ਸੁੱਖਵਿੰਦਰ ਸਾਕਾ
ਰੂਪਨਗਰ : ਹਿਮਾਚਲ ਦੇ ਉੱਪਰਲੇ ਖੇਤਰਾਂ ਵਿੱਚ ਲਗਾਤਾਰ ਭਾਰੀ ਬਰਸਾਤ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਝੀਲ ਦਾ ਪੱਧਰ ਬੀ.ਬੀ.ਐਮ.ਬੀ.ਪ੍ਰਬੰਧਕਾਂ ਲਈ ਰਾਹਤ ਦਾ ਸਬੱਬ ਬਣਿਆ ਹੋਇਆ ਹੈ । ਮੰਗਲਵਾਰ ਨੂੰ ਗੋਬਿੰਦ ਸਾਗਰ ਝੀਲ ਵਿੱਚ 34600 ਕਿਊਸਿਕ ਪਾਣੀ ਦੀ ਆਮਦ ਨਾਲ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1667.34 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ ਔਸਤ ਨਾਲੋਂ ਲਗਭਗ ਪੰਜ ਫੁੱਟ ਵੱਧ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀਐਮਬੀ ਦੇ ਚੀਫ਼ ਇੰਜੀਨੀਅਰ ਸੀ.ਪੀ.ਸਿੰਘ ਨੇ ਦੱਸਿਆ ਕਿ ਝੀਲ ਵਿੱਚ ਔਸਤਨ ਪਾਣੀ 1662.5 ਫੁੱਟ ਹੈ । ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਤੋਂ ਬਿਜਲੀ ਉਤਪਾਦਨ ਲਈ 24500 ਕਿਊਸਿਕ ਪਾਣੀ ਟਰਾਲੀਆਂ ਰਾਹੀਂ ਛੱਡਿਆ ਜਾ ਰਿਹਾ ਹੈ । ਸਤਲੁਜ ਦਰਿਆ ਵਿੱਚ 2000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ।
ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ ਜਦਕਿ ਸ੍ਰੀ ਆਨੰਦਪੁਰ ਸਾਹਿਬ ਨਹਿਰ ਵਿੱਚ 10150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਇਹ ਦੋਵੇਂ ਨਹਿਰਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈਆਂ ਹਨ । ਮੁੱਖ ਇੰਜੀਨੀਅਰ ਨੇ ਦੱਸਿਆ ਕਿ ਗੋਬਿੰਦ ਸਾਗਰ ਝੀਲ ਵਿੱਚ 20 ਸਤੰਬਰ ਤੱਕ ਪਾਣੀ ਆਉਣ ਦਾ ਸੀਜ਼ਨ ਹੈ ਅਤੇ ਅਜੇ ਕਾਫ਼ੀ ਦਿਨ ਬਾਕੀ ਹਨ ਅਤੇ ਪਾਣੀ ਦਾ ਪੱਧਰ ਹੋਰ ਵਧਣ ਦੀ ਉਮੀਦ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।