ਦੀਵਾਲੀ ਮੌਕੇ ਸਿੱਖਾਂ ਵਿੱਚ ਖ਼ਾਸ ਮਹਤੱਤਾ ਰੱਖਦਾ ਹੈ 'ਬੰਦੀ ਛੋੜ ਦਿਵਸ'


Updated: November 7, 2018, 11:47 AM IST
ਦੀਵਾਲੀ ਮੌਕੇ ਸਿੱਖਾਂ ਵਿੱਚ ਖ਼ਾਸ ਮਹਤੱਤਾ ਰੱਖਦਾ ਹੈ 'ਬੰਦੀ ਛੋੜ ਦਿਵਸ'
ਦੀਵਾਲੀ ਮੌਕੇ ਸਿੱਖਾਂ ਵਿੱਚ ਖ਼ਾਸ ਮਹਤੱਤਾ ਰੱਖਦਾ ਹੈ 'ਬੰਦੀ ਛੋੜ ਦਿਵਸ'

Updated: November 7, 2018, 11:47 AM IST
ਸਿੱਖਾਂ ਵਿਚ ਦੀਵਾਲੀ ਦਾ ਤਿਉਹਾਰ ‘ਬੰਦੀਛੋੜ ਦਿਵਸ’ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਇਸ ਦਿਨ ਸਿੱਖ ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦਾ ਹੈ। ਉਹ ਇਸ ਦਿਨ ਨੂੰ ਖੂਬ ਚਾਵਾਂ ਤੇ ਖੇੜਿਆਂ ਨਾਲ ਮਨਾਉਂਦਾ ਹੈ।

ਇਸ ਦਿਨ ਸੂਰਬੀਰ ਸਿੰਘਾਂ ਅਤੇ ਸ਼ਹੀਦਾਂ ਨੂੰ ਵੀ ਯਾਦ ਕਰਦਾ ਹੈ। ਅੰਮ੍ਰਿਤਸਰ ਦੀ ਦੀਵਾਲੀ ਪੂਰੇ ਸਿੱਖ-ਜਗਤ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਆਖਰ ਕੀ ਹਨ ਉਹ ਕਾਰਨ ਜਿਸ ਨਾਲ ਦੀਵਾਲੀ ਦਾ ਅੰਮ੍ਰਿਤਸਰ ਨਾਲ ਇੰਨਾ ਗੂੜ੍ਹਾ ਸੰਬੰਧ ਜੁੜ ਗਿਆ ਹੈ? ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਉਪਰੰਤ ਵੀ ਮੁਗ਼ਲ ਸਰਕਾਰ ਦੇ ਜ਼ੁਲਮ ਬਰਕਰਾਰ ਸਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਮੂਹ ਸਿੱਖਾਂ ਨੂੰ ਹੁਕਮ ਜਾਰੀ ਕੀਤੇ ਕਿ ਸੰਗਤਾਂ ਗੁਰੂ-ਘਰ ਦੇ ਦਰਸ਼ਨਾਂ ਲਈ ਆਉਣ ਸਮੇਂ ਘੋੜੇ, ਸ਼ਸਤਰ, ਆਦਿ ਭੇਟਾ ਕਰਨ ਅਤੇ ਖ਼ੁਦ ਵੀ ਜ਼ਾਲਮ ਹਕੂਮਤ ਨਾਲ ਲੋਹਾ ਲੈਣ ਲਈ ਤਿਆਰ-ਬਰ-ਤਿਆਰ ਰਹਿਣ। ਗੁਰੂ ਸਾਹਿਬ ਨੇ ਦੋ ਤਲਵਾਰਾਂ ਮੀਰੀ-ਪੀਰੀ ਦੀਆਂ ਧਾਰਨ ਕੀਤੀਆਂ, ਜਿਸ ਨਾਲ ਸੰਗਤਾਂ ਵਿਚ ਜ਼ੁਲਮ ਵਿਰੁੱਧ ਡਟਣ ਲਈ ਜੋਸ਼ ਠਾਠਾਂ ਮਾਰਨ ਲੱਗ ਪਿਆ। ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਦੀ ਵਧਦੀ ਪ੍ਰਤਿਸ਼ਠਾ ਅਤੇ ਸੈਨਿਕ ਸ਼ਕਤੀ ਤੋਂ ਘਬਰਾ ਗਿਆ। ਉਸ ਨੇ ਗੁਰੂ ਸਾਹਿਬ ਨੂੰ ਬੁਲਾਵਾ ਭੇਜ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ, ਜਿੱਥੇ ਪਹਿਲਾਂ ਹੀ ਬਾਦਸ਼ਾਹ ਦੀਆਂ ਨੀਤੀਆਂ ਦਾ ਵਿਰੋਧ ਕਰ ਚੁੱਕੇ ਹਿੰਦੂ ਰਾਜਪੂਤ ਪਹਾੜੀ ਰਾਜੇ ਕੈਦ ਸਨ। ਸੰਗਤਾਂ ਨੇ ਭਾਰੀ ਜਥੇ ਲੈ ਕੇ ਗਵਾਲੀਅਰ ਦੇ ਕਿਲ੍ਹੇ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਹਰ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਕਰਨ ਲੱਗ ਪਿਆ। ਸਿੱਖਾਂ ਦੇ ਇਕੱਠ ਤੋਂ ਘਬਰਾ ਕੇ ਅਤੇ ਸਾਈਂ ਮੀਆਂ ਮੀਰ ਦੀਆਂ ਨਸੀਹਤਾਂ ਨੂੰ ਮੰਨ ਕੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰ ਦੇਣ ਦਾ ਮਨ ਬਣਾਇਆ। ਗੁਰੂ ਜੀ ਨੇ ਤਦ ਤਕ ਰਿਹਾਅ ਹੋਣ ਤੋਂ ਨਾਂਹ ਕਰ ਦਿੱਤੀ ਜਦ ਤਕ ਉਨ੍ਹਾਂ ਦੇ ਨਾਲ ਕੈਦੀ ੫੨ ਰਾਜੇ ਵੀ ਛੱਡ ਨਹੀਂ ਦਿੱਤੇ ਜਾਂਦੇ। ਜਹਾਂਗੀਰ ਨੇ ਕਾਫੀ ਨਾਂਹ-ਨੁੱਕਰ ਕਰਨ ਤੋਂ ਬਾਅਦ ਮੰਨ ਲਿਆ ਕਿ ਜਿਹੜਾ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਨਿਕਲੇਗਾ ਉਹ ਰਿਹਾਅ ਕਰ ਦਿੱਤਾ ਜਾਵੇਗਾ।

ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਸਿਲਵਾਇਆ ਜਿਸ ਨੂੰ ਫੜ ਕੇ ਸਾਰੇ ਰਾਜੇ ਵੀ ਬਾਹਰ ਨਿਕਲ ਆਏ। ਜਦ ਗੁਰੂ ਸਾਹਿਬ ਅੰਮ੍ਰਿਤਸਰ ਦੀ ਪਾਵਨ ਧਰਤੀ ’ਤੇ ਪਹੁੰਚੇ ਤਾਂ ਉਸ ਦਿਨ ਕੁਦਰਤੀਂ ਦੀਵਾਲੀ ਦਾ ਹੀ ਦਿਨ ਸੀ ਤਾਂ ਸੰਗਤਾਂ ਨੇ ਦੀਪਮਾਲਾ ਕੀਤੀ, ਆਤਿਸ਼ਬਾਜ਼ੀ ਚਲਾਈ ਅਤੇ ਮਿਠਾਈਆਂ ਵੰਡ ਕੇ ਰੱਜ ਕੇ ਖੁਸ਼ੀਆਂ ਮਨਾਈਆਂ। ਇਸ ਤਰ੍ਹਾਂ ਇਸ ਦਿਹਾੜੇ ਨੂੰ ‘ਬੰਦੀਛੋੜ ਦਿਵਸ’ ਵਜੋਂ ਮਨਾਇਆ ਜਾਣ ਲੱਗ ਪਿਆ।

 

ਦੂਸਰੇ ਪਾਸੇ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਸਿੱਖਾਂ ਲਈ ਭਿਆਨਕ ਸਮਾਂ ਆਇਆ। ਭਾਈ ਮਨੀ ਸਿੰਘ ਜੀ, ਜੋ ਕਿ ਉਨ੍ਹੀਂ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਮਹਾਨ ਸੇਵਾ ਨਿਭਾਅ ਰਹੇ ਸਨ, ਨੇ 1733 ਈਸਵੀ ਦੀ ਬੰਦੀ ਛੋੜ ਦਿਵਸ  ਮੌਕੇ ਸਿੱਖ ਸੰਗਤਾਂ ਦੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਲਈ। ਓਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ। ਇਸ ਗੱਲ ਦਾ ਪਤਾ ਲੱਗਣ ’ਤੇ ਭਾਈ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਭਾਈ ਸਾਹਿਬ ਨੇ ਕਿਹਾ ਮੈਨੂੰ ਸਿੱਖੀ ਪਿਆਰੀ ਹੈ ਜਾਨ ਨਹੀਂ, ਮੈਨੂੰ ਸ਼ਹੀਦ ਹੋਣਾ ਪ੍ਰਵਾਨ ਹੈ। ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਜੁੜ ਗਿਆ।
First published: November 7, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ