ਚੰਡੀਗੜ੍ਹ : ਪੰਜਾਬ 'ਚ ਕਿਸਾਨਾਂ 'ਤੇ ਨਵੀਂ ਮੁਸੀਬਤ ਆ ਖੜ੍ਹੀ ਹੋਈ ਹੈ। ਪੰਜਾਬ ਦੀਆਂ ਮੰਡੀਆਂ ਚ ਕਣਕ ਖਰੀਦ ਠੱਪ ਹੋ ਗਈ ਹੈ। 20 ਫੀਸਦ ਦਾਣੇ ਡੈਮੇਜ ਹੋਣ ਕਰਕੇ ਏਜੰਸੀਆਂ ਨੇ ਕਣਕ ਦੀ ਖਰੀਦ ਕਰਨ ਦਾ ਬਾਈਕਾਟ ਕਰ ਦਿੱਤਾ ਹੈ। FCI ਤੋਂ ਖਰੀਦ ਮਾਪਦੰਡਾਂ ਚ ਢਿੱਲ ਦੀ ਮੰਗ ਕੀਤੀ ਜਾ ਰਹੀ ਹੈ। ਗਰਮੀ ਕਰਕੇ ਕਣਕ ਦਾ ਝਾੜ ਘਟਿਆ ਹੈ। ਪੰਜਾਬ 'ਚ ਕਈ ਜਗ੍ਹਾ ਕਣਕ ਦੀ ਖਰੀਦ ਠੱਪ ਹੋ ਗਈ ਹੈ।
ਅੱਜ ਪੰਜਾਬ ਦੀਆਂ ਮੰਡੀਆਂ ਦੇ ਦੌਰੇ 'ਤੇ ਕੇਂਦਰ ਦੀਆਂ ਪੰਜ ਟੀਮਾਂ ਹਨ। ਇਹ ਟੀਮਾਂ ਕਣਕ ਦੇ ਨੁਕਸਾਨੇ ਦਾਣਿਆਂ ਦਾ ਜਾਇਜ਼ਾ ਲੈਣਗੀਆਂ । ਕੇਂਦਰ ਦੀਆਂ 5 ਟੀਮਾਂ 15 ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ। ਏਜੰਸੀਆਂ ਵੱਲੋਂ ਖਰੀਦ ਮਾਪਦੰਡਾਂ 'ਚ ਛੋਟ ਦੀ ਮੰਗ ਕੀਤੀ ਜਾ ਰਹੀ ਹੈ।
ਕਣਕ ਦੀ ਖ਼ਰੀਦ ਦਾ ਬਾਈਕਾਟ
ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਅੱਜ ਇੱਥੇ ਅਨਾਜ ਭਵਨ ’ਚ ਮੀਟਿੰਗ ਕਰਕੇ ਕਣਕ ਦੀ ਖ਼ਰੀਦ ਦਾ ਬਾਈਕਾਟ ਕਰ ਦਿੱਤਾ ਹੈ। ਜਿਸ ਕਰਕੇ ਪੰਜਾਬ ਵਿੱਚ ਕਣਕ ਦੀ ਖ਼ਰੀਦ ਪ੍ਰਭਾਵਿਤ ਵੀ ਹੋਈ ਹੈ। ਅਸਲ ਵਿੱਚ ਭਾਰਤੀ ਖ਼ੁਰਾਕ ਨਿਗਮ ਵੱਲੋਂ ਪੰਜਾਬ ’ਚੋਂ ਲਏ ਕਣਕ ਦੇ ਨਮੂਣੇ ਫੇਲ੍ਹ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕਣਕ ਦਾ ਦਾਣਾ ਸੁੰਗੜਨ ਕਰਕੇ ਨੂਮਣੇ ਫ਼ੇਲ੍ਹ ਹੋਏ ਹਨ। ਨਮੂਨਿਆਂ ਦੇ ਨਤੀਜੇ ਅਨੁਸਾਰ ਕਣਕ ਦੇ ਦਾਣੇ 8 ਤੋਂ 20 ਫ਼ੀਸਦੀ ਤੱਕ ਸੁੰਗੜੇ ਹਨ ਜਦਕਿ ਨਿਸ਼ਚਿਤ ਮਾਪਦੰਡਾਂ ਅਨੁਸਾਰ ਇਹ ਦਰ ਛੇ ਫ਼ੀਸਦੀ ਹੈ। ਜਿੱਥੇ ਦਾਣੇ ਸੁੰਗੜਨ ਕਰਕੇ ਝਾੜ ਘਟੇਗਾ ਅਤੇ ਕਿਸਾਨਾਂ ਨੂੰ ਮਾਲੀ ਸੱਟ ਵੱਜੇਗੀ, ਉੱਥੇ ਖ਼ਰੀਦ ਏਜੰਸੀਆਂ ਦੇ ਮੁਲਾਜ਼ਮ ਮਾਪਦੰਡ ਤੋਂ ਹੇਠਾਂ ਫ਼ਸਲ ਖ਼ਰੀਦਣ ਨੂੰ ਤਿਆਰ ਨਹੀਂ। ਇਸੇ ਵਜ੍ਹਾ ਕਾਰਨ ਪੰਜਾਬ ’ਚ ਕਣਕ ਦੀ ਖ਼ਰੀਦ ਰੁਕਣ ਲੱਗੀ ਹੈ। ਭਾਰਤੀ ਖ਼ੁਰਾਕ ਨਿਗਮ ਨੇ ਪਹਿਲਾਂ ਹੀ ਸੁੰਗੜੇ ਦਾਣੇ ਵਾਲੀ ਫ਼ਸਲ ਦੀ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਕਿਸਾਨਾਂ ਨੂੰ ਦੋਹਰੀ ਮਾਰ-
ਇਸ ਵਾਰ ਹਾੜ੍ਹੀ ਦੇ ਸੀਜ਼ਨ ਵਿੱਚ ਗਰਮੀ ਨੇ 50 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਗਰਮੀ ਨੇ ਕਣਕ ਦਾ ਵੀ ਕਾਫੀ ਨੁਕਸਾਨ ਕੀਤਾ ਹੈ। ਐਤਕੀ ਸਮੇਂ ਤੋਂ ਪਹਿਲਾਂ ਤੇ ਲੋੜ ਨਾਲੋਂ ਵੱਧ ਗਰਮੀ ਪੈਣ ਕਾਰਨ ਕਣਕ ਦਾ ਝਾੜ ਘਟਣ ਕਰ ਕੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਣਕ ਦੀ ਝਾੜ ਘੱਟਣ ਦੇ ਨਾਲ ਹੁਣ ਖਰੀਦ ਰੁਕਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਬਣ ਸਕਦਾ ਰੇੜਕਾ
ਮਾਜੂ ਦਾਣੇ ਦੀ ਵਧੀ ਮਾਤਰਾ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਰੇੜਕਾ ਪੈਦਾ ਹੋ ਗਿਆ ਹੈ। ‘ਆਪ’ ਸਰਕਾਰ ਦੀ ਇਹ ਪਹਿਲੀ ਫ਼ਸਲੀ ਖ਼ਰੀਦ ਹੈ ਜਿਸ ’ਚ ਕੋਈ ਅੜਿੱਕਾ ਖੜ੍ਹਾ ਹੁੰਦਾ ਹੈ ਤਾਂ ਵਿਰੋਧੀ ਧਿਰਾਂ ਨੂੰ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਦਾ ਮੌਕਾ ਮਿਲੇਗਾ। ਉੱਧਰ ਕਿਸਾਨ ਧਿਰਾਂ ਵੀ ਸੰਘਰਸ਼ ਮਘਾਉਣ ਦੇ ਰੌਂਅ ਵਿਚ ਆ ਗਈਆਂ ਹਨ। ਦੂਜੇ ਪਾਸੇ ਕੇਂਦਰ ਸਰਕਾਰ ਦੀ ਇੱਕੋ-ਇੱਕ ਖਰੀਦ ਏਜੰਸੀ ਐੱਫਸੀਆਈ ਨੇ ਪੰਜਾਬ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਨਿਰਧਾਰਤ ਮਾਪਦੰਡ ਨਜ਼ਰਅੰਦਾਜ਼ ਕਰ ਕੇ ਖ਼ਰੀਦੀ ਗਈ ਕਣਕ ਐੱਫਸੀਆਈ ਨਹੀਂ ਚੁੱਕੇਗੀ।
ਕਿਸਾਨ ਜੱਥੇਬੰਦੀ ਨੇ ਲਿਆ ਸਖ਼ਤ ਨੋਟਿਸ-
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਐੱਫਸੀਆਈ ਵੱਲੋਂ ਨਿਰਪੱਖ ਔਸਤ ਗੁਣਵੱਤਾ ਦਾ ਬਹਾਨਾ ਬਣਾ ਕੇ ਕਣਕ ਦੀ ਖ਼ਰੀਦ ਤੋਂ ਹੱਥ ਖਿੱਚੇ ਜਾਣ ਦਾ ਸਖ਼ਤ ਨੋਟਿਸ ਲਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਦਾਣਾ ਮਾਜੂ ਪੈ ਗਿਆ ਹੈ, ਜਿਸ ਕਰ ਕੇ ਕਣਕ ਦਾ ਝਾੜ 10 ਤੋਂ 15 ਮਣ ਪ੍ਰਤੀ ਏਕੜ ਘਟ ਗਿਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘੱਟੋ-ਘੱਟ 300 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers Protest, Procurement, Wheat