ਯੂਥ ਅਕਾਲੀ ਦਲ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ, ਪ੍ਰਧਾਨ ਪਰਮਬੰਸ ਬੰਟੀ ਰੋਮਾਣਾ ਦੀ ਅਗਵਾਈ 'ਚ ਪਹੁੰਚੇ ਯੂਥ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਐਸ ਸੀ ਸਕਾਲਰਸ਼ਿਪ ਦੇ 64 ਕਰੋੜ ਦੇ ਘੁਟਾਲੇ 'ਚ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਕੇਸ ਦਰਜ ਕਰ ਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਰੋਮਾਣਾ ਨੇ ਕਿਹਾ ਕਿ ਜਿਸ ਮੰਤਰੀ ’ਤੇ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼ੇ੍ਰਣੀਆਂ ਦੀ ਭਲਾਈ ਦੀ ਜ਼ਿੰਮੇਵਾਰੀ ਹੈ, ਉਹ ਉਸੇ ਵਰਗ ਨੂੰ ਨੁਕਸਾਨ ਪਹੁੰਚਾਉਣ ਲੱਗ ਪਿਆ ਹੈ, ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਐਸ ਸੀ ਸਕਾਲਰਸ਼ਿਪ ਲਈ ਕੇਂਦਰ ਸਰਕਾਰ ਤੋਂ 811 ਕਰੋੜ ਰੁਪਏ ਆਏ ਹਨ, ਪਰ ਸਰਕਾਰ ਨੇ ਇਹ ਵਿਦਿਆਰਥੀਆਂ ਦੇ ਲਾਭ ਵਾਸਤੇ ਕਾਲਜਾਂ ਨੂੰ ਨਹੀਂ ਵੰਡੇ ਜਿਸ ਕਾਰਨ 1 ਲੱਖ ਤੋਂ ਵੱਧ ਐਸ ਸੀ ਵਿਦਿਆਰਥੀ ਉਚੇਰੀ ਸਿੱਖਿਆ ਤੋਂ ਵਾਂਝੇ ਹੋ ਗਏ।
ਯੂਥ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਵਿਚ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨੇ ਕੀਤੀ ਜਾਂਚ ਵਿਚ ਮੰਤਰੀ ਨੂੰ ਖੁਦ ਇਸ ਗਬਨ ਦਾ ਜ਼ਿੰਮੇਵਾਰ ਕਰਾਰ ਦਿੱਤਾ ਹੈ, ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਧਰਮਸੋਤ ਨੂੰ ਕੇਂਦਰ ਸਰਕਾਰ ਤੋਂ ਐਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਲਈ ਮਿਲੇ 39 ਕਰੋੜ ਰੁਪਏ ਅਯੋਗ ਪ੍ਰਾਈਵੇਟ ਸੰਸਥਾਵਾਂ ਨੂੰ ਦੇਣ ਦਾ ਦੋਸ਼ੀ ਪਾਇਆ ਗਿਆ ਹੈ।
ਉਹਨਾਂ ਕਿਹਾ ਕਿ ਰਿਪੋਰਟ ਜੋ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਤਿਆਰ ਕੀਤੀ ਹੈ, ਵਿਚ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਤੋਂ ਐਸ ਸੀ ਵਿਦਿਆਰਥੀਆਂ ਵਾਸਤੇ 24.91 ਕਰੋੜ ਰੁਪਏ ਪ੍ਰਾਪਤ ਹੋਏ ਸਨ ਜੋ ਇਕ ਗੈਰ ਕਾਨੂੰਨੀ ਰੀ ਆਡਿਟ ਮਗਰੋਂ ਪ੍ਰਾਈਵੇਟ ਸੰਸਥਾਵਾਂ ਨੂੰ ਦੇ ਦਿੱਤੇ ਗਏ।
ਰੋਮਾਣਾ ਨੇ ਇਲਜ਼ਾਮ ਲਗਾਇਆ ਕਿ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੀ ਵਿਭਾਗੀ ਆਡਿਟ ਮਗਰੋਂ ਇਕ ਸੰਸਥਾ ਤੋਂ 8 ਕਰੋੜ ਰੁਪਏ ਮੁੜ ਵਸੂਲੇ ਗਏ ਹਨ। ਪਰ ਧਰਮਸੋਤ ਦੇ ਇਸ਼ਾਰੇ ’ਤੇ ਇਕ ਗੈਰ ਕਾਨੂੰਨੀ ਆਡਿਟ ਕੀਤਾ ਗਿਆ ਤੇ ਇਸੇੇ ਵਿਦਿਅਕ ਅਦਾਰੇ ਨੂੰ 16.91 ਕਰੋੜ ਰੁਪਏ ਦੇ ਦਿੱਤੇ ਗਏ। ਇਸ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਕੁੱਲ 24.91 ਕਰੋੜ ਰੁਪਏ ਦਾ ਘਾਟਾ ਪਿਆ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਧਰਮਸੋਤ ਖਿਲਾਫ ਕਾਰਵਾਈ ਨਾ ਕੀਤੀ ਤਾਂ ਫਿਰ ਯੂਥ ਅਕਾਲੀ ਦਲ ਮੁੱਖ ਮੰਤਰੀ ਦਾ ਘਿਰਾਓ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akali Dal, Punjab vidhan sabha