ਚੰਡੀਗੜ- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਪੰਜ ਰੁਪਏ ਅਤੇ 10 ਰੁਪਏ ਐਕਸਾਈਜ਼ ਡਿਊਟੀ ਘਟਾ ਕੇ ਦਿੱਤੀ ਗਈ ਰਾਹਤ ਦਾ ਜਿਥੇ ਸਵਾਗਤ ਕੀਤਾ ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਆਪਣੇ ਹਿੱਸੇ ਦੀ ਐਕਸਾਈਜ਼ ਡਿਊਟੀ 'ਚ ਆਪਣਾ ਹਿੱਸਾ ਘਟਾਉਣ ਤੋਂ ਬਾਅਦ ਭਾਜਪਾ ਸ਼ਾਸਤ ਰਾਜਾਂ ਦੀਆਂ ਸਰਕਾਰਾਂ ਨੇ ਵੀ ਵੈਟ 'ਚ ਕਟੌਤੀ ਕਰਕੇ ਜਨਤਾ ਨੂੰ ਬੜੀ ਵੱਡੀ ਰਾਹਤ ਦਿੱਤੀ ਹੈ, ਜਿਸ ਕਾਰਨ ਉਥੇ ਪੈਟਰੋਲ ਅਤੇ ਡੀਜ਼ਲ ਕੀਮਤ 95 ਰੁਪਏ ਤੋਂ ਹੇਠਾਂ ਪੁੱਜ ਗਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੰਟਰੋਲ ਵਾਲੇ ਚੰਡੀਗੜ੍ਹ ਵਿੱਚ ਵੀ ਉੱਥੋਂ ਦੇ ਪ੍ਰਸ਼ਾਸਨ ਨੇ ਆਪਣੇ ਕੋਟੇ ਦਾ ਵੈਟ ਘਟਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਹੁਣ ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ 94.23 ਰੁਪਏ ਅਤੇ ਡੀਜ਼ਲ ਦੀ ਕੀਮਤ 82.64 ਰੁਪਏ ਹੋ ਗਈ ਹੈ। ਜਦੋਂ ਕਿ ਪੰਜਾਬ ਵਿੱਚ ਇਸ ਸਮੇਂ ਪੈਟਰੋਲ ਦੀ ਕੀਮਤ 106.20 ਰੁਪਏ ਅਤੇ ਡੀਜ਼ਲ ਦੀ ਕੀਮਤ 89.83 ਰੁਪਏ ਹੈ। ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਆਪਣੇ ਹਿੱਸੇ ਦਾ ਵੈਟ ਘਟਾ ਕੇ ਸੂਬੇ ਦੇ ਲੋਕਾਂ ਨੂੰ ਰਾਹਤ ਕਿਉਂ ਨਹੀਂ ਦੇ ਰਹੀ? ਸ਼ਰਮਾ ਨੇ ਕਿਹਾ ਕਿ ਭਾਜਪਾ ਸ਼ਾਸਤ ਸੂਬਿਆਂ ਉੱਤਰ ਪ੍ਰਦੇਸ਼, ਹਰਿਆਣਾ, ਗੋਆ, ਉੱਤਰਾਖੰਡ, ਗੁਜਰਾਤ, ਅਸਾਮ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ਆਦਿ ਦੀਆਂ ਸਰਕਾਰਾਂ ਨੇ ਆਪਣੇ ਹਿੱਸੇ ਦੇ ਵੈਟ ਨੂੰ ਘਟਾ ਕੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ ਜਨਤਾ ਨੂੰ ਲੁੱਟਣਾ ਅਤੇ ਮੂਰਖ ਬਣਾਉਣਾ ਜਾਣਦੀ ਹੈ, ਰਾਹਤ ਦੇਣਾ ਨਹੀਂ।
ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ ਪ੍ਰਸ਼ਾਸਨ ਵਾਂਗ ਪੰਜਾਬ ਵਿੱਚ ਵੀ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਦੀ ਦਰ ਘੱਟ ਕੀਤੀ ਜਾਵੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ ਅਤੇ ਇਸ ਦੇ ਕਈ ਮੰਤਰੀਆਂ 'ਤੇ ਕਾਂਗਰਸ ਦੇ ਆਪਣੇ ਹੀ ਮੰਤਰੀਆਂ ਵੱਲੋਂ ਦੋਸ਼ ਲਗਾਏ ਗਏ ਹਨ, ਜੋ ਸਹਿਤ ਸਾਬਤ ਵੀ ਹੋਏ ਹਨ, ਪਰ ਚੰਨੀ ਅਤੇ ਸਿੱਧੂ ਆਪਸੀ ਲੜਾਈ ਪੇਸ਼ ਕਰਕੇ ਲੋਕਾਂ ਦਾ ਧਿਆਨ ਆਪਣੀਆਂ ਨਾਕਾਮੀਆਂ ‘ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕਦੇ। ਕਿਉਂਕਿ ਜਨਤਾ ਇਨ੍ਹਾਂ ਭ੍ਰਿਸ਼ਟ ਅਤੇ ਘੁਟਾਲੇਬਾਜ਼ ਕਾਂਗਰਸੀਆਂ ਦੀ ਸੱਚਾਈ ਜਾਣ ਚੁੱਕੀ ਹੈ ਅਤੇ ਹੁਣ ਇਨ੍ਹਾਂ ਦੇ ਜਾਲ ਵਿਚ ਨਹੀਂ ਫਸੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ashwani Sharma, Charanjit Singh Channi, Petrol and diesel, Punjab BJP, Punjab Congress