ਸੁੱਖਵਿੰਦਰ ਸਾਕਾ
ਰੂਪਨਗਰ: ਜ਼ਿਲ੍ਹਾ ਰੂਪਨਗਰ 'ਚ ਪੈਂਦੇ ਪਿੰਡ ਭਲਾਣ ਦੇ ਵਸਨੀਕਾਂ ਵੱਲੋਂ ਪਿੰਡ ਦੇ ਸਰਪੰਚ ਦੀ ਅਗਵਾਈ 'ਚ ਪਿੰਡ 'ਚ ਹੋ ਰਹੀ ਮਾਈਨਿੰਗ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਮਾਈਨਿੰਗ ਵਾਲੀ ਥਾਂ 'ਤੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਰੋਸ਼ ਜਤਾਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ 'ਚ ਹੋ ਰਹੀ ਮਾਈਨਿੰਗ ਦੇ ਨਾਲ ਪਿੰਡ ਵਾਸੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ । ਗੱਲਬਾਤ ਦੌਰਾਨ ਨੂੰ ਪਿੰਡ ਦੇ ਸਰਪੰਚ ਅਮਨਦੀਪ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਇਸ ਗੱਲ ਦੀ ਉਨ੍ਹਾਂ ਦੀ ਪੰਚਾਇਤ ਕੋਲ ਕੋਈ ਇਤਲਾਹ ਨਹੀਂ ਹੈ। ਜਦ ਕਿ ਪੰਚਾਇਤ ਵੱਲੋਂ ਪਿਛਲੇ ਇੱਕ ਸਾਲ ਤੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਮਾਈਨਿੰਗ ਨਾ ਕੀਤੀ ਜਾਵੇ।
ਸਰਕਾਰ ਨੇ ਕਿਹਾ ਸੀ ਕਿ ਜਿੱਥੇ ਵੀ ਮਾਈਨਿੰਗ ਕੀਤੀ ਜਾਵੇਗੀ ਉਸ ਪਿੰਡ ਦੀ ਸਹਿਮਤੀ ਲਈ ਜਾਵੇਗੀ ਪਰ ਹੁਣ ਸਰਕਾਰ ਉਲਟ ਕਰ ਰਹੀ ਹੈ ਤੇ ਧੱਕਾ ਕਰ ਰਹੀ ਹੈ । ਕਿਉਂ ਕੀ ਸਰਕਾਰ ਵੱਲੋਂ ਪਿੰਡ ਵਾਸੀਆਂ ਦੀ ਕੋਈ ਵੀ ਸਹਿਮਤੀ ਨਹੀਂ ਲਈ ਗਈ ਅਤੇ ਧੱਕੇ ਨਾਲ ਡੀ ਸਿਲਟਿੰਗ ਦੇ ਨਾਮ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ । ਪਿੰਡ ਦੇ ਸਰਪੰਚ ਦੇ ਦੱਸਣ ਅਨੁਸਾਰ ਉਸ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਮਤਾ ਵੀ ਪਾ ਕੇ ਦਿੱਤਾ ਗਿਆ ਸੀ, ਪਰ ਫਿਰ ਵੀ ਮਾਈਨਿੰਗ ਹੋ ਰਹੀ ਹੈ । ਫਿਲਹਾਲ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਤੇ ਉਨ੍ਹਾਂ ਦੇ ਵੱਲੋਂ ਮਾਈਨਿੰਗ ਨੂੰ ਰੁਕਵਾ ਦਿੱਤਾ ਗਿਆ ਹੈ।
ਦੂਜੇ ਪਾਸੇ ਜਦੋਂ ਇਸ ਸੰਬੰਧ 'ਚ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਵੀ ਅੰਦਾਜ਼ਾ ਨਹੀਂ ਹੈ ਕਿ ਇਹ ਮਾਈਨਿੰਗ ਲੀਗਲ ਹੈ ਅੰਨ-ਲੀਗਲ ,ਕਿਉਂ ਕਿ ਇਸ ਵੇਲੇ ਮੌਕੇ 'ਤੇ ਮਾਈਨਿੰਗ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਨਹੀਂ ਹਨ। ਇਸ ਗੱਲ ਦਾ ਤਾਂ ਸਿਰਫ਼ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਹੀ ਪਤਾ ਹੈ ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਪਿੰਡ ਵਾਸੀਆਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਆਪਸੀ ਗੱਲਬਾਤ ਤੋਂ ਬਾਅਦ ਮਾਈਨਿੰਗ ਨੂੰ ਰੁਕਵਾ ਦਿੱਤਾ ਗਿਆ ਹੈ ਤੇ ਜਿੱਥੇ ਮਾਈਨਿੰਗ ਹੋ ਰਹੀ ਸੀ ਉਸ ਥਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਸਾਰੇ ਟਿੱਪਰਾਂ ਤੇ ਮਸ਼ੀਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib, Mining, Protest, Punjab