ਸੁੱਖਵਿੰਦਰ ਸਾਕਾ
ਕੀਰਤਪੁਰ ਸਾਹਿਬ / ਰੂਪਨਗਰ : ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਤੇ ਇਸ ਅਧੀਨ ਸਬ ਸੈਂਟਰਾਂ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ। ਇਸ ਮੌਕੇ ਡਾ.ਜੰਗਜੀਤ ਸਿੰਘ ਮੈਡੀਕਲ ਅਫਸਰ ਨੇ ਦੱਸਿਆ ਕਿ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਣ ਲਈ ਵਕਤ ਸਿਰ ਜਾਗਰੂਕ ਹੋਣ ਦੀ ਲੋੜ ਹੈ।
ਜੇਕਰ ਅਸੀਂ ਸਮੇਂ ਸਿਰ ਕੈਂਸਰ ਦੀ ਨਿਸ਼ਾਨੀਆਂ ਨੂੰ ਪਹਿਚਾਣ ਲਈਏ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਇਸ ਸਾਲ ਦੀ ਥੀਮ "ਕੇਅਰ ਗੈਪ ਨੂੰ ਬੰਦ ਕਰੋ" ਹੈ ਜੋ ਕੈਂਸਰ ਦੀ ਦੇਖਭਾਲ ਵਿੱਚ ਅਸਮਾਨਤਾਵਾਂ ਨੂੰ ਸਮਝਣ ਅਤੇ ਉਹਨਾਂ ਨੂੰ ਹੱਲ ਕਰਨ ਲਈ ਲੋੜੀਂਦੀ ਪ੍ਰਗਤੀ ਕਰਨ ਲਈ ਕਾਰਵਾਈਆਂ ਕਰਨ ਬਾਰੇ ਹੈ। ਹੈਲਥ ਐਂਡ ਵੈਲਨੈਸ ਸੈਂਟਰ ਗੱਜਪੁਰ ਵਿਖੇ ਵੀ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ।
ਇੱਥੇ ਕਮਿਊਨਟੀ ਹੈਲਥ ਅਫਸਰ ਕੰਮ ਕਰ ਰਹੀ ਕੁਮਾਰੀ ਪੂਨਮ ਰਾਣੀ ਨੇ ਦੱਸਿਆ ਕਿ ਕੈਂਸਰ ਵਰਗੀ ਬਿਮਾਰੀ ਦੀ ਕਈ ਮੁੱਢਲੀਆਂ ਨਿਸ਼ਾਨੀਆਂ ਹਨ, ਜਿਸ ਵਿੱਚ ਕਿ ਅਵਾਜ਼ ਵਿੱਚ ਭਾਰੀਪਣ, ਮੂੰਹ ਵਿੱਚ ਸਫੇਦ ਦਾਗ ਹੋਣਾ, ਗਲੇ ਵਿੱਚ ਗੱਠ ਬਣਨਾ, ਖਾਉਣ ਵਿੱਚ ਦਿੱਕਤ, ਮੂੰਹ ਵਿੱਚ ਰਸੋਲੀ ਕੁਝ ਖਾਸ ਨਿਸ਼ਾਨੀਆਂ ਹਨ ।
ਉਨ੍ਹਾਂ ਦੱਸਿਆ ਕਿ ਕੈਂਸਰ ਨੂੰ ਕੰਟ੍ਰੋਲ ਕਰਨ ਲਈ ਸ਼ੁਰੂਆਤੀ ਰੋਕਥਾਮ ਦੀ ਲੋੜ ਹੈ ਜਿਸ ਵਿੱਚ ਸਾਨੂੰ ਫਸਲਾਂ ਉੱਤੇ ਜਿਆਦਾ ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਘੱਟ ਕਰਨਾ, ਕੀਟ ਨਾਸ਼ਕ ਦਵਾਈਆਂ ਛਿੜਕਣ ਸਮੇਂ ਮੂੰਹ ਤੇ ਮਾਸਕ ਪਾ ਕੇ ਰੱਖਣਾ, ਤੰਬਾਕੂ, ਸਿਗਰਟ ਤੇ ਸ਼ਰਾਬ ਦੀ ਵਰਤੋਂ ਬੰਦ ਕਰਨਾ, ਜਿਆਦਾ ਫੈਟ ਵਾਲੀਆਂ ਚੀਜ਼ਾ ਤੇ ਜੰਕ ਫੂਡ ਤੋਂ ਪਰਹੇਜ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਕਰਨਾ ਤੇ ਭਾਰ ਨੂੰ ਕੰਟ੍ਰੋਲ ਕਰਨਾ ਚਾਹੀਦਾ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।