ਸੁੱਖਵਿੰਦਰ ਸਾਕਾ
ਕੀਰਤਪੁਰ ਸਾਹਿਬ / ਰੂਪਨਗਰ : ਮਨੀਸ਼ਾ ਰਾਣਾ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਨੰਦਪੁਰ ਸਾਹਿਬ ਅਤੇ ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਜੰਗਜੀਤ ਸਿੰਘ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਪਿੰਡ ਸੱਧੇਵਾਲ ਵਿਖੇ ਡੈਪੋ ਪ੍ਰੋਗਰਾਮ ਅਧੀਨ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਸਕੂਲੀ ਬੱਚਿਆਂ ਵਲ੍ਹੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੱਧੇਵਾਲ ਦੇ ਵਿਦਿਆਰਥੀਆਂ ਵਲ੍ਹੋਂ ‘ਜਾਗੋ-ਜਾਗੋ ਨਸ਼ੇ ਤਿਆਗੋ’, ‘ਨਸ਼ੇ ਛੱਡੋ ਕੋਹੜ ਵੱਢੋ’ ਦੇ ਨਾਅਰਿਆਂ ਦੀਆਂ ਤਖਤੀਆਂ ਹੱਥਾਂ ਵਿੱਚ ਫੜਕੇ ਪਿੰਡ ਵਿੱਚ ਰੈਲੀ ਕੱਢੀ ਗਈ।
ਹੈਲਥ ਐਂਡ ਵੈਲਨੈਸ ਸੈਂਟਰ ਗੰਗੂਵਾਲ ਦੇ ਸਿਹਤ ਸਟਾਫ ਭੁਪਿੰਦਰ ਸਿੰਘ ਖਮੇੜ੍ਹਾ, ਰਵਨੀਤ ਕੌਰ ਸੀ.ਐਚ. ਮਹਿੰਦਰ ਕੌਰ ਏ. ਐਨ. ਐਮ ਨੇ ਇਸ ਰੈਲੀ ਦੀ ਪ੍ਰਤੀਨਿਧਤਾ ਕੀਤੀ ਅਤੇ ਬੱਚਿਆਂ ਤੋਂ ਨਸ਼ਿਆਂ ਵਿਰੁੱਧ ਨਾਅਰੇ ਵੀ ਲਗਵਾਏ ਗਏ । ਡਾ. ਜੰਗਜੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਤੰਦਰੁਸਤ ਪੰਜਾਬ ਸਿਰਜਣ ਵਿੱਚ ਅੱਗੇ ਆਉਣਾ ਚਾਹੀਦਾ ਹੈ।
ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਕਿਹਾ ਕਿ ਪੰਜਾਬ ਦਾ ਬਹੁਤ ਹੀ ਕੁਰਬਾਨੀਆਂ ਭਰਿਆ ਅਤੇ ਗੋਰਵਮਈ ਇਤਿਹਾਸ ਹੈ, ਸਾਨੂੰ ਇਸ ਗੋਰਵਮਈ ਇਤਿਹਾਸ ਨੂੰ ਕਾਇਮ ਰੱਖਣਾ ਚਾਹੀਦਾ ਹੈ, ਤਾਂ ਜੋ ਰਹਿੰਦੀ ਦੁਨੀਆਂ ਤੱਕ ਪੰਜਾਬ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਰਹੇ । ਉਹਨਾ ਕਿਹਾ ਕਿ ਨਸ਼ੇ ਜਿੱਥੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉੱਥੇ ਹੀ ਸਾਡੀ ਵਿੱਤੀ ਸਥਿਤੀ ਨੂੰ ਵੀ ਵਿਗਾੜ ਦਿੰਦੇ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Awareness scheme, Drugs, Punjab, Ropar