ਸੁੱਖਵਿੰਦਰ ਸਾਕਾ
ਰੂਪਨਗਰ :
ਵਿਦੇਸ਼ੀ ਧਰਤੀ 'ਤੇ ਠੰਡ ਦਾ ਪ੍ਰਕੋਪ ਹੁੰਦਿਆਂ ਹੀ ਹਜ਼ਾਰਾਂ ਪੰਛੀ ਵਿਦੇਸ਼ੀ ਧਰਤੀ ਛੱਡ ਕੇ ਭਾਰਤ ਦਾ ਰੁਖ ਕਰ ਲੈਂਦੇ ਹਨ, ਜਿਸ ਕਾਰਨ ਦੇਸ਼ ਦੀਆਂ ਨਦੀਆਂ ਅਤੇ ਸਤਲੁਜ ਦਰਿਆਵਾਂ 'ਚ ਇਨ੍ਹਾਂ ਪਰਵਾਸੀ ਪੰਛੀਆਂ ਦੀ ਆਮਦ ਵੱਧ ਜਾਂਦੀ ਹੈ । ਪ੍ਰੇਮੀ ਇਨ੍ਹਾਂ ਪਰਵਾਸੀ ਮਹਿਮਾਨ ਪੰਛੀਆਂ ਦਾ ਆਨੰਦ ਮਾਣਦੇ ਹਨ । ਉਨ੍ਹਾਂ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਪਹੁੰਚਦੇ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਦਰਤ ਅਤੇ ਪੰਛੀ ਪ੍ਰੇਮੀ ਪ੍ਭਾਤ ਭੱਟੀ ਨੇ ਦੱਸਿਆ ਕਿ ਨੰਗਲ ਵੈਟਲੈਂਡ ਸਭ ਤੋਂ ਖੂਬਸੂਰਤ ਵੈਟਲੈਂਡ ਹੈ । ਸਾਲ 2008 ਵਿੱਚ ਨੰਗਲ ਵੈਟਲੈਂਡ ਨੂੰ ਰਾਸ਼ਟਰੀ ਵੈਟਲੈਂਡ ਦਾ ਖਿਤਾਬ ਮਿਲਿਆ ਸੀ ਤੇ ਹੁਣ 2020 ਵਿੱਚ ਇਸਨੂੰ ਅੰਤਰਰਾਸ਼ਟਰੀ ਵੈਟਲੈਂਡ ਦਾ ਦਰਜਾ ਮਿਲ ਚੁੱਕਿਆ ਹੈ । ਇਸ ਵੈਟਲੈਂਡ 'ਤੇ ਹਰ ਸਾਲ ਵੱਖ ਵੱਖ ਪ੍ਰਜਾਤੀਆਂ ਦੇ ਪ੍ਰਵਾਸੀ ਪੰਛੀ ਪਹੁੰਚਦੇ ਹਨ । ਪਰ ਹੁਣ ਸਾਲ ਦਰ ਸਾਲ ਇਨ੍ਹਾਂ ਪਰਵਾਸੀ ਪੰਛੀਆਂ ਦੀ ਆਮਦ ਘੱਟਦੀ ਜਾ ਰਹੀ ਹੈ । ਇਸ ਦਾ ਕਾਰਨ ਵੈਟਲੈਂਡ ਦੇ ਕਿਨਾਰਿਆਂ 'ਤੇ ਪ੍ਰਦੂਸ਼ਣ ਦੇ ਵਧਣ ਨੂੰ ਮੰਨਿਆ ਜਾ ਸਕਦਾ ਹੈ । ਨੰਗਲ ਵੈਟਲੈਂਡ 'ਚ ਵੀ ਪ੍ਰਦੂਸ਼ਣ ਤੇ ਕਚਰੇ ਦਾ ਦਿਨ ਭਰ ਦਿਨ ਵਾਧਾ ਹੋ ਰਿਹਾ ਹੈ ।
ਜਿਸ ਕਾਰਨ ਪਰਵਾਸੀ ਪੰਛੀਆਂ ਦਾ ਨੰਗਲ ਵੈਟਲੈਂਡ ਪ੍ਤੀ ਝੁਕਾਅ ਘੱਟਦਾ ਜਾ ਰਿਹਾ ਹੈ । ਇਕੱਲੀ ਨੰਗਲ ਹੀ ਨਹੀਂ ਪੰਜਾਬ ਦੀਆਂ ਬਾਕੀ ਵੈਟਲੈਂਡਾਂ ਵਿੱਚ ਵੀ ਪਰਵਾਸੀ ਪੰਛੀਆਂ ਦੀ ਕਮੀ ਦੇਖਣ ਨੂੰ ਮਿਲੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇਹਨਾਂ ਵੈਟਲੈਂਡਾਂ ਨੂੰ ਬਚਾਉਣ ਲਈ ਵਧੀਆ ਉਪਰਾਲੇ ਕਰਨੇ ਚਾਹੀਦੇ ਹਨ ਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ । ਕਿਉਂਕਿ ਬਹੁਤੇ ਪਰਵਾਸੀ ਪੰਛੀ ਇਹਨਾਂ ਵੈਟਲੈਂਡਾਂ 'ਤੇ ਹੀ ਨਿਰਭਰ ਹੁੰਦੇ ਹਨ । ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਪੰਜਾਬ ਦੀਆਂ ਵੈਟਲੈਂਡਾਂ ਵੱਲ ਧਿਆਨ ਦੇ ਕੇ ਇਸ ਵਿੱਚ ਸੁਧਾਰ ਕਰਨ ਲਈ ਵਧੀਆ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ropar news