Home /News /punjab /

ਮੁਕਤਸਰ ਦੇ ਦਸਵੀਂ ਪਾਸ ਨੌਜਵਾਨ ਨੇ ਵੱਡੀਆਂ ਕੰਪਨੀਆਂ ਦੇ ਇਲੈਕਟ੍ਰਿਕ ਬਾਇਕ ਮੁਕਾਬਲੇ ਖੜ੍ਹਾ ਕੀਤਾ ‘ਮਹਾਂਰਥੀ’

ਮੁਕਤਸਰ ਦੇ ਦਸਵੀਂ ਪਾਸ ਨੌਜਵਾਨ ਨੇ ਵੱਡੀਆਂ ਕੰਪਨੀਆਂ ਦੇ ਇਲੈਕਟ੍ਰਿਕ ਬਾਇਕ ਮੁਕਾਬਲੇ ਖੜ੍ਹਾ ਕੀਤਾ ‘ਮਹਾਂਰਥੀ’

ਸਿਮਰਜੀਤ ਤਿਆਰ ਬਾਇਕ ਦੀ ਔਸਤ 200 ਕਿਲੋਮੀਟਰ ਹੋਣ ਦਾ ਦਆਵਾ ਕਰਦਾ ਹੈ। ਆਓ ਜਾਣਦੇ ਹਾਂ ਸਿਮਰਜੀਤ ਸਿੰਘ ਦੇ ਇਸ ਸਫਰ ਦੀ ਕਹਾਣੀ ਉਸ ਦੇ ਅਤੇ ਪਿੰਡ ਵਾਸੀਆਂ ਦੀ ਜ਼ੁਬਾਨੀ…

ਸਿਮਰਜੀਤ ਤਿਆਰ ਬਾਇਕ ਦੀ ਔਸਤ 200 ਕਿਲੋਮੀਟਰ ਹੋਣ ਦਾ ਦਆਵਾ ਕਰਦਾ ਹੈ। ਆਓ ਜਾਣਦੇ ਹਾਂ ਸਿਮਰਜੀਤ ਸਿੰਘ ਦੇ ਇਸ ਸਫਰ ਦੀ ਕਹਾਣੀ ਉਸ ਦੇ ਅਤੇ ਪਿੰਡ ਵਾਸੀਆਂ ਦੀ ਜ਼ੁਬਾਨੀ…

ਸਿਮਰਜੀਤ ਤਿਆਰ ਬਾਇਕ ਦੀ ਔਸਤ 200 ਕਿਲੋਮੀਟਰ ਹੋਣ ਦਾ ਦਆਵਾ ਕਰਦਾ ਹੈ। ਆਓ ਜਾਣਦੇ ਹਾਂ ਸਿਮਰਜੀਤ ਸਿੰਘ ਦੇ ਇਸ ਸਫਰ ਦੀ ਕਹਾਣੀ ਉਸ ਦੇ ਅਤੇ ਪਿੰਡ ਵਾਸੀਆਂ ਦੀ ਜ਼ੁਬਾਨੀ…

 • Share this:
  ਅਸ਼ਫਾਕ ਢੁੱਡੀ
  ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਕੋਠੇ ਚੀਦਿਆਂਵਾਲੇ ਦੇ ਇੱਕ ਨੌਜਵਾਨ ਸਿਮਰਜੀਤ ਸਿੰਘ ਨੇ ਇੱਕ ਅਜਿਹਾ ਕਾਰਨਾਮਾ ਕਰ ਵਿਖਾਇਆ ਜੋ ਨੌਜਵਾਨ ਪੀੜੀ ਲਈ ‘ਰਾਹ ਦਸੇਰਾ’ ਬਣੇਗਾ। ਸਿਰਫ ਦਸਵੀਂ ਪਾਸ ਇਸ ਨੌਜਵਾਨ ਨੇ ਆਪਣੀ ਮਿਹਨਤ ਅਤੇ ਸੂਝਬੂਝ ਨਾਲ ਇੱਕ ਅਜਿਹਾ ਬਾਇਕ ਤਿਆਰ ਕਰ ਦਿੱਤਾ ਜੋਕਿ ਬੈਟਰੀ ਉਤੇ ਚੱਲਦਾ ਹੋਇਆ 200 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ।

  ਸਿਮਰਜੀਤ ਨੇ ਇੱਕ ਪੁਰਾਣੇ ‘ਯਾਹਮਾ’ ਮੋਟਰਸਾਇਕਲ ਨੂੰ ਪੈਟਰੋਲ ਤੋਂ ਇਲੈਕਟ੍ਰਿਕ ਬਾਇਕ ’ਚ ਤਬਦੀਲ ਕਰਦਿਆਂ ਉਸ ਵਕਤ ਇਕ ਨਵਾਂ ‘ਮੀਲ ਪੱਥਰ’ ਗੱਡ ਦਿੱਤਾ ਹੈ ਜਦ ਮਹਿੰਗਾਈ ਦੇ ਦੌਰ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਤਿਆਰ ਕੀਤੇ ਜਾ ਰਹੇ ਇਲੈਕਟ੍ਰਿਕ ਬਾਇਕ ਵੀ ਇੱਕ ਵਾਰ ਚਾਰਜ ਹੋਣ ਉਪਰੰਤ ਦੂਰੀ ਤੈਅ ਕਰਨ ਦੀ ‘ਔਸਤ’ਪੱਖੋਂ ਸਿਮਰਜੀਤ ਸਿੰਘ ਵੱਲੋਂ ਤਿਆਰ ਬਾਇਕ ਦੇ ਨੇੜੇ ਤੇੜੇ ਵੀ ਖੜ੍ਹਦੇ ਦਿਖਾਈ ਨਹੀਂ ਦੇ ਰਹੇ। ਕਿਉਂਕਿ ਕੰਪਨੀਆਂ ਦੇ ਬਾਇਕ ਜਿੱਥੇ ਇੱਕ ਵਾਰ ਚਾਰਜ ਹੋਣ ਉਪਰੰਤ ਔਸਤਨ 40 ਤੋਂ 50 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਦਮ ਭਰਦੇ ਹਨ, ਉੱਥੇ ਸਿਮਰਜੀਤ ਖੁਦ ਵੱਲੋਂ ਸੋਧ ਕੀਤੇ ਉਸ ਦੇ ਤਿਆਰ ਬਾਇਕ ਦੀ ਔਸਤ 200 ਕਿਲੋਮੀਟਰ ਹੋਣ ਦਾ ਦਆਵਾ ਕਰਦਾ ਹੈ। ਆਓ ਜਾਣਦੇ ਹਾਂ ਸਿਮਰਜੀਤ ਸਿੰਘ ਦੇ ਇਸ ਸਫਰ ਦੀ ਕਹਾਣੀ ਉਸ ਦੇ ਅਤੇ ਪਿੰਡ ਵਾਸੀਆਂ ਦੀ ਜ਼ੁਬਾਨੀ…

  ਪਿੰਡ ਕੋਟਲੀ ਅਬਲੂ ਕੋਠੇ ਚੀਦਿਆਂਵਾਲੇ ਦੇ ਨੌਜਵਾਨ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਕੰਬਾਇੰਨ ਆਦਿ ਚਲਾਉਂਦਾ ਸੀ ਤੇ ਮਕੈਨੀਕਲ ਵਿਸ਼ੇ ’ਚ ਉਹ ਮੁੱਢ ਤੋਂ ਹੀ ਰੁਚੀ ਰੱਖਦਾ ਸੀ। ਪਰ ਅੱਜ ਤੋਂ ਕਰੀਬ ਇੱਕ ਸਾਲ ਪਹਿਲਾਂ ਉਸ ਅੰਦਰ ਇੱਕ ਇਲੈਕਟ੍ਰਿਕ ਬਾਇਕ ਬਨਾਉਣ ਦਾ ਸ਼ੌਕ ਜਾਗਿਆ। ਕਿਉਂਕਿ ਉਸ ਦੌਰਾਣ ਬਾਜ਼ਾਰ ’ਚ ਆਉਣ ਵਾਲੇ ਇਲੈਕਟ੍ਰਿਕ ਸਕੂਟਰ ਦੀ ਕੀਮਤ ਬਹੁਤ ਜਿਆਦਾ ਸੀ ਜਦਕਿ ਉਹ ਇੱਕ ਵਾਰ ਚਾਰਜ ਹੋਣ ’ਤੇ 40-50 ਕਿਲੋਮੀਟਰ ਹੀ ਚੱਲਦਾ ਸੀ।

  ਇਸ ਲਈ ਉਸ ਅੰਦਰ ਚਿੰਣਗ ਜਾਗੀ ਕਿ ਇੱਕ ਅਜੇਹਾ ਇਲੈਕਟ੍ਰਿਕ ਬਾਇਕ ਤਿਆਰ ਕੀਤਾ ਜਾਏ ਜੋ ਕਿਫਾਇਤੀ ਹੋਏ ਤੇ ਇਸ ਲਈ ਉਸ ਨੇ ਨਵਾਂ ਨਾਂ ਲੈ ਕੇ ਪੁਰਾਣੇ ਬਾਇਕ ’ਤੇ ਹੀ ਤਜਰਬਾ ਕਰਨ ਫੈਸਲਾ ਲਿਆ। ਜਾਣਕਾਰੀ ਵੀ ਕੋਈ ਨਹੀਂ ਸੀ ਪਰ ਠਾਣ ਲਿਆ ਕਿ ਬੱਸ ਇਹ ਕੰਮ ਕਰਨਾ ਹੈ। ਲੋਕ ਉਸ ਨੂੰ ਹੌਂਸਲਾ ਦੇਣ ਦੀ ਬਜਾਏ ਇਹ ਕਹਿੰਦੇ ਸਨ ਕਿ ਇਹ ਇੱਕ ਵੱਡਾ ਪ੍ਰੋਜੈਕਟ ਹੈ ਤੇ ਵੱਡੀਆਂ ਕੰਪਨੀਆਂ ਦਾ ਹੀ ਕੰਮ ਹੈ। ਜਦ ਚਾਚੇ ਨਾਲ ਗੱਲ ਕੀਤੀ ਤਾਂ ਉਸ ਨੂੰ ਲੱਗਿਆ ਕਿ ਇਹ ਲੜਕਾ ਕੁਝ ਕਰ ਸਕਦਾ ਹੈ ਤਾਂ ਉਸ ਨੇ ਇੱਕ ਪੁਰਾਣਾ ਮੋਟਰਸਾਇਕਲ ਵੀ ਘਰੋਂ ਕੱਢਿਆ ਤੇ ਉਸ ਉੱਪਰ ਕੰਮ ਕਰਨ ਲਈ ਉਸ ਨੂੰ 20,000 ਰੁਪਏ ਵੀ ਦਿੱਤੇ ਜੋਕਿ ਉਹ ਲੈ ਕੇ ਦਿੱਲੀ ਰਵਾਨਾ ਹੋ ਗਿਆ।

  ਜਾਣ ਲੱਗੇ ਵੀ ਲੋਕਾਂ ਨੇ ਡਰਾਇਆ ਕਿ ਦਿੱਲੀ ਗਿਆ ਬੰਦਾ ਠੱਗਿਆ ਜਾਂਦਾ ਹੈ ਪਰ ਉਸ ਦੀ ਅੱਖ ਆਪਣੇ ਨਿਸ਼ਾਨੇ ’ਤੇ ਸੀ, ਸੋ ਉਹ ਬਿਨਾਂ ਕਿਸੇ ਭੈਅ ਦਿੱਲੀ ਪੁੱਜ ਗਿਆ। ਦਿੱਲੀ ਪੁੱਜਣ ’ਤੇ ਹੁਣ ਇਹ ਨਹੀਂ ਸੀ ਪਤਾ ਕਿ ਸਮਾਨ ਕਿੱਥੋਂ ਮਿਲਣਾ ਪਰ ਜਨੂਨ ਸੀ, ਸੋ ਸਾਰੇ ਰਾਹ ਆਪੇ ਮਿਲਦੇ ਗਏ। ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ 30 ਵਹੀਕਲ੍ਹ ਤਿਆਰ ਕਰ ਚੁੱਕਾ ਹੈ ਤੇ ਹਰੇਕ ਵਿੱਚ ਪਹਿਲਾਂ ਨਾਲੋਂ ਸੋਧ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਇੱਕ ‘ਯਾਹਮਾ’ ਮੋਟਰਸਾਇਕਲ ਤਿਆਰ ਕਰਨ ’ਚ ਕਰੀਬ 1,50,000 ਰੁਪਏ ਖਰਚ ਆਏ ਤੇ ਉਹ ਇੱਕ ਵਾਰ ਚਾਰਜ ਹੋਣ ਉਪਰੰਤ ਕਰੀਬ 200 ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦਾ ਹੈ।

  ਉਨ੍ਹਾਂ ਕਿਹਾ ਕਿ ਕੰਪਨਂਆਂ ਵੱਲੋਂ ਕਈ ਤਰਾਂ ਦੇ ਮਹਿੰਗੇ ਉਪਰਕਨ ਲਾ ਕੇ ਬਾਇਕ ਮਾਰਕੀਟ ਵਿੱਚ ਉਤਾਰਿਆ ਜਾਂਦਾ ਪਰ ਆਮ ਤੌਰ ’ਤੇ ਇੱਕ ਟੂ-ਵਹੀਲਰ ’ਚ ਇਨ੍ਹਾਂ ਦੀ ਜਰੂਰਤ ਨਹੀਂ ਹੁੰਦੀ ਸੋ ਉਸ ਨੇ ਕੇਵਲ ਇੱਕ ਬੈਟਰੀ, ਇੱਕ ਮੋਟਰ ਤੇ ਇੱਕ ਦੋ ਹੋਰ ਜਰੂਰੀ ਉਪਕਰਨ ਇਸਤੇਮਾਲ ਕੀਤੇ ਹਨ। ਇਸ ਤੋਂ ਇਲਾਵਾ ਮੋਬਾਇਲ ਵਾਂਗ ਬੈਟਰੀ ਬਾਰੇ ਜਾਣਕਾਰੀ ਦੇਣ ਲਈ ਕਰੀਬ 1,000 ਰੁਪਏ ਦਾ ਇੱਕ ਡਿਜੀਟਲ ਮੀਟਰ ਵੀ ਵਰਤੋਂ ’ਚ ਲਿਆ ਹੈ ਜੋਕਿ ਬੈਟਰੀ ਬਾਰੇ ਸਟੀਕ ਜਾਣਕਾਰੀ ਦਿੰਦਾ ਹੈ।

  ਉਸ ਨੇ ਦੱਸਿਆ ਕਿ ਉਹ ਦੋ ਤਰ੍ਹਾਂ ਦੀਆਂ ਬੈਟਰੀਆਂ ਵਰਤੋਂ ’ਚ ਲੈ ਰਿਹਾ ਹੈ, ਇੱਕ ਲੈੱਡ ਐਸਿਡ ਤੇ ਇੱਕ ਲੀਥੀਅਮ। ਜਿਆਦਾ ਔਸਤ ਅਤੇ ਪਿਕਅੱਪ ਲਈ ਲੀਥੀਅਮ ਹੀ ਵਰਤੀ ਜਾਂਦੀ ਹੈ ਤੇ ਉਹ ਵੀ ਦੋ ਕਿਸਮਾਂ ਦੀ ਆਉਂਦੀ ਹੈ। ਇੱਕ ਲੀਥੀਅਮ ਆਇਨ ਤੇ ਲੀਥੀਅਮ ਫੋਸਫੇਟ, ਕੰਪਨੀਆਂ ਵੱਲੋਂ ਆਇਨ ਵਰਤੀ ਜਾਂਦੀ ਹੈ ਜਦਕਿ ਉਹ ਜਿਆਦਾਤਰ ਲੀਥੀਅਮ ਫੋਸਫੇਟ ਇਸਤੇਮਾਲ ਕਰਦਾ ਹੈ ਕਿਉਂਕਿ ਇਸ ਦੇ ਫਟਣ ਦਾ ਖ਼ਦਸ਼ਾ ਬਹੁਤ ਘੱਟ ਹੁੰਦਾ ਹੈ ਜਦਕਿ ਲਾਇਨ ’ਚ ਇਹ ਕਮੀ ਅਕਸਰ ਵੇਖਣ ਨੂੰ ਮਿਲਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਬੈਟਰੀ ਲਈ ਵਰਤੇ ਜਾਂਦੇ ਸੈਲਾਂ ’ਤੇ ਪੂਰੀ ਤਰ੍ਹਾਂ ਖੋਜ ਕਰਨ ਉਪਰੰਤ ਹੀ ਉਹ ਹੁਣ ਬੈਟਰੀਆਂ ਖੁਦ ਤਿਆਰ ਕਰਾਉਂਦਾ ਹੈ। ਉਸ ਨੇ ਦੱਸਿਆ ਕਿ ਲੈੱਡ ਵਿੱਚ ਬੈਟਰੀ ਔਸਤਨ 3,000/- ਵਿੱਚ ਤਿਆਰ ਹੁੰਦੀ ਹੈ ਜਦਕਿ ਲੀਥੀਅਮ ਦੀ ਸ਼ਰੂਆਤ 25,000 ਰੁਪਏ ਤੋਂ ਹੁੰਦੀ ਹੈ ਤੇ ਦੂਰੀ ਤੈਅ ਕਰਨ ਦੀ ‘ਔਸਤ’ ਅਨੁਸਾਰ ਕੀਮਤ ਤੈਅ ਹੁੰਦੀ ਹੈ। ਇੱਕ ਬਾਇਕ ’ਚ ਸਵਾਰੀਆਂ ਦੇ ਹਿਸਾਬ ਨਾਲ ਲੈੱਡ ਦੀਆਂ 4 ਤੋਂ 6 ਬੈਟਰੀਆਂ ਦਾ ਇਸਤੇਮਾਲ ਹੁੰਦਾ ਹੈ ਜਦਕਿ ਲੀਥੀਅਮ ਬੈਟਰੀ ਇੱਕ ਹੀ ਕੰਮ ਦੇ ਜਾਂਦੀ ਹੈ।

  ਉਸ ਨੇ ਦੱਸਿਆ ਕਿ ਇੱਕ ਬਾਇਕ 8 ਤੋਂ 10 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜਦਕਿ ‘ਯਾਹਮਾ’ ਮੋਟਰਸਾਇਕਲ ਉਸ ਨੇ ਕਈ ਖਾਸ ਉਪਰਕਨ ਵਰਤਦਿਆਂ ਤਿਆਰ ਕੀਤਾ ਤੇ ਇਸ ਲਈ ਉਸ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਲੱਗ ਗਿਆ ਸੀ ਤੇ ਇਹ 200 ਦੇ ਕਰੀਬ ‘ਔਸਤ’ ਕੱਢਦਾ ਹੈ ਤੇ ਇਸ 70 ਤੋਂ 80 ਮਿਲੋਮਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਚੱਲ ਸਕਦਾ। ਉਸ ਨੇ ਕੰਪਨੀਆਂ ਅਤੇ ਖੁਦ ਦੇ ਤਿਆਰ ਕੀਤੇ ਬਾਇਕ ਦਾ ਅੰਤਰ ਦੱਸਦਿਆਂ ਕਿਹਾ ਕਿ ਕੰਪਨੀਆਂ ਦੇ ਮਹਿੰਗੇ ਵਹੀਕਲ ਵੀ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਇੱਕ ਵਾਰ ਔਸਤਨ 45 ਕਿਲੋਮੀਟਰ ਦੀ ਹੀ ਦੂਰੀ ਤੈਅ ਕਰ ਪਾਉਂਦੇ ਹਨ ਜਦਕਿ ਉਸ ਵੱਲੋਂ ਤਿਆਰ ਕੀਤੇ ਬਾਇਕ ਦੀ ਅੇਸਤ ਅਤੇ ਰਫਤਾਰ/ਪਿਕਅੱਪ ਇਨ੍ਹਾਂ ਨਾਲੋਂ ਜਿਆਦਾ ਹੈ।

  ਸਿਮਰਜੀਤ ਨੇ ਦੱਸਿਆ ਕਿ ਲੋਕਾਂ ਵਿੱਚ ਧਾਰਨਾ ਹੈ ਕਿ ਅਜਿਹੇ ਵਹੀਕਲ ‘ਜੁਗਾੜ’ ਹੁੰਦੇ ਹਨ ਤੇ ਨੁਕਸਾਨ ਹੋ ਸਕਦਾ ਪਰ ਉਸ ਵੱਲੋਂ ਤਿਆਰ ਬਾਇਕ ਲਗਭਗ ਇੱਕ ਸਾਲ ਤੋਂ ਚੱਲ ਰਹੇ ਹਨ ਪਰ ਅਜਿਹੀ ਕੋਈ ਮੁਸ਼ਕਲ ਦਰਪੇਸ਼ ਨਹੀਂ ਆਈ। ਉਸ ਨੇ ਦੱਸਿਆ ਕਿ ਉਹ ਕੇਵਲ ਦੱਸਵੀਂ ਪਾਸ ਹੈ ਤੇ ਪਹਿਲਾਂ ਉਸ ਨੇ ਪੰਜਾਬ ਦੇ ਹਾਲਾਤਾਂ ਨੂੰ ਵੇਖਦਿਆਂ ਇਹ ਫੈਸਲਾ ਲਿਆ ਸੀ ਕਿ ਉਹ ਬਾਹਰਲੇ ਮੁਲਕ ਚਲਾ ਜਾਏਗਾ ਤੇ ਇਸ ਲਈ ਉਸ ਨੇ ਪਾਸਪੋਰਟ ਆਦਿ ਵੀ ਬਣਾ ਲਿਆ ਸੀ। ਪਰ ਪਰਿਵਾਰ ਨੇ ਉਸ ਨੂੰ ਆਪਣੇ ਮੁਲਕ ’ਚ ਰਹਿ ਕੇ ਹੀ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ ਤਾਂ ਉਸ ਨੇ ਪਹਿਲਾਂ ਸਬਜ਼ੀ ਵੇਚਣ ਤੋਂ ਲੈ ਕੇ ਹੋਰ ਕਈ ਛੋਟੇ ਛੋਟੇ ਕੰਮ ਕੀਤੇ, ਨਾਕਾਮਯਾਬ ਹੋਣ ਦੇ ਬਾਵਜੂਦ ਵੀ ‘ਜਿੱਦ’ ਨਹੀਂ ਛੱਡੀ ਤੇ ਨਾ ਹੀ ਡਰਿਆ। ਹੁਣ ਇਸ ਕੰਮ ਵਿੱਚ ਉਹ ਬਿਲਕੁਲ ਨਹੀਂ ਡਰ ਰਿਹਾ ਤੇ ਨਵੀਆਂ ਸੋਧਾਂ, ਨਵੇਂ ਤਜੁਰਬਿਆਂ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ।

  ਉਸ ਨੇ ਦੱਸਿਆ ਕਿ ਉਸ ਵੱਲੋਂ ‘ਮੰਗ’ ਉੱਪਰ ਤਿਆਰ ਕੀਤੇ ਗਏ ਬਾਇਕ ਮਾਨਸਾ, ਫਾਜਿਲਕਾ, ਮੋਗਾ, ਲੰਬੀ, ਗਿੱਦੜਬਾਹਾ ਤੋਂ ਇਲਾਵਾ ਗੁਆਂਢੀ ਸੂਬੇ ਰਾਜਸਥਾਨ ’ਚ ਵੀ ਚੱਲ ਰਹੇ ਹਨ। ਉਸ ਨੇ ਦੱਸਿਆ ਕਿ ਜਦ ਉਸ ਨੇ ਇਹ ਕੰਮ ਆਰੰਭ ਕੀਤਾ ਸੀ ਤਾਂ ਸ਼ੁਰੂਆਤ ਵਿੱਚ ਘਰੋਂ ਕੋਈ ਚੰਗਾ ਹੁੰਗਾਰਾ ਨਹੀਂ ਮਿਲਿਆ ਪਰ ਹੁਣ ਉਹ ਖੁਸ਼ ਹਨ। ਇਸ ਤੋਂ ਇਲਾਵਾ ਉਹ ਧੰਨਵਾਦੀ ਹੈ ਹਲਕਾ ਇੰਚਾਰਜ ਅਕਾਲੀ ਦਲ ਗਿੱਦੜਬਾਹਾ ਰਦੀਪ ਸਿੰਘ ‘ਡਿੰਪੀ’ ਢਿੱਲੋਂ ਹੁਰਾਂ ਦਾ ਜਿਨ੍ਹਾਂ ਨੇ ਉਸ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਖੁਦ ਲਈ ਵੀ ਇੱਕ ਬਾਇਕ ਤਿਆਰ ਕਰਵਾਇਆ।

  ਸਿਮਰਜੀਤ ਨੇ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ‘ਪੰਜਾਬ’ ਕਿਸੇ ਦਾ ਨਹੀਂ ਆਪਣਾ ਹੀ ਹੈ, ਸੋ ਬਾਹਰਲੇ ਮੁਲਕ ਜਾਣ ਦੀ ਬਜਾਏ ਜਿਸ ਵੀ ਵੀਰ ਵਿੱਚ ਜੋ ਵੀ ਕਲਾ ਹੈ, ਉਸ ਨੂੰ ਪ੍ਰਫੁਲਿਤ ਕਰਦਿਆਂ ਉਨ੍ਹਾਂ ਸਮਾਂ ਆਪਣੇ ‘ਪੰਜਾਬ’ ਲਈ ਕੰਮ ਕਰੀਏ ਜਿਨ੍ਹਾਂ ਵਿਦੇਸ਼ਾਂ ’ਚ ਜਾ ਕੇ ਕਰਦੇ ਹਾਂ। ਫਿਰ ਚਾਹੇ ਕੋਈ ਸਰਕਾਰੀ ਮਦਦ ਮਿਲੇ ਜਾਂ ਨਹੀਂ ਪਰ ਮਿਹਨਤ ਤੇ ਸਾਫ ਨੀਅਤ ਨਾਲ ਕੀਤੇ ਹਰੇਕ ਕੰਮ ਵੱਟੇ ਪੈਸਿਆਂ ਦੇ ਨਾਲ ਨਾਲ ‘ਸ਼ੋਹਰਤ ਤੇ ਮਾਨ ਸਨਮਾਨ’ ਵੀ ਜਰੂਰ ਮਿਲਦਾ ਹੈ।

  ਪਿੰਡ ਦੇ ਹੀ ਸਕੂਲ ਕੋ-ਆਪ੍ਰੇਟਿਵ ਪਬਲਿਕ ਹਾਈ ਸਕੂਲ ਦੇ ਅਧਿਆਪਕ ਜੋਰਾ ਸਿੰਘ ਨੇ ਦੱਸਿਆ ਕਿ ਸਿਮਰਜੀਤ ਸਿੰਘ ਉਸ ਕੋਲ ਸੱਤਵੀ ਕਲਾਸ ਵਿੱਚ ਆਇਆ ਸੀ ਤੇ ਆਮ ਬੱਚਿਆਂ ਵਾਂਗ ਹੀ ਸ਼ਰਾਰਤੀ ਸੁਭਾਅ ਦਾ ਸੀ। ਪੜ੍ਹਾਈ ਲਿਖਾਈ ਵਿੱਚ ਇਹ ਔਸਤਨ ਵਿਦਿਆਰਥੀਆਂ ’ਚ ਹੀ ਸ਼ੁਮਾਰ ਸੀ ਪਰ ਕਿਤੇ ਨਾ ਕਿਤੇ ਇਸ ਦੇ ਅੰਦਰ ਇੱਕ ‘ਪ੍ਰਤਿਭਾ’ ਜਰੂਰ ਲੁਕੀ ਹੋਈ ਸੀ। ਉਨ੍ਹਾਂ ਇਸ ਸਬੰਧੀ ਇੱਕ ਕਿੱਸਾ ਦੱਸਦਿਆਂ ਹੋਇਆ ਕਿਹਾ ਕਿ ਸਕੂਲ ਵਿੱਚ ਇੱਕ ਵਾਰ ਬਿਜ਼ਲੀ ਖਰਾਬ ਹੋ ਗਈ ਤੇ ਚੱਲ ਰਹੇ ਇੱਕ ਪ੍ਰੋਜੈਕਟ ਵਿੱਚ ਰੁਕਾਵਟ ਆਉਣ ’ਤੇ ਬਿਜਲੀ ਮਕੈਨਿਕ ਨੂੰ ਫੋਨ ਕੀਤਾ ਗਿਆ। ਪਰ ਕਿਸੇ ਰੁਝੇਵੇਂ ’ਚ ਹੋਣ ਕਰਕੇ ਉਹ ਨਾ ਆਇਆ ਤਾਂ ਸਿਮਰਜੀਤ ਨੇ ਕਿਹਾ ਕਿ ਉਹ ਠੀਕ ਕਰ ਦੇਵੇਗਾ ਤੇ ਕਰ ਵੀ ਦਿੱਤੀ।

  ਪਿੰਡ ਵਿੱਚ ਵੈਲਡਿੰਗ ਦਾ ਕੰਮ ਕਰਦੇ ਸਿਮਰਜੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸਿਮਰਜੀਤ ਆਪਣਾ ਮਨਪੰਸਦੀਦਾ ਕੰਮ ਬੜੀ ਲਗਨ ਤੇ ਮਿਹਨਤ ਨਾਲ ਰ ਰਿਹਾ ਹੈ। ਉਹ ਵੀ ਉਸ ਦੇ ਕੰਮ ’ਚ ਹੱਥ ਵੀ ਵਟਾਉਂਦੇ ਹਨ ਅਤੇ ਉਸ ਦੀ ਹੌਸਲਾ ਅਫਜਾਈ ਕਰਦੇ ਹਨ ਕਿਉਂਕਿ ਇੱਕ ਬੱਚਾ ਹੌਸਲਾ ਮਿਲਣ ਨਾਲ ਹੀ ਕਾਮਯਾਬ ਹੁੰਦਾ ਹੈ।
  Published by:Gurwinder Singh
  First published:

  ਅਗਲੀ ਖਬਰ