ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੌਸਮ ਦਾ ਮਿਜ਼ਾਜ (HImachal Weather Update) ਵਿਗੜਦਾ ਨਜ਼ਰ ਆ ਰਿਹਾ ਹੈ। ਸੂਬੇ ਦੇ ਉੱਚੇ ਸਥਾਨਾਂ 'ਤੇ ਬਰਫਬਾਰੀ ਅਤੇ ਹੇਠਲੇ ਸਥਾਨਾਂ 'ਤੇ ਬਾਰਿਸ਼ ਜਾਰੀ ਹੈ। ਮੌਸਮ ਵਿਭਾਗ ਅਨੁਸਾਰ 7, 8 ਅਤੇ 9 ਜਨਵਰੀ ਤੱਕ ਸੂਬੇ ਭਰ 'ਚ ਜ਼ਿਆਦਾਤਰ ਥਾਵਾਂ 'ਤੇ ਮੀਂਹ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਸ਼ਨੀਵਾਰਨੂੰ ਰਾਜਧਾਨੀ ਸ਼ਿਮਲਾ 'ਚ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ। ਇਸ ਤੋਂ ਪਹਿਲਾਂ ਸ਼ਿਮਲਾ `ਚ ਲਗਾਤਾਰ ਮੀਂਹ ਪੈ ਰਿਹਾ ਸੀ। ਅੱਜ ਯਾਨਿ ਸ਼ਨੀਵਾਰ ਨੂੰ ਬਰਫ਼ਬਾਰੀ ਹੋਈ। ਰਾਜਧਾਨੀ 'ਚ ਸ਼ਨੀਵਾਰ ਸਵੇਰੇ ਬਰਫਬਾਰੀ ਹੋਈ ਅਤੇ ਸ਼ਹਿਰ ਨੇ ਚਿੱਟੀ ਚਾਦਰ ਨੂੰ ਢੱਕ ਲਿਆ। ਸ਼ਿਮਲਾ ਸ਼ਹਿਰ ਤੋਂ ਇਲਾਵਾ ਕੁਫਰੀ, ਨਾਰਕੰਡਾ ਸਮੇਤ ਕਈ ਇਲਾਕਿਆਂ 'ਚ ਬਰਫਬਾਰੀ ਹੋਈ ਹੈ।
ਪੜ੍ਹੋ ਕਿਹੜੇ ਇਲਾਕਿਆਂ `ਚ ਹੋਈ ਬਰਫ਼ਬਾਰੀ
ਸ਼ਿਮਲਾਸਮੇਤ ਰੋਹਤਾਂਗ, ਕੁੱਲੂ ਮਨਾਲੀ, ਕੁਫਰੀ, ਨਾਰਕੰਡਾ ਸਮੇਤ ਉੱਪਰੀ ਸ਼ਿਮਲਾ 'ਚ ਕਈ ਥਾਵਾਂ 'ਤੇ ਬਰਫਬਾਰੀ ਹੋਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ 10 ਜਨਵਰੀ ਤੱਕ ਸੂਬੇ ਵਿੱਚ ਪੱਛਮੀ ਗੜਬੜੀ ਸਰਗਰਮ ਰਹੇਗੀ। ਸੂਬੇ ਵਿੱਚ ਬਰਫਬਾਰੀ ਕਾਰਨ ਸੈਂਕੜੇ ਸੰਪਰਕ ਮਾਰਗ ਠੱਪ ਹੋ ਗਏ ਹਨ, ਜਿਸ ਕਾਰਨ ਐਚਆਰਟੀਸੀ ਦੇ 200 ਤੋਂ ਵੱਧ ਰੂਟ ਵੀ ਪ੍ਰਭਾਵਿਤ ਹੋਏ ਹਨ। ਕਈ ਥਾਵਾਂ ’ਤੇ ਬੱਸਾਂ ਸਮੇਤ ਛੋਟੇ ਵਾਹਨ ਵੀ ਫਸੇ ਹੋਏ ਹਨ। ਕਈ ਥਾਵਾਂ 'ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਪੰਜਾਬ `ਚ ਮੌਸਮ ਦਾ ਹਾਲ
ਗੱਲ ਪੰਜਾਬ ਦੀ ਕੀਤੀ ਜਾਏ ਤਾਂ ਜਦੋਂ ਵੀ ਪੱਛਮੀ ਗੜਬੜੀ ਸਰਗਰਮ ਹੁੰਦੀ ਹੈ ਤਾਂ ਇਸ ਦਾ ਅਸਰ ਪੰਜਾਬ `ਚ ਜ਼ਰੂਰ ਦੇਖਣ ਨੂੰ ਮਿਲਦਾ ਹੈ। ਪੰਜਾਬ `ਚ 4 ਤੇ 5 ਜਨਵਰੀ ਨੂੰ ਭਾਰੀ ਮੀਂਹ ਪਿਆ, ਜਦਕਿ 6 ਜਨਵਰੀ ਨੂੰ ਮੌਸਮ ਸਾਫ਼ ਰਿਹਾ ਅਤੇ ਵਿੱਚ ਵਿੱਚ ਧੁੱਪ ਵੀ ਨਿਕਲਦੀ ਰਹੀ। ਪਰ ਧੁੱਪ ਵੀ ਠੰਢ ਤੋਂ ਰਾਹਤ ਨਹੀਂ ਦਿਵਾ ਸਕੀ।
7 ਜਨਵਰੀ ਤੋਂ ਫ਼ਿਰ ਸਵੇਰੇ ਤੋਂ ਮੀਂਹ ਸ਼ੁਰੂ ਹੋ ਗਿਆ। ਤੇ ਨਾਲ ਹੀ ਬਰਫ਼ਾਨੀ ਹਵਾਵਾਂ ਨੇ ਕੰਭਣੀ ਛੇੜੀ। ਸ਼ਨੀਵਾਰ ਯਾਨਿ 8 ਜਨਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ `ਚ ਸਵੇਰੇ ਹਲਕੀ ਬਰਸਾਤ ਹੋਈ। ਜਿਸ ਤੋਂ ਬਾਅਦ ਦੁਪਹਿਰ 12 ਵਜੇ ਤੱਕ ਮੌਸਮ ਬਿਲਕੁਲ ਸਾਫ਼ ਹੋ ਗਿਆ ਅਤੇ ਨਾਲ ਹੀ ਧੁੱਪ ਵੀ ਖਿੜ ਗਈ।
ਦੱਸ ਦਈਏ ਕਿ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਮੀਂਹ ਦੀ ਰਫ਼ਤਾਰ ਫ਼ਿਲਹਾਲ ਲਈ ਰੁਕੀ ਹੋਈ ਹੈ, ਪਰ ਬਰਫ਼ਾਨੀ ਹਵਾਵਾਂ ਸਿੱਧਾ ਹੱਡਾਂ ਵਿੱਚ ਕੰਭਣੀ ਛੇੜ ਰਹੀਆਂ ਹਨ। ਤੇਜ਼ ਬਰਫ਼ੀਲੀ ਹਵਾਵਾਂ ਨਾਲ ਠੰਢ ਹੋਰ ਜ਼ਿਆਦਾ ਮਹਿਸੂਸ ਹੋ ਰਹੀ ਹੈ।
ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਮੀਂਹ ਤੇ ਬਰਫ਼ਾਨੀ ਹਵਾਵਾਂ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ। ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ (ਪਟਿਆਲਾ) ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ (ਹਲਵਾਰਾ) ਰਿਕਾਰਡ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ `ਚ ਤਾਪਮਾਨ 17 ਡਿਗਰੀ ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 13 ਡਿਗਰੀ ਰਿਹਾ। ਦੇਖੋ ਆਪਣੇ ਸ਼ਹਿਰ ਦਾ ਤਾਪਮਾਨ:
ਹਰਿਆਣਾ `ਚ ਮੌਸਮ ਦਾ ਹਾਲ
ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੀ ਮੌਸਮ ਦਾ ਮਿਜ਼ਾਜ ਵਿਗੜਿਆ ਹੋਇਆ ਹੈ। ਮੀਂਹ, ਠੰਢ ਤੇ ਸੀਤ ਲਹਿਰ ਨਾਲ ਆਮ ਜ਼ਿੰਦਗੀ ਲੀਹੋਂ ਲੱਥਦੀ ਨਜ਼ਰ ਆ ਰਹੀ ਹੈ। ਪਰ ਤਾਪਮਾਨ ਦੇ ਲਿਹਾਜ਼ ਨਾਲ ਹਰਿਆਣਾ ਪੰਜਾਬ ਨਾਲੋਂ ਥੋੜ੍ਹਾ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 20.8 ਡਿਗਰੀ (ਹਿਸਾਰ) `ਚ ਦਰਜ ਕੀਤਾ ਗਿਆ। ਜਦਕਿ ਘੱਟੋ ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੇਖੋ ਆਪਣੇ ਸ਼ਹਿਰ ਦਾ ਤਾਪਮਾਨ:
9-11 ਜਨਵਰੀ ਸੰਘਣੀ ਧੁੰਦ ਕਰ ਸਕਦੀ ਹੈ ਪਰੇਸ਼ਾਨ
ਮੌਸਮ ਵਿਭਾਗ ਦੇ ਮੁਤਾਬਕ 9 7 ਤੇ 8 ਜਨਵਰੀ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਸ਼ਨੀਵਾਰ 8 ਜਨਵਰੀ ਨੂੰ ਹਲਕੀ ਬਰਸਾਤ ਤੋਂ ਬਾਅਦ ਮੀਂਹ ਤੋਂ ਰਾਹਤ ਮਿਲੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੇਤਾਵਨੀ ਦਿਤੀ ਹੈ ਕਿ 9, 10 ਤੇ 11 ਜਨਵਰੀ ਨੂੰ ਸੂਬੇ `ਚ ਸੰਘਣੀ ਧੁੰਦ ਪੈ ਸਕਦੀ ਹੈ। 9 ਜਨਵਰੀ ਤੋਂ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਨੂੰ ਮੀਂਹ ਤੋਂ ਰਾਹਤ ਮਿਲ ਸਕਦੀ ਹੈ। ਪਰ ਮੀਂਹ ਤੋਂ ਬਾਅਦ ਸੰਘਣੀ ਧੁੰਦ ਤੇ ਨਾਲ ਹੀ ਬਰਫ਼ਾਨੀ ਹਵਾਵਾਂ ਪੂਰਾ ਕਹਿਰ ਢਾਉਣਗੀਆਂ।
ਮੌਸਮ ਵਿਭਾਗ ਦਾ ਕਹਿਣੈ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਚ 9, 10 ਤੇ 11 ਜਨਵਰੀ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਜ਼ੀਬਿਲਟੀ ਕਾਫ਼ੀ ਘੱਟ ਰਹੇਗੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਵਾਹਨ ਸੰਭਲ ਕੇ ਅਤੇ ਹੌਲੀ ਰਫ਼ਤਾਰ ਨਾਲ ਚਲਾਉਣਾ ਚਾਹੀਦਾ ਹੈ, ਜਿਸ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਸਰਦੀਆਂ ਦੀ ਬਾਰਸ਼ ਫ਼ਸਲਾਂ ਲਈ ਲਾਹੇਵੰਦ
ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ ਸਰਦੀਆਂ ਦੇ ਮੌਸਮ ਦੀ ਬਰਸਾਤ ਖੇਤਾਂ `ਚ ਖੜੀਆਂ ਕਣਕ ਦੀਆਂ ਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਲਾਭਦਾਇਕ ਹੈ। ਇਸ ਸਮੇਂ ਦੇ ਮੀਂਹ ਨਾਲ ਫ਼ਸਲਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਪਰ ਇਸ ਦੇ ਨਾਲ ਹੀ ਕਿਸਾਨਾਂ ਨੂੰ ਆਪਣੀ ਵੱਢੀ ਹੋਈ ਫ਼ਸਲ ਵੀ ਮੀਂਹ ਤੋਂ ਬਚਾ ਕੇ ਰੱਖਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Atal Tunnel Rohtang, Chandigarh, Cold, Haryana, IMD forecast, Manali, Punjab, Rain, Shimla, Snowfall, Weather, Winters