ਇੱਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਦੇ ਖ਼ੌਫ਼ `ਚ ਜੀਅ ਰਿਹਾ ਹੈ। ਉੱਥੇ ਹੀ ਠੰਢ ਵੀ ਉੱਤਰ ਭਾਰਤ ਵਿੱਚ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ। ਪਿਛਲੇ 7 ਦਿਨ ਲਗਾਤਾਰ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਉੱਤਰਾਖੰਢ ਵਿੱਚ ਜ਼ਬਰਦਸਤ ਬਰਫ਼ਬਾਰੀ ਹੋਈ, ਜਿਸ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ `ਚ ਲਗਾਤਾਰ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ 9 ਜਨਵਰੀ ਤੱਕ ਮੀਂਹ ਪੈਣਾ ਸੀ।
ਅੱਜ ਯਾਨਿ 10 ਜਨਵਰੀ ਨੂੰ ਮੀਂਹ ਤੋਂ ਬੇਸ਼ੱਕ ਰਾਹਤ ਮਿਲ ਗਈ ਹੈ। ਪਰ ਉੱਤਰ ਭਾਰਤ ਦੇ ਵਾਸੀਆਂ ਲਈ ਹਾਲੇ ਵੀ ਰਾਹਤ ਵਾਲੀ ਖ਼ਬਰ ਨਹੀਂ ਹੈ। ਕਿਉਂਕਿ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਅਗਲੇ 5 ਦਿਨ ਯਾਨਿ 10, 11, 12, 13 ਤੇ 14 ਜਨਵਰੀ ਨੂੰ ਜ਼ਬਰਦਸਤ ਸੀਤ ਲਹਿਰ ਚੱਲੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਇਹ ਵੀ ਕਹਿਣੈ ਕਿ ਸੂਬੇ ਦੇ ਕਈ ਇਲਾਕਿਆਂ ਵਿਚ ਧੁੱੰਦ ਜਾਂ ਫ਼ਿਰ ਸੰਘਣੀ ਧੁੰਦ ਵੀ ਪੈ ਸਕਦੀ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦਾ ਹੈ।
ਸ਼ਿਮਲਾ `ਚ ਜ਼ਬਰਦਸਤ ਬਰਫ਼ਬਾਰੀ ਤੇ ਸੀਤ ਲਹਿਰ
ਦਰਅਸਲ, ਪਿਛਲੀ 3 ਜਨਵਰੀ ਤੋਂ ਪਹਾੜੀ ਇਲਾਕਿਆਂ `ਚ ਪੱਛਮੀ ਗੜਬੜੀ ਪੂਰੀ ਤਰ੍ਹਾਂ ਸਰਗਰਮ ਹੈ।ਜਿਸ ਕਾਰਨ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਜ਼ਬਰਦਸਤ ਬਰਫ਼ਬਾਰੀ ਹੋਈ ਤੇ ਨਾਲ ਨਾਲ ਮੀਂਹ ਵੀ ਪਿਆ। ਪਹਾੜਾਂ ਦੀ ਰਾਣੀ ਸ਼ਿਮਲਾ ਦੀ ਗੱਲ ਕੀਤੀ ਜਾਏ ਤਾਂ ਉੱਥੇ ਜ਼ਬਰਦਸਤ ਬਰਫ਼ਬਾਰੀ ਨਾਲ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਸੜਕਾਂ ਪੂਰੀ ਤਰ੍ਹਾਂ ਬਰਫ਼ੀਲੀ ਚਾਦਰ ਨਾਲ ਢਕੀਆਂ ਹੋਈਆਂ ਹਨ, ਜਿਸ ਕਰਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਸ਼ਿਮਲਾ ਵਿਚ ਘੱਟੋ ਘੱਟ ਤਾਪਮਾਨ ਮਾਈਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸੂਬੇ `ਚ ਜ਼ਬਰਦਸਤ ਸੀਤ ਲਹਿਰ ਚੱਲ ਰਹੀ ਹੈ। ਜਿਸ ਦਾ ਸਾਫ਼ ਅਸਰ ਪੰਜਾਬ ਤੇ ਚੰਡੀਗੜ੍ਹ `ਚ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ: ਘੱਟੋ ਘੱਟ ਤਾਪਮਾਨ ਵਿਚ ਜ਼ਬਰਦਸਤ ਗਿਰਾਵਟ
ਸੂਬੇ `ਚ ਇਸ ਵਾਰ ਰਿਕਾਰਡਤੋੜ ਠੰਢ ਪੈ ਰਹੀ ਹੈ। ਐਤਵਾਰ ਨੂੰ ਸੂਬੇ `ਚ ਵੱਧ ਤੋਂ ਵੱਧ ਤਾਪਮਾਨ 18.8 ਡਿਗਰੀ ਸੈਲਸੀਅਸ (ਗੁਰਦਾਸਪੁਰ) ਦਰਜ ਕੀਤਾ ਗਿਆ ਸੀ, ਜਦਕਿ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ (ਬਠਿੰਡਾ) ਰਿਕਾਰਡ ਕੀਤਾ ਗਿਆ ਸੀ। ਅੱਜ ਯਾਨਿ ਸੋਮਵਾਰ ਦੇ ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ, ਜਦਕਿ ਘੱਟੋ ਘੱਟ ਤਾਪਮਾਨ 8 ਡਿਗਰੀ ਰਹਿ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ 5 ਦਿਨਾਂ ਤੱਕ ਪੰਜਾਬ `ਚ ਜ਼ਬਰਦਸਤ ਸੀਤ ਲਹਿਰ ਚੱਲੇਗੀ ਤੇ ਨਾਲ ਹੀ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਵੀ ਪੈ ਸਕਦੀ ਹੈ।
ਹਰਿਆਣਾ `ਚ ਮੌਸਮ ਦਾ ਹਾਲ
ਐਤਵਾਰ ਨੂੰ ਗੁਆਂਢੀ ਸੂਬਾ ਹਰਿਆਣਾ ਪੰਜਾਬ ਦੇ ਮੁਕਾਬਲੇ ਜ਼ਿਆਦਾ ਠੰਢਾ ਰਿਹਾ। ਇੱਥੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 16.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਦਿਨਾਂ ਨਾਲੋਂ ਕਾਫ਼ੀ ਘੱਟ ਸੀ। ਜਦਕਿ ਘੱਟੋ ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ (ਨਾਰਨੌਲ) ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਹਰਿਆਣਾ ਵਾਸੀਆਂ ਨੂੰ ਅਗਲੇ 5 ਦਿਨ ਯਾਨਿ 10, 11, 12, 13 ਤੇ 14 ਜਨਵਰੀ ਨੂੰ ਜ਼ਬਰਦਸਤ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Chandigarh, Cold, Haryana, Hisar, IMD forecast, Jalandhar, Patiala, Punjab, Shimla, Snowfall, Wave, Weather, Winters