ਸਿੱਖਾਂ ਨੇ 'ਹਾਅ ਦਾ ਨਾਅਰੇ' ਦਾ ਮੁੱਲ ਇੰਜ ਮੋੜਿਆ....

Sukhwinder Singh
Updated: December 28, 2018, 9:47 AM IST
ਸਿੱਖਾਂ ਨੇ 'ਹਾਅ ਦਾ ਨਾਅਰੇ' ਦਾ ਮੁੱਲ ਇੰਜ ਮੋੜਿਆ....
Sukhwinder Singh
Updated: December 28, 2018, 9:47 AM IST
ਸਿੱਖ ਕੌਮ 'ਤੇ ਇਹੋ ਜਿਹਾ ਇੱਕ ਅਹਿਸਾਨ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਕੀਤਾ ਸੀ, ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਉਪਰੰਤ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿਚ ਅੰਤਾਂ ਦਾ ਫ਼ਖ਼ਰ ਮਹਿਸੂਸ ਕਰਦਾ ਹੈ। ਸਰਹਿੰਦ ਦੀ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਿਹ ਸਿੰਘ (7 ਸਾਲ) ਨੂੰ ਪੇਸ਼ ਕੀਤਾ ਗਿਆ।  ਉਨ੍ਹਾਂ ਫੈਸਲਾ ਦਿੱਤਾ ਕਿ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ। ਉਸ ਸਮੇਂ ਕਚਹਿਰੀ ਵਿਚ ਹੋਰਨਾਂ ਤੋਂ ਇਲਾਵਾ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ।

ਨਵਾਬ ਸ਼ੇਰ ਮੁਹੰਮਦ ਖਾਂ ਨੇ ਛੋਟੇ ਬੱਚਿਆਂ ਦੀ ਹਮਦਰਦੀ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਾਜੀਆਂ ਦੇ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਇਹ ਸਜ਼ਾ ਨਾ ਦਿੱਤੀ ਜਾਵੇ, ਉਸ ਦੀ ਦਲੀਲ ਸੀ ਕਿ ‘ਇਨ੍ਹਾਂ ਮਾਸੂਮ ਤੇ ਬੇਗੁਨਾਹ ਬੱਚਿਆਂ ਨੇ ਕਿਸੇ ਦਾ ਕੀ ਵਿਗਾੜਿਆ ਹੈ?’ ਮਲੇਰਕੋਟਲਾ ਦੇ ਨਵਾਬ ਨੇ ਕਿਹਾ ਕਿ ਦੁਸ਼ਮਣੀ ਤਾਂ ਇਨ੍ਹਾਂ ਦੇ ਪਿਤਾ ਨਾਲ ਹੈ।

ਵਜੀਦ ਖਾਂ ਵੀ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਸਹਿਮਤ ਹੋ ਗਿਆ ਸੀ। ਇਹ ਸਭ ਕੁਝ ਸੁਣ ਕੇ ਸੂਬੇ ਦਾ ਵਫਾਦਾਰ ਸੁੱਚਾ ਨੰਦ ਵਜ਼ੀਰ ਬੋਲਿਆ ‘‘ਨਵਾਬ ਸਾਹਿਬ ਤੁਸੀਂ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ। ਦੁਸ਼ਮਣ ਦੇ ਪੁੱਤਰਾਂ ’ਤੇ ਤਰਸ ਕਰਕੇ ਛੱਡ ਦੇਣਾ ਕੀ ਭਲਮਾਣਸੀ ਹੈ ਅਤੇ ਤੁਸੀ ਇਸ ਸਮੇਂ ਇਨ੍ਹਾਂ ਨੂੰ ਸਜ਼ਾ ਦੇਣ ਤੋਂ ਰਿਆਇਤ ਕੀਤੀ ਤਾਂ ਇਹ ਆਪਣੇ ਪਿਤਾ ਨਾਲ ਰਲ ਕੇ ਤੁਹਾਡਾ ਜਿਉਣਾ ਹਰਾਮ ਕਰ ਦੇਣਗੇ।’’

ਸੂਬੇ ਨੂੰ ਸੁੱਚਾ ਨੰਦ ਵਲੋਂ ਦਿੱਤੀ ਗਈ ਇਸ ਸਲਾਹ ਦੀ ਸਭਾ ’ਚ ਬੈਠੇ ਕਾਜ਼ੀਆਂ ਨੇ ਵੀ ਹਮਾਇਤ ਕਰ ਦਿੱਤੀ ਤਾਂ ਸਹਿਬਜ਼ਾਦਿਆਂ ਨੂੰ ਮੌਤ ਜਾਂ ਇਸਲਾਮ ਕਬੂਲ ਕਰ ਲੈਣ ਦਾ ਫਤਵਾ ਸੁਣਾ ਦਿੱਤਾ। ਅਜਿਹਾ ਫਤਵਾ ਸੁਣ ਕੇ ਨਵਾਬ ਮਲੇਰਕੋਟਲਾ ਅਣਮਨੁੱਖੀ ਅਤੇ ਗੈਰ ਲੋਕਰਾਜ਼ੀ ਫਤਵੇ ਦੇ ਰੋਸ ਵਜੋਂ ਭਰੀ ਕਚਹਿਰੀ ਵਿਚੋਂ ਉੱਠ ਕੇ ਬਾਹਰ ਚਲਾ ਗਿਆ।

ਬੇਸ਼ੱਕ ਇਹ 'ਹਾਅ ਦਾ ਨਾਅਰਾ' ਸਾਹਿਬਜ਼ਾਦਿਆਂ ਨੂੰ ਦਿੱਤੇ ਦੰਡ ਦੇ ਫ਼ੈਸਲੇ ਨੂੰ ਅਮਲੀ ਰੂਪ ਵਿਚ ਕੋਈ ਫ਼ਰਕ ਨਹੀਂ ਪਾ ਸਕਿਆ, ਫਿਰ ਵੀ ਨਵਾਬ ਨੇ ਸਿੱਖਾਂ 'ਤੇ ਇੱਕ ਅਜਿਹਾ ਅਹਿਸਾਨ ਚੜ੍ਹਾ ਦਿੱਤਾ ਹੈ, ਜਿਸ ਨੂੰ ਉਤਾਰਨ ਲਈ ਉਹ ਪਿਛਲੇ 309 ਵਰ੍ਹਿਆਂ ਤੋਂ ਯਤਨਸ਼ੀਨ ਹਨ। ਸਿੱਖ ਬੱਚਾ ਜਿੱਥੇ ਹੋਸ਼ ਸੰਭਾਲਦੇ ਹੀ ਸਰਹਿੰਦ ਦਾ ਸਾਕਾ ਕੰਠ ਕਰ ਲੈਂਦਾ ਹੈ, ਉੱਥੇ ਹਾਅ ਦਾ ਨਾਅਰਾ ਵੀ ਉਸ ਦੇ ਨਰਮ ਮਨ 'ਤੇ ਡੂੰਘਾ ਉੱਕਰਿਆ ਜਾਂਦਾ ਹੈ।

ਸਿੱਖ ਜਗਤ ਨੇ 'ਹਾਅ ਦਾ ਨਾਅਰੇ' ਦਾ ਮੁੱਲ ਵੀ ਮੋੜਿਆ। 18ਵੀਂ ਸਦੀ ਸਿੱਖਾਂ ਦੇ ਇਮਤਿਹਾਨ ਦਾ ਸਮਾਂ ਸੀ। ਸਿੱਖਾਂ ਨੂੰ ਪਰਖਿਆ ਜਾਣ ਲੱਗਾ। ਮੁ਼ਗ਼ਲ ਹਕੂਮਤ ਨੇ ਜੀਅ ਭਰ ਕੇ ਸਿੱਖਾਂ 'ਤੇ ਜ਼ੁਲਮ ਢਾਹੇ। ਅੰਤ ਮੁਗ਼ਲ ਰਾਜ ਆਪਣੇ ਆਪ ਹੀ ਪਾਪਾਂ ਦੇ ਭਾਰ ਹੇਠ ਦਬਣਾ ਸ਼ੁਰੂ ਹੋ ਗਿਆ ਅਤੇ ਸਿੱਖਾਂ ਦੀ ਚੜ੍ਹਤ ਹੋਣ ਲੱਗ ਪਈ। ਇਸੇ ਚੜ੍ਹਤ ਦੌਰਾਨ ਸਿੱਖ ਸੰਨ 1783 ਵਿਚ ਲਾਲ ਕਿਲ੍ਹੇ ਵਿਚ ਦਾਖ਼ਲ ਹੋ ਗਏ ਅਤੇ ਦੀਵਾਨੇ-ਏ-ਆਮ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। (ਸਿੱਖਾਂ ਨੇ ਇੱਕ ਵਾਰ ਸ. ਬਘੇਲ ਸਿੰਘ ਦੀ ਕਮਾਨ ਹੇਠ ਵੀ ਦਿੱਲੀ ਨੂੰ ਫਤਿਹ ਕੀਤਾ ਸੀ।)

ਇਸ ਤੋਂ ਬਾਅਦ ਸਿੱਖ ਪੰਜਾਬ ਦੇ ਮਾਲਕ ਬਣ ਗਏ। ਫਿਰ ਇੱਕ ਸਮਾਂ ਆਇਆ ਜਦੋਂ ਕੈਥਲ-ਕਰਨਾਲ ਤੋਂ ਲੈ ਕੇ ਦੱਰਾ ਖੈਬਰ ਤੱਕ ਸਿੱਖਾਂ ਦਾ ਬੋਲਬਾਲਾ ਸੀ। (ਰਿਆਸਤ ਕੈਥਲ ਦੇ ਆਖਰੀ ਰਾਜੇ ਭਾਈ ਉਦੈ ਸਿੰਘ ਦਾ ਕਿਲ੍ਹਾ ਅੱਜ ਵੀ ਸਿੱਖ ਚੜ੍ਹਤ ਦੀ ਯਾਦ ਨੂੰ ਸਾਂਭੀ ਬੈਠਾ ਹੈ।) ਪਰ 'ਹਾਅ ਦੇ ਨਾਅਰੇ' ਦਾ ਸਤਿਕਾਰ ਕਰਦਿਆਂ ਕਿਸੇ ਵੀ ਸਿੱਖ ਨੇ ਮਲੇਰਕੋਟਲੇ ਵੱਲ ਅੱਖ ਭਰ ਵੀ ਦੇਖਣ ਦੀ ਹਿੰਮਤ ਨਹੀਂ ਕੀਤੀ, ਬਲਕਿ ਸਦਾ ਉਸ ਨਵਾਬ ਮਲੇਰਕੋਟਲਾ ਅਤੇ ਉਸ ਦੇ ਵੰਸ਼ ਨੂੰ ਸਨਮਾਨਿਤ ਕਰਦੇ ਰਹੇ।

ਇਸ ਤਰ੍ਹਾਂ ਸਿੱਖ ਰਿਆਸਤਾਂ ਵਿਚ ਘਿਰੀ ਇਹ ਮੁਸਲਮਾਨ ਰਿਆਸਤ ਸੰਨ 1948 ਈਸਵੀ ਤੱਕ ਕਾਇਮ ਰਹੀ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਦੀ ਵੰਸ਼ ਧੌਣ ਉੱਚੀ ਕਰਕੇ ਰਾਜ ਕਰਦੀ ਰਹੀ, ਜਾਂ ਇੰਝ ਕਹਿ ਲਓ ਕਿ ਸਿੱਖਾਂ ਨੇ ਨਵਾਬ ਮਲੇਰਕੋਟਲਾ ਨੂੰ ਇੱਕ 'ਹਾਅ ਦੇ ਨਾਅਰੇ' ਬਦਲੇ ਲਗਭਗ ਦੋ ਸਦੀਆਂ ਦਾ ਰਾਜ ਬਖਸ਼ਿਆ। ਇਹ ਉਸ 'ਹਾਅ ਦੇ ਨਾਅਰੇ' ਦਾ ਹੀ ਚਮਤਕਾਰ ਹੈ ਕਿ ਅੱਜ ਵੀ ਮਲੇਰਕੋਟਲਾ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ ਮੁਸਲਮਾਨਾਂ ਦਾ ਗੜ੍ਹ ਹਨ।

'ਹਾਅ ਦੇ ਨਾਅਰੇ' ਦੀ ਦਾਸਤਾਨ ਦਾ ਸਬਕ ਹਰ ਸਿੱਖ ਅੰਤਰ ਪ੍ਰੇਰਣਾ ਸਦਕਾ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ਦੇਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਕਰਕੇ ਸ਼ਾਇਦ ਉਹ ਅਚੇਤ ਹੀ ਇਸ ਅਹਿਸਾਨ ਦੇ ਭਾਰ ਨੂੰ ਬੱਚਿਆਂ ਨਾਲ ਸਾਂਝਾ ਕਰਕੇ ਹੌਲਾ ਕਰਨ ਦਾ ਯਤਨ ਕਰ ਰਿਹਾ ਹੁੰਦਾ ਹੈ। ਗੱਲ ਕੀ, ਸਿੱਖ ਮਾਨਸਿਕਤਾ ਕਦੇ ਇਸ ਅਹਿਸਾਨ ਨੂੰ ਭੁਲਾ ਨਹੀਂ ਕਰੇਗੀ, ਸਿੱਖ ਨਵਾਬ ਮਲੇਰਕੋਟਲਾ ਦੇ ਹਮੇਸ਼ਾਂ ਰਿਣੀ ਰਹਿਣਗੇ। ਸ਼ਹੀਦ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਚੜ੍ਹਦੀ ਦਿਸ਼ਾ ਵੱਲ ਗੇਟ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਦੀ ਯਾਦ ਨੂੰ ਸਮਰਪਿਤ ਹੈ ਜੋ ਸਿੱਖ ਸਮਾਜ ਦੀ ਉਨ੍ਹਾਂ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ।
First published: December 28, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ