ਸੁੱਖਵਿੰਦਰ ਸਾਕਾ
Kuldeep Manak Birthday Special: ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1959 ਨੂੰ ਪਿਤਾ ਨਿੱਕਾ ਖਾਨ ਦੇ ਘਰ ਪਿੰਡ ਜਲਾਲ ਨੇੜੇ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਵਿੱਚ ਹੋਇਆ । ਉਸ ਦੇ ਵੱਡ-ਵਡੇਰੇ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਦਰਬਾਰ ਵਿੱਚ ਹਜ਼ੂਰੀ ਰਾਗੀ ਸਨ । ਪਿਤਾ ਨਿੱਕਾ ਖਾਨ ਵੀ ਗਾਇਕ ਸੀ, ਇਸ ਲਈ ਗਾਇਕੀ ਵੱਲ ਮਾਣਕ ਦਾ ਝੁਕਾਅ ਬਚਪਨ ਤੋਂ ਹੀ ਸੀ । ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਮਾਣਕ ਦੇ ਦੋ ਬੱਚੇ ਬੇਟਾ ਯੁੱਧਵੀਰ ਅਤੇ ਬੇਟੀ ਸ਼ਕਤੀ ਹਨ। ਯੁੱਧਵੀਰ ਵੀ ਗਾਇਕ ਹੈ।
ਗਾਇਕੀ ਵੱਲ ਮਾਣਕ ਦਾ ਝੁਕਾਅ ਦੇਖ ਸਕੂਲੀ ਟਾਈਮ 'ਚ ਅਧਿਆਪਕਾਂ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ । ਇਸ ਤੋਂ ਬਾਅਦ ਮਾਣਕ ਨੇ ਉਸਤਾਦ ਖ਼ੁਸ਼ੀ ਮੁਹੱਮਦ ਕੱਵਾਲ ਫ਼ਿਰੋਜ਼ਪੁਰ ਦਾ ਸ਼ਾਗਿਰਦ ਬਣ ਕੇ ਸੰਗੀਤ ਦੀ ਤਾਲੀਮ ਹਾਸਿਲ ਕੀਤੀ ।ਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਣ ਲਈ ਮਾਣਕ ਬਠਿੰਡਾ ਛੱਡ ਲੁਧਿਆਣੇ ਆ ਗਿਆ ਤੇ ਗਾਇਕ ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਕਰਨੀਆਂ ਸ਼ੁਰੂ ਕੀਤੀਆਂ।
1968 ਵਿੱਚ ਉਸਨੇ ਗਾਇਕਾ ਸੀਮਾ ਨਾਲ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦਾ ਲਿਖਿਆ ਆਪਣਾ ਪਹਿਲਾ ਗੀਤ, “ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ” ਰਿਕਾਰਡ ਕੀਤਾ । ਉਸ ਵੇਲੇ ਦੋਗਾਣਾ ਗਾਇਕੀ ਦਾ ਜ਼ਿਆਦਾ ਦੌਰ ਸੀ । ਇਹ ਮਾਣਕ ਦਾ ਪਹਿਲਾ ਰਿਕਾਰਡ ਸੀ। ਇਸ ਰਿਕਾਰਡ ਵਿੱਚ ਇੱਕ ਹੋਰ ਗੀਤ “ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ” ਵੀ ਸ਼ਾਮਿਲ ਸੀ ਜੋ ਕਿ ਗੀਤਕਾਰ ਗੁਰਦੇਵ ਸਿੰਘ ਮਾਨ ਵੱਲੋਂ ਲਿਖਿਆ ਗਿਆ ਸੀ । ਲੋਕਾਂ ਵੱਲੋਂ ਇਸ ਰਿਕਾਰਡ ਨੂੰ ਬਹੁਤ ਪਸੰਦ ਕੀਤਾ ਗਿਆ । ਆਪਣੀ ਪਹਿਲੀ ਰਿਕਾਰਡਿੰਗ ਤੋਂ ਬਾਅਦ ਉਸ ਨੇ ਇਕੱਲੇ ਗਾਉਣਾ ਸ਼ੁਰੂ ਕੀਤਾ।
ਗੀਤਕਾਰ ਦੇਵ ਥਰੀਕੇ ਵਾਲਾ ਨੇ ਮਾਣਕ ਨੂੰ ਕਿਸੇ ਸਟੇਜ ’ਤੇ ਗਾਉਦਿਆਂ ਸੁਣਿਆਂ ਤੇ ਉਸ ਲਈ ਬਹੁਤ ‘ਲੋਕ ਗਾਥਾਵਾਂ’ ‘ਕਲੀਆਂ’ ਅਤੇ ਗੀਤ ਲਿਖੇ । ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਦਾ ਦਰਜਾ ਦਵਾਉਣ ਵਾਲੀ ਕਲੀ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਹੈ ਜੋ ਕਿ ਦੇਵ ਥਰੀਕੇ ਵਾਲੇ ਦੀ ਹੀ ਲਿਖੀ ਹੋਈ ਐ । ਪੰਜਾਬੀ ਫ਼ਿਲਮਾਂ ਵਿੱਚ ਵੀ ਮਾਣਕ ਨੇ ਕਾਫ਼ੀ ਗੀਤ ਗਾਏ।
ਹੁਣ ਤੱਕ ਮਾਣਕ ਦੀਆਂ ਤਕਰੀਬਨ 198 ਟੇਪਾਂ ਰਿਕਾਰਡ ਹੋਈਆਂ, ਜਿੰਨ੍ਹਾਂ ਵਿੱਚ ਐੱਲ.ਪੀ. ਰਿਕਾਰਡ, ਈ.ਪੀ. ਰਿਕਾਰਡ ਅਤੇ 41 ਧਾਰਮਿਕ ਕੈਸਿਟਾਂ ਵੀ ਸ਼ਾਮਿਲ ਹਨ । ਬੇਸ਼ੱਕ ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਕਿਹਾ ਜਾਂਦਾ ਹੈ, ਪਰ ਉਸਨੇ ਆਪਣੇ ਗਾਇਕੀ ਜੀਵਨ ਵਿੱਚ ਤਕਰੀਬਨ 13-14 ਕਲੀਆਂ ਹੀ ਗਾਈਆਂ ਸਨ।
ਗਾਇਕਾਂ ’ਚੋਂ ਕਰਤਾਰ ਰਮਲਾ, ਸੁਰਿੰਦਰ ਸ਼ਿੰਦਾ, ਸੁਰਿੰਦਰ ਕੋਹਲੀ, ਕੇਵਲ ਜਲਾਲ (ਭਤੀਜਾ) ਜੈਜੀ ਬੀ ਤੇ ਸਵ. ਸੁਰਜੀਤ ਬਿੰਦਰੱਖੀਆ ਅਤੇ ਗਾਇਕਾਵਾਂ ’ਚੋਂ ਸੀਮਾ, ਗੁਲਸ਼ਨ ਕੋਮਲ, ਸਵ. ਅਮਰਜੋਤ ਕੌਰ, ਸੁਰਿੰਦਰ ਕੌਰ, ਗੁਰਮੀਤ ਬਾਵਾ, ਕੁਲਵੰਤ ਕੋਮਲ, ਪ੍ਰਕਾਸ਼ ਕੌਰ ਸੋਢੀ, ਦਿਲਬਾਗ਼ ਕੌਰ ’ਤੇ ਪ੍ਰਕਾਸ਼ ਸਿੱਧੂ ਨਾਲ ਮਾਣਕ ਗੀਤ ਗਾ ਚੁੱਕਾ ਹੈ । 1977-78 ਵਿੱਚ ਪਹਿਲੀ ਵਾਰ ਮਾਣਕ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾ ਕੇ ਆਇਆ। ਮਾਣਕ ਹੁਣ ਤੱਕ ਤਕਰੀਬਨ 90 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਦੇ ਚੁੱਕਿਆ ਹੈ ਤੇ ਮਾਣਕ ਨੇ ਤਕਰੀਬਨ 26 ਸੰਗੀਤਕਾਰਾਂ ਦੀਆਂ ਧੁੰਨਾਂ ’ਤੇ ਗੀਤ ਗਾਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Birthday, Birthday special, Entertainment, Entertainment news, Punjab, Ropar