ਸੁੱਖਵਿੰਦਰ ਸਾਕਾ
ਸ੍ਰੀ ਆਨੰਦਪੁਰ ਸਾਹਿਬ / ਰੂਪਨਗਰ: ਬਾਗਬਾਨੀ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਪਿੰਡ ਅਗੰਮਪੁਰ ਵਿਖੇ ਬਣਾਈ ਗਈ ਫਾਰਮਰ ਪ੍ਰੋਡਿਊਸਰ ਕੰਪਨੀ ਦੀਆਂ ਮਹਿਲਾਵਾਂ ਨੂੰ ਬਾਗਬਾਨੀ ਦੇ ਸਹਾਇਕ ਧੰਦਿਆਂ ਵਿੱਚ ਗੰਡੋਏ ਦੀ ਖਾਦ ਘਰ ਵਿੱਚ ਤਿਆਰ ਕਰਨ ਦੇ ਨੁਕਤਿਆਂ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ.ਭਾਰਤ ਭੂਸ਼ਣ ਬਾਗਬਾਨੀ ਵਿਕਾਸ ਅਫਸਰ ਸ੍ਰੀ ਅਨੰਦਪੁਰ ਸਾਹਿਬ ਅਤੇ ਫੀਲਡ ਸਹਾਇਕ ਰੁਪਿੰਦਰ ਸਿੰਘ ਵਲੋਂ ਕੈਂਪ ਵਿੱਚ ਆਏ ਵਿਅਕਤੀਆਂ ਨੂੰ ਗੋਬਰ ਤੋਂ ਗੰਡੋਏ ਦੀ ਖਾਦ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆ ਗਿਆ ਅਤੇ ਇਸ ਦੌਰਾਨ ਇਸ ਸਬੰਧੀ ਰੱਖਣ ਵਾਲੀਆਂ ਸਾਵਧਾਨੀਆਂ ਤੇ ਫਾਇਦੇ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ।
ਡਾ. ਭਾਰਤ ਭੂਸ਼ਣ ਨੇ ਦੱਸਿਆ ਕਿ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ-ਸੜੇ ਪੱਤੇ, ਸਬਜ਼ੀਆਂ ਦੀ ਰਹਿੰਦ-ਖੂੰਹਦ, ਗੋਬਰ ਨਿਮਾਟੋਡ, ਵੈਕਟਰੀਆਂ ਅਤੇ ਉੱਲੀ ਆਦਿ ਨੂੰ ਖਾਂਦੇ ਹਨ ਅਤੇ ਗਲਣ ਸੜਨ ਵਿੱਚ ਮੱਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀ ਕੰਪੋਸਟਿੰਗ ਅਖਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਗੰਡੋਏ ਇੱਕ ਦਿਨ ਵਿੱਚ ਆਪਣੇ ਭਾਰ ਦੇ ਤੀਜੇ ਹਿੱਸੇ ਜਿੰਨੀ ਖੁਰਾਕ ਖਾ ਸਕਦੇ ਹਨ, ਗੰਡੋਏ ਨਾਲ ਤਿਆਰ ਕੀਤੀ ਗਈ ਕੰਪੋਸਟ ਵਰਮੀ ਕੰਪੋਸਟਿੰਗ ਕਹਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਗੰਡੋਏ ਦੀਆਂ ਖਾਦਾਂ ਨਾਲ ਫਸਲਾਂ ਦੀਆਂ ਜੜ੍ਹਾਂ ਵਿੱਚ ਹਵਾਦਾਰੀ ਬਣੀ ਰਹਿੰਦੀ ਹੈ, ਜੈਵਿਕ ਪਦਾਰਥ ਵਿੱਚ ਗਲਣ-ਸੜਨ ਦੀ ਪ੍ਰਕਿਰਿਆ ਵਿੱਚ ਵਾਧਾ ਹੁੰਦਾ ਹੈ, ਕਾਰਬਨਿਕ ਕੂੜੇ-ਕਚਰੇ ਦੀ ਦੁਰਗੰਦ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ, ਦੁਰਗੰਦ ਰਹਿਤ ਖਾਦ ਹੋਣ ਕਾਰਨ ਇੰਡੋਰ ਬੂਟਿਆਂ ਲਈ ਵਰਤੀ ਜਾ ਸਕਦੀ ਹੈ। ਬਾਗਬਾਨੀ ਵਿਭਾਗ ਵਲੋਂ ਬਾਗਬਾਨੀ ਸਹਾਇਕ ਧੰਦਿਆਂ ਵਿੱਚੋਂ ਵਰਮੀਕੰਪੋਸਟ ਖਾਦ ਤਿਆਰ ਕਰਨ ਉੱਤੇ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fertiliser, Punjab, Ropar