ਸੁੱਖਵਿੰਦਰ ਸਾਕਾ
ਰੂਪਨਗਰ : ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰ 'ਚ ਸੜਕ 'ਤੇ ਖੜ੍ਹੀਆਂ ਰੇਹੜੀਆਂ ਵਾਲਿਆਂ 'ਤੇ ਸਖਤ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਦੀ ਟੀਮ ਨੇ ਨਾਜਾਇਜ਼ ਖੜ੍ਹੀਆਂ ਰੇਹੜੀਆਂ ਨੂੰ ਕਬਜ਼ੇ 'ਚ ਲਿਆ ਤੇ ਚੁੱਕ ਕੇ ਲੈ ਗਏ। ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਰੇਹੜੀਆਂ ਦੇ ਨਾਲ-ਨਾਲ ਸੜਕ ਕੱਢੇ ਲੱਗੀਆਂ ਫੜੀ ਵਾਲਿਆਂ ਦੇ ਸਮਾਨ ਨੂੰ ਵੀ ਚੁੱਕ ਲਿਜਾਇਆ ਗਿਆ।
ਇਸ ਦੇ ਵਿਰੋਧ ਵਿੱਚ ਦੁਕਾਨਦਾਰ ਭੜਕ ਉੱਠੇ ਅਤੇ ਉਹਨਾਂ ਨੇ ਪ੍ਰਸ਼ਾਸ਼ਨ ਦੀ ਇਸ ਕਾਰਵਾਈ ਦਾ ਕੜੇ ਸ਼ਬਦਾਂ 'ਚ ਵਿਰੋਧ ਵੀ ਕੀਤਾ। ਰੇਹੜੀ ਵਾਲਿਆਂ ਦਾ ਕਹਿਣਾ ਸੀ ਕਿ ਪ੍ਰਸ਼ਾਸ਼ਨ ਨੇ ਸੂਚਿਤ ਕੀਤੇ ਬਿਨਾਂ ਉਹਨਾਂ 'ਤੇ ਅਚਾਨਕ ਕਾਰਵਾਈ ਕਰ ਦਿੱਤੀ ਅਤੇ ਉਹਨਾਂ ਦੇ ਸਮਾਨ ਅਤੇ ਰੇਹੜੀਆਂ ਨੂੰ ਚੁੱਕ ਕੇ ਲੈ ਗਏ।
ਜਦੋਂ ਕਿ ਸੜਕ ਕੰਢੇ ਗੱਡੀਆਂ ਖੜੀਆਂ ਰਹਿੰਦੀਆਂ ਹਨ ਜਿਨ੍ਹਾਂ ਕਰਕੇ ਜਾਮ ਦੀ ਸਥਿਤੀ ਪੈਦਾ ਹੁੰਦੀ ਹੈ ਉਹਨਾਂ ਉਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ।ਦੂਜੇ ਪਾਸੇ ਜਦੋਂ ਇਸ ਸਬੰਧ ਵਿੱਚ ਥਾਣਾ ਮੁਖੀ ਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਕਰੀਬਨ ਕਈ ਦਿਨਾਂ ਤੋਂ ਉਹਨਾਂ ਨੂੰ ਬਜ਼ਾਰ ਵਿੱਚੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸੜਕ 'ਤੇ ਨਜਾਇਜ਼ ਰੇਹੜੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਿਕ ਕੀਤੀ ਗਈ ਤੇ ਇਸ ਸਬੰਧੀ ਰੇਹੜੀ ਫੜੀ ਵਾਲਿਆਂ ਨੂੰ ਪਹਿਲਾਂ ਹੀ ਸੂਚਿਤ ਵੀ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਸੜਕ 'ਤੇ ਜੋ ਗੱਡੀਆਂ ਖੜ੍ਹੀਆਂ ਕਰਦੇ ਹਨ ਉਨ੍ਹਾਂ ਦੇ ਵੀ ਚਲਾਨ ਕੀਤੇ ਜਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।