ਸੁੱਖਵਿੰਦਰ ਸਾਕਾ
ਰੂਪਨਗਰ: ਪੰਜਾਬ ਸਰਕਾਰ ਵੱਲੋਂ ਨਵੇਂ ਉਪਰਾਲਿਆਂ ਤਹਿਤ ਜ਼ਿਲ੍ਹਾ ਰੂਪਨਗਰ ਦੇ ਨੰਗਲ ਡੈਮ ਬੱਸ ਅੱਡੇ ਤੋਂ ਦਿੱਲੀ ਏਅਰਪੋਰਟ ਲਈ ਸਿੱਧੀ ਬੱਸ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸਦੇ ਤਹਿਤ ਬੱਸ ਸਰਵਿਸ ਨੂੰ ਹਰੀ ਝੰਡੀ ਦੇਣ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੇ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲਾਲਜੀਤ ਸਿੰਘ ਭੁੱਲਰ ਦਾ ਨੰਗਲ ਆਉਣ 'ਤੇ ਭਰਵਾਂ ਸਵਾਗਤ ਕੀਤਾ ਗਿਆ।
ਸਮੇਂ ਸਾਰਣੀ ਅਨੁਸਾਰ ਟਰਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਗੱਲਬਾਤ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੂਨ 2022 ਨੂੰ ਜਲੰਧਰ ਤੋਂ ਵਿਦੇਸ਼ੀ ਸਫ਼ਰ ਕਰਨ ਵਾਲੇ ਪੰਜਾਬੀਆਂ ਲਈ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ । ਜਦਕਿ ਸੂਬੇ ਦੇ ਵੱਖ ਵੱਖ ਸ਼ਹਿਰਾਂ ਤੋਂ ਮਹਿਜ਼ ਕੁਝ ਸਮੇਂ ਦੌਰਾਨ ਹੀ ਲਗਭਗ 80,000 ਯਾਤਰੀਆਂ ਨੇ ਇਸ ਸੇਵਾ ਦਾ ਲਾਭ ਲਿਆ।
ਯਾਤਰੀਆਂ ਦੇ ਅੰਕੜੇ ਇਸ ਸੇਵਾ ਦੀ ਸਫਲਤਾ ਨੂੰ ਸਾਬਿਤ ਕਰਦੀ ਹਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਇਸ ਸੇਵਾ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਨੰਗਲ ਸ਼ਹਿਰ ਤੋਂ ਆਈ ਜੀ ਆਈ ਏਅਰਪੋਰਟ ਦਿੱਲੀ (ਟਰਮੀਨਲ-3) ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੇ ਪੱਧਰ ਉੱਤੇ ਲਾਭ ਮਿਲੇਗਾ। ਜਿਸ ਨਾਲ ਉਹ ਰੋਜ਼ਾਨਾ ਦੁਪਹਿਰ 1:30 ਵਜੇ ਤੋਂ ਸਿਰਫ 1130 ਰੁਪਏ ਦੇ ਕਿਰਾਏ ਨਾਲ ਇਹ ਸਫ਼ਰ ਤੈਅ ਕਰ ਸਕਣਗੇ। ਇਹ ਬੱਸ ਰਾਤ 11:40 ਤੋਂ ਏਅਰਪੋਰਟ ਦੇ ਪਬਲਿਕ ਟਰਾਂਸਪੋਰਟ ਸੈਂਟਰ ਤੋਂ ਅਤੇ ਆਈ ਐਸ ਬੀ ਟੀ ਦਿੱਲੀ ਤੋਂ ਰਾਤ 12:50 ਵਜੇ ਚੱਲੇਗੀ। ਘੱਟ ਕਿਰਾਏ ਵਾਲੀ ਸਰਕਾਰੀ ਵੋਲਵੋ ਬੱਸ ਸਰਵਿਸ ਦੇ ਵੱਡੀ ਗਿਣਤੀ ਵਿੱਚ ਚੱਲਣ ਕਾਰਨ ਹੁਣ ਨਿੱਜੀ ਬੱਸਾਂ ਨੇ ਵੀ ਆਪਣੇ ਕਿਰਾਏ ਵਿਚ ਕਾਫੀ ਕਟੌਤੀ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਆਮ ਲੋਕ ਸਰਕਾਰੀ ਸੇਵਾ ਨੂੰ ਤਵੱਜੋਂ ਦੇ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cluster buses, Punjab, Rupnagar