ਸੁੱਖਵਿੰਦਰ ਸਾਕਾ
ਰੂਪਨਗਰ : Roopnagar ਦੇ ਮਿੰਨੀ ਸਕੱਤਰੇਤ ਵਿੱਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ। ਇਸ ਸਰਧਾਂਜਲੀ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ ਅਤੇ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਆਰਕੀਟੈਕਟ ਕਿਹਾ ਜਾਂਦਾ ਹੈ। ਉਹ ਕਮਜ਼ੋਰ ਵਰਗਾਂ ਦੇ ਮਸੀਹਾ ਅਤੇ ਜਾਤੀਵਾਦ ਅਤੇ ਭੇਦਭਾਵ ਦੇ ਬਹੁਤ ਵਿਰੁੱਧ ਸੀ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਐਸ.ਪੀ. ਸ਼੍ਰੀ ਅੰਕੁਰ ਗੁਪਤਾ, ਐਸ.ਡੀ.ਐਮ. ਸ. ਗੁਰਵਿੰਦਰ ਸਿੰਘ ਜੌਹਲ, ਡੀ ਆਰ ਓ ਗੁਰਜਿੰਦਰ ਸਿੰਘ ਤੇ ਐਡਵੋਕੇਟ ਚਰਨਜੀਤ ਸਿੰਘ ਘਈ ਨੇ ਵੀ ਡਾ. ਭੀਮ ਰਾਓ ਅੰਬੇਡਕਰ ਨੂੰ ਸਰਧਾਂਜਲੀ ਵਜੋਂ ਫੁੱਲ ਭੇਟ ਕੀਤੇ।
ਇਸ ਵਿਸ਼ੇਸ਼ ਮੌਕੇ ਉੱਤੇ ਸਕੂਲੀ ਵਿਦਿਆਰਥੀਆਂ ਵਲੋਂ ਮਿੰਨੀ ਸਕੱਤਰੇਤ ਦੀਆਂ ਕੰਧਾਂ ‘ਤੇ ਖੂਬਸੂਰਤ ਚਿੱਤਰ ਬਣਾਉਣ ਲਈ ਡਾ. ਪ੍ਰੀਤੀ ਯਾਦਵ ਵਲੋਂ ਸਰਟੀਫਿਕੇਟ ਦਿੱਤੇ ਗਏ ਅਤੇ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿਦਿਆਰਥੀਆਂ ਨੂੰ ਟ੍ਰਾਫੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
ਇਸ ਚਿੱਤਰ ਮੁਕਾਬਲੇ ਵਿੱਚ ਸਰਕਾਰੀ ਸੀਨੀ.ਸੈਕੇ.ਸਕੂਲ (ਲੜਕੀਆਂ) ਨੇ ਪਹਿਲਾਂ ਸਥਾਨ ਹਾਸਿਲ ਕੀਤਾ।ਸ਼ਿਵਾਲਿਕ ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜਾ ਸਥਾਨ ਪ੍ਰਾਪਤ ਕਰਨ ਵਾਲਾ ਡੀ.ਏ.ਵੀ. ਸਕੂਲ ਰੋਪੜ ਦਾ ਸੀ ।ਇਸ ਮੌਕੇ ‘ਤੇ ਇਨ੍ਹਾਂ ਸਾਰੇ ਸਕੂਲੀ ਵਿਦਿਆਰਥੀਆਂ ਵਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ ਤੋਹਫ਼ੇ ਵਜੋਂ ਡਾ. ਭੀਮ ਰਾਓ ਅੰਬੇਡਕਰ ਦੀ ਹੱਥੀ ਪੇਟਿੰਗ ਕੀਤੀਆਂ ਹੋਈਆਂ ਤਸਵੀਰਾਂ ਵੀ ਦਿੱਤੀਆਂ ਗਈਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ambedkar, BR Ambedkar, Punjab