ਸੁੱਖਵਿੰਦਰ ਸਾਕਾ,
ਰੂਪਨਗਰ : ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 'ਚ ਇਲਾਹਾਬਾਦ ਵਿੱਚ ਮੋਤੀਲਾਲ ਨਹਿਰੂ ਦੇ ਘਰ ਹੋਇਆ ਸੀ । ਉਹਨਾਂ ਦੀ ਮਾਤਾ ਜੀ ਦਾ ਨਾਮ ਸਵਰੂਪ ਰਾਣੀ ਨਹਿਰੂ ਸੀ । ਉਹ ਮੋਤੀਲਾਲ ਨਹਿਰੂ ਦੇ ਇਕਲੌਤੇ ਪੁੱਤਰ ਸਨ । ਜਵਾਹਰ ਲਾਲ ਨਹਿਰੂ ਦੁਨੀਆ ਦੇ ਸਭ ਤੋਂ ਵਧੀਆ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋਏ ਸਨ। ਉਹਨਾਂ ਨੇ ਆਪਣੀ ਸਕੂਲੀ ਸਿੱਖਿਆ ਹੈਰੋ ਤੋਂ, ਅਤੇ ਕਾਲਜ ਦੀ ਸਿੱਖਿਆ ਟਰਿੰਟੀ ਕਾਲਜ, ਲੰਡਨ ਤੋਂ ਪੂਰੀ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਆਪਣੀ ਲਾਅ ਦੀ ਡਿਗਰੀ ਕੈਂਬਰਿਜ ਯੂਨੀਵਰਸਿਟੀ ਤੋਂ ਪੂਰੀ ਕੀਤੀ । ਜਵਾਹਰ ਲਾਲ ਨਹਿਰੂ 1912 ਵਿੱਚ ਭਾਰਤ ਪਰਤੇ ਅਤੇ ਵਕਾਲਤ ਸ਼ੁਰੂ ਕੀਤੀ । 1916 ਵਿੱਚ ਉਹਨਾਂ ਦਾ ਵਿਆਹ ਕਮਲਾ ਨਹਿਰੂ ਨਾਲ ਹੋਇਆ ।
ਰਾਜਨੀਤੀ ਵਿੱਚ ਉਹਨਾਂ ਦੀ ਅਸਲੀ ਸ਼ੁਰੂਆਤ 1919 ਵਿੱਚ ਹੋਈ ਜਦੋਂ ਉਹ ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆਏ । ਉਸ ਸਮੇਂ ਮਹਾਤਮਾ ਗਾਂਧੀ ਨੇ ਰੋਲਟ ਐਕਟ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ । ਨਹਿਰੂ, ਮਹਾਤਮਾ ਗਾਂਧੀ ਦੇ ਸਰਗਰਮ ਲੇਕਿਨ ਸ਼ਾਂਤੀਪੂਰਨ, ਨਾਮਿਲਵਰਤਨ ਅੰਦੋਲਨ ਦੇ ਪ੍ਰਤੀ ਖਾਸੇ ਆਕਰਸ਼ਤ ਹੋਏ । ਜਵਾਹਰ ਲਾਲ ਨਹਿਰੂ 1924 ਵਿੱਚ ਇਲਾਹਾਬਾਦ ਨਗਰ ਨਿਗਮ ਦੇ ਪ੍ਰਧਾਨ ਚੁਣੇ ਗਏ ਅਤੇ ਉਹਨਾਂ ਨੇ ਸ਼ਹਿਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਰੂਪ ਵਿੱਚ ਦੋ ਸਾਲ ਤੱਕ ਸੇਵਾ ਕੀਤੀ । 1926 ਵਿੱਚ ਉਹਨਾਂ ਨੇ ਬ੍ਰਿਟਿਸ਼ ਅਧਿਕਾਰੀਆਂ ਵਲੋਂ ਸਹਿਯੋਗ ਦੀ ਕਮੀ ਦਾ ਹਵਾਲਾ ਦੇ ਕੇ ਇਸਤੀਫਾ ਦੇ ਦਿੱਤਾ । ਸੰਨ 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲਣ ਉੱਤੇ ਜਦੋਂ ਭਾਵੀ ਪ੍ਰਧਾਨ ਮੰਤਰੀ ਲਈ ਕਾਂਗਰਸ ਵਿੱਚ ਮਤਦਾਨ ਹੋਇਆ ਤਾਂ ਸਰਦਾਰ ਪਟੇਲ ਨੂੰ ਸਭ ਤੋਂ ਜਿਆਦਾ ਵੋਟ ਮਿਲੇ ।
ਉਸਦੇ ਬਾਅਦ ਸਭ ਤੋਂ ਜਿਆਦਾ ਵੋਟ ਆਚਾਰੀਆ ਕ੍ਰਿਪਲਾਨੀ ਨੂੰ ਮਿਲੇ ਸਨ । ਪਰ ਗਾਂਧੀ-ਜੀ ਦੇ ਕਹਿਣ ਉੱਤੇ ਸਰਦਾਰ ਪਟੇਲ ਅਤੇ ਆਚਾਰੀਆ ਕ੍ਰਿਪਲਾਨੀ ਨੇ ਆਪਣਾ ਨਾਮ ਵਾਪਸ ਲੈ ਲਿਆ ਅਤੇ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨਮੰਤਰੀ ਬਣਾਇਆ ਗਿਆ । 1947 ਵਿੱਚ ਉਹ ਆਜਾਦ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਬਣੇ । ਉਹਨਾਂ ਨੂੰ ਸਾਲ 1955 ਵਿੱਚ ਭਾਰਤ ਰਤਨ ਨਾਲ ਸਨਮਨਿਤ ਕੀਤਾ ਗਿਆ। ਜਵਾਹਰ ਲਾਲ ਨਹਿਰੂ ਸਿਆਸਤਦਾਨ ਹੋਣ ਦੇ ਨਾਲ-ਨਾਲ ਬਹੁਤ ਵਧੀਆ ਲੇਖਕ ਵੀ ਸਨ। ਵਿਸ਼ਵ ਪ੍ਰਸਿੱਧ ਭਾਖੜਾ ਡੈਮ ਨਿਰਮਾਣ 'ਚ ਵੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ।
ਇਸ ਡੈਮ ਨੂੰ ਬਣਾਉਣ ਲਈ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਵਿਸ਼ੇਸ਼ ਦਿਲਚਸਪੀ ਲਈ ਗਈ ਸੀ । 1954 ਤੋਂ 1963 ਤੱਕ ਇਸ ਡੈਮ ਦੇ ਨਿਰਮਾਣ ਸਮੇਂ 13 ਵਾਰ ਇਸ ਡੈਮ ਦਾ ਦੌਰਾ ਕੀਤਾ ਗਿਆ। ਜ਼ਿਲ੍ਹਾ ਰੂਪਨਗਰ ਦੇ ਖ਼ੂਬਸੂਰਤ ਸ਼ਹਿਰ ਨੰਗਲ ਦੇ ਸਤਲੁਜ ਸਦਨ ਵਿੱਚ ਅੱਜ ਵੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਵਰਤੀਆਂ ਨਿੱਜੀ ਵਰਤੋਂ ਦੀਆਂ ਚੀਜ਼ਾਂ ਕੁਰਸੀ, ਟੇਬਲ, ਬੈੱਡ ਅਤੇ ਕਰੌਕਰੀ ਨੂੰ ਇੱਕ ਵਿਰਾਸਤ ਦੇ ਰੂਪ ਵਿਚ ਸੰਭਾਲ ਕੇ ਰੱਖਿਆ ਗਿਆ ਹੈ । 27 ਮਈ 1964 ਨੂੰ ਜਵਾਹਰ ਲਾਲ ਨਹਿਰੂ ਨੂੰ ਦਿਲ ਦਾ ਦੌਰਾ ਪਿਆ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian history, Punjab, Ropar