ਬਠਿੰਡਾ- ਪੰਜਾਬ ਦੇ ਖੇਤਾਂ ਵਿੱਚ ਕਣਕ ਪੱਕਣ ਕਿਨਾਰੇ ਪਹੁੰਚ ਚੱਲੀ ਹੈ, ਵਾਢੀ ਦੀ ਰੁੱਤ ਆ ਗਈ ਹੈ ਕਿਸਾਨਾਂ ਨੇ ਦਾਤੀ ਦੇ ਦੰਦੇ ਤੇਜ਼ ਕਰਵਾ ਲਏ ਹਨ। ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖ਼ਰੀਦ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਪ੍ਰੈਲ ਮਹੀਨੇ 1 ਤਾਰੀਖ ਤੋਂ ਸ਼ੁਰੂ ਹੋਣੀ ਹੈ । ਮੰਡੀਆਂ ਵਿੱਚ ਕਣਕ ਦੀ ਆਮਦ ਨੂੰ ਲੈ ਕੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਅਗਾਊਂ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਇਸ ਵਾਰ ਭਾਵੇਂ ਜ਼ਿਲ੍ਹਾ ਬਠਿੰਡਾ ਵਿੱਚ ਕਣਕ ਦਾ ਰਕਬਾ ਘੱਟ ਹੈ ,ਪਰ ਪਿਛਲੇ ਸਾਲ ਨਾਲੋਂ ਇਸ ਵਾਰ ਕਣਕ ਦੀ ਪੈਦਾਵਾਰ ਵਧਣ ਦੇ ਆਸਾਰ ਹਨ । ਪਿਛਲੇ ਵਰ੍ਹੇ ਜ਼ਿਲ੍ਹਾ ਬਠਿੰਡਾ ਵਿੱਚ 951615 ਮੀਟਰਕ ਟਨ ਕਣਕ ਦੀ ਆਮਦ ਹੋਈ। ਇਸ ਵਾਰ ਆਮਦ ਵਧਣ ਉਮੀਦ ਕਰ ਕੇ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਣਕ ਦੇ ਖਰੀਦ ਪ੍ਰਬੰਧਾਂ ਲਈ ਕੀ ਹਦਾਇਤਾਂ ਜਾਰੀ ਹੁੰਦੀਆਂ ਹਨ ਉਹ ਸਮਾਂ ਅਪਰੈਲ ਮਹੀਨੇ ਸ਼ੁਰੂ ਹੋਣਾ ਹੈ।
ਕਣਕ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਬਠਿੰਡਾ ਦੀਆਂ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਲਈ ਕੀਤੇ ਪ੍ਰਬੰਧਾਂ ਸਬੰਧੀ ਜਦੋਂ ਜਾਣਕਾਰੀ ਲਈ ਤਾਂ ਜ਼ਿਲ੍ਹਾ ਬਠਿੰਡਾ ਦੇ ਡੀਡੀਐਮਓ ਗੁਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ 14 ਖ਼ਰੀਦ ਕੇਂਦਰ ਅਤੇ 15ਵੀਂ ਬਠਿੰਡਾ ਦੀ ਵੱਡੀ ਦਾਣਾ ਮੰਡੀ ਹੈ । ਇਨ੍ਹਾਂ ਖਰੀਦ ਕੇਂਦਰਾਂ ਵਿੱਚ ਸਫਾਈ, ਲਾਈਟ ,ਸੁਰੱਖਿਆ ਪੀਣ ਵਾਲੇ ਪਾਣੀ ਲਈ ਟੈਂਡਰ ਜਾਰੀ ਕਰ ਦਿੱਤੇ ਹਨ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ।ਉਨ੍ਹਾਂ ਦਾਅਵਾ ਕੀਤਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਵਾਢੀ ਲਾਉਣ ਲਈ ਕਿਸਾਨ ਵੀ ਪੱਬਾਂ ਭਾਰ ਹਨ। ਇਸ ਵਾਰ ਕਣਕ ਦਾ ਝਾੜ ਵੀ ਵਧਣ ਕਰਕੇ ਕਿਸਾਨਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਪਿੰਡ ਸਿਵਿਆਂ ਦੇ ਕਿਸਾਨ ਨਿਰਮਲ ਸਿੰਘ ,ਪਿੰਡ ਬੀੜ ਬਹਿਮਣ ਦੇ ਕਿਸਾਨ ਗੁਰਦੀਪ ਸਿੰਘ, ਪਿੰਡ ਬੱਲੂਆਣਾ ਦੇ ਕਿਸਾਨ ਅਜਮੇਰ ਸਿੰਘ ਨੇ ਕਿਹਾ ਕਿ ਉਮੀਦ ਹੈ ਇਸ ਵਾਰ ਕਣਕ ਦਾ ਝਾੜ ਵਧੇਗਾ ,ਇਹ ਵੀ ਉਮੀਦ ਹੈ ਕਿ ਆਪ ਦੀ ਸਰਕਾਰ ਵਿਚ ਕਣਕ ਦਾ ਮੁੱਲ ਵੀ ਵੱਧ ਮਿਲੇਗਾ ਤੇ ਕਣਕ ਦੀ ਵੇਚ ਅਤੇ ਖਰੀਦ ਦੇ ਨਾਲ ਅਦਾਇਗੀ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਣਕ ਦੀ ਵਾਢੀ ਲਈ ਦਿਹਾੜੀਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤੇ ਕੰਬਾਈਨ ਨਾਲ ਫ਼ਸਲ ਦੀ ਵਾਢੀ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda