਹਿਣ ਤਿਆਰ
ਉੱਤਰ ਭਾਰਤ ਵਿੱਚ ਰਿਕਾਰਡ ਤੋੜ ਠੰਢ ਪੈ ਰਹੀ ਹੈ। ਇੱਕ ਪਾਸੇ ਜਿੱਥੇ ਕੋਰੋਨਾ ਪੂਰੇ ਦੇਸ਼ ਵਿੱਚ ਕਹਿਰ ਢਾਹ ਰਿਹਾ ਹੈ, ਉੱਥੇ ਹੀ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਨੇ ਵੱਟ ਕੱਢ ਦਿਤੇ ਹਨ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿਤਾ ਹੈ ਕਿ 21 ਤੇ 22 ਜਨਵਰੀ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ 20-30 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।
ਮੌਸਮ ਵਿਭਾਗ ਦੇ ਮੁਤਾਬਕ 21 ਜਨਵਰੀ ਨੂੰ ਪੱਛਮੀ ਗੜਬੜੀ ਮੁੜ ਸਰਗਰਮ ਹੋਣ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਉੱਤਰ ਪੱਛਮੀ ਭਾਰਤ ਵਿੱਚ ਤੇਜ਼ ਹਵਾਵਾਂ ਚੱਲਣਗੀਆਂ। ਇਸੇ ਨਾਲ ਹੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਤਾਜ਼ਾ ਪੱਛਮੀ ਗੜਬੜ 21 ਜਨਵਰੀ, 2022 ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।
ਸੰਘਣੀ ਧੁੰਦ ਨੇ ਕੀਤਾ ਪਰੇਸ਼ਾਨ
ਵੀਰਵਾਰ ਦੀ ਸਵੇਰ ਸੰਘਣੀ ਧੁੰਦ ਦੀ ਚਾਦਰ ਨੇ ਪੰਜਾਬ ਦੇ ਕਈ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਢਕ ਲਿਆ। ਧੁੰਦ ਦੇ ਚਲਦਿਆਂ ਕਈ ਟਰੇਨਾਂ ਵੀ ਲੇਟ ਹੋਣ ਦੀਆਂ ਖ਼ਬਰਾਂ ਆਈਆਂ। ਮੌਸਮ ਵਿਭਾਗ ਦੇ ਮੁਤਾਬਕ ਫ਼ਿਲਹਾਲ ਤਕਰੀਬਨ 8 ਦਿਨਾਂ ਤੱਕ ਠੰਢ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਸੰਘਣੀ ਧੁੰਦ ਵੀ ਪਰੇਸ਼ਾਨ ਕਰ ਸਕਦੀ ਹੈ।
ਮੌਸਮ ਵਿਭਾਗ ਦਾ ਕਹਿਣੈ ਕਿ 20 ਤੋਂ 24 ਜਨਵਰੀ ਤੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਚ ਸੰਘਣਾ ਕੋਰ੍ਹਾ ਪਵੇਗਾ। ਇਸ ਦੇ ਨਾਲ ਹੀ ਠੰਢ ਪਹਿਲਾਂ ਨਾਲੋਂ ਜ਼ਿਆਦਾ ਜ਼ੋਰ ਵਧਾਏਗੀ। ਯਾਨਿ ਕਿ ਅਗਲੇ 5 ਦਿਨ ਪੰਜਾਬ ਵਿੱਚ ਜ਼ਬਰਦਸਤ ਠੰਢ ਪਵੇਗੀ ਤੇ ਨਾਲ ਹੀ ਸੰਘਣੀ ਧੁੰਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। 21 ਤੇ 22 ਜਨਵਰੀ ਨੂੰ ਤੇਜ਼ ਰਫ਼ਤਾਰ ਸੀਤ ਲਹਿਰ ਹੋਰ ਜਿਉਣਾ ਮੁਹਾਲ ਕਰੇਗੀ। ਕੁੱਲ ਮਿਲਾ ਕੇ ਅਗਲੇ 5 ਦਿਨਾਂ ਤੱਕ ਇਸੇ ਤਰ੍ਹਾਂ ਜ਼ਬਰਦਸਤ ਠੰਢ ਪੈਂਦੀ ਰਹੇਗੀ।
21-22 ਜਨਵਰੀ ਨੂੰ ਪੰਜਾਬ `ਚ ਪਵੇਗਾ ਮੀਂਹ
ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਕਿ ਸ਼ੁੱਕਰਵਾਰ ਤੋਂ ਲੈਕੇ ਐਤਵਾਰ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ। ਜਿਸ ਕਾਰਨ ਠੰਢ ਹੋਰ ਵਧ ਸਕਦੀ ਹੈ। ਇਸ ਤੋਂ ਬਾਅਦ ਅਗਲੇ ਬੁੱਧਵਾਰ ਤੱਕ ਅਸਮਾਨ ਵਿੱਚ ਇਸੇ ਤਰ੍ਹਾਂ ਬੱਦਲ ਛਾਏ ਰਹਿਣਗੇ, ਪਰ ਅਗਲੇ ਵੀਰਵਾਰ ਯਾਨਿ 27 ਜਨਵਰੀ ਤੋਂ ਧੁੱਪ ਨਿਕਲਣ ਦੀ ਸੰਭਾਵਨਾ ਹੈ।
ਵਧੀ ਠੰਢ ਪੱਛਮੀ ਗੜਬੜੀ ਦਾ ਅਸਰ
ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ 21 ਜਨਵਰੀ ਤੋਂ ਪੱਛਮੀ ਗੜਬੜੀ ਮੁੜ ਤੋਂ ਸਰਗਰਮ ਹੋ ਰਹੀ ਹੈ, ਜਿਸ ਤੋਂ ਬਾਅਦ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਹਲਕੀ ਤੋਂ ਮੱਧਮ ਬਰਫ਼ਬਾਰੀ ਤੇ ਬਰਸਾਤ ਹੋ ਸਕਦੀ ਹੈ। ਇਸ ਦੇ ਨਾਲ ਹੀ ਅਗਲੇ ਤਿੰਨ ਦਿਨਾਂ ਤੱਕ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਮੱਧਮ ਬਰਸਾਤ ਹੋਣ ਦੀ ਸੰਭਾਵਨਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।