ਸੁੱਖਵਿੰਦਰ ਸਾਕਾ
ਰੂਪਨਗਰ: ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਾਣੀ ਮਨੁੱਖੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਹੈ । ਪਾਣੀ ਤੋਂ ਬਿਨਾਂ ਮਨੁੱਖ ਦੀ ਹਰ ਆਸ ਤੇ ਲੋੜ ਅਧੂਰੀ ਹੈ। ਕਿਉਂਕਿ ਪਾਣੀ ਬਿਨਾਂ ਮੱਛਲੀ ਵਾਂਗ ਮਨੁੱਖ ਵੀ ਨਹੀਂ ਰਹਿ ਸਕਦਾ । ਸਾਡੇ ਹਰ ਕੰਮ ਦੀ ਸ਼ੁਰੂਆਤ ਹੀ ਪਾਣੀ ਤੋਂ ਹੁੰਦੀ ਹੈ ਚਾਹੇ ਜਿਹੜਾ ਮਰਜ਼ੀ ਕੰਮ ਹੋਵੇ । ਪਾਣੀ ਦੀ ਲੋੜ ਤਾਂ ਮਨੁੱਖੀ ਜ਼ਿੰਦਗੀ ਨੂੰ ਜਨਮ ਤੋਂ ਹੀ ਹੁੰਦੀ ਹੈ ਜਿਵੇਂ ਕਿ ਅਸੀਂ ਸਾਰੇ ਵੇਖਦੇ ਹੀ ਹਾਂ ਕਿ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਤਾਂ ਉਸ ਨੂੰ ਸਭ ਤੋਂ ਪਹਿਲਾਂ ਇਸ਼ਨਾਨ ਪਾਣੀ ਨਾਲ ਹੀ ਕਰਾਇਆ ਜਾਂਦਾ ਹੈ ।
ਸੋ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕੇ ਪਾਣੀ ਸਾਡੀ ਜਿੰਦਗੀ 'ਚ ਕਿੰਨੀ ਮਹੱਤਤਾ ਰੱਖਦਾ ਹੈ । ਜਦੋਂ ਅਸੀਂ ਘਰ ਵਿੱਚ ਰੋਟੀ ਸਬਜ਼ੀ ਬਣਾਉਂਦੇ ਹਾਂ ਤਾਂ ਰੋਟੀ ਵੀ ਪਾਣੀ ਤੋਂ ਬਿਨਾਂ ਨਹੀਂ ਬਣ ਸਕਦੀ ਤੇ ਨਾ ਹੀ ਸਬਜ਼ੀ ਪਾਣੀ ਬਿਨਾਂ ਬਣ ਸਕਦੀ ਹੈ । ਪਾਣੀ ਰਾਹੀਂ ਰੋਟੀ ਸਬਜ਼ੀ ਬਣਾਉਣ ਦੀ ਗੱਲ ਤਾਂ ਇੱਕ ਪਾਸੇ, ਰੋਟੀ ਸਬਜ਼ੀ ਜਿਨ੍ਹਾਂ ਵਸਤਾਂ ਤੋਂ ਬਣਦੀ ਹੈ ਉਨ੍ਹਾਂ ਨੂੰ ਪੈਦਾ ਕਰਨ ਲਈ ਵੀ ਪਾਣੀ ਦੀ ਹੀ ਜ਼ਰੂਰਤ ਪੈਂਦੀ ਹੈ ।
ਪਾਣੀ ਇੱਕ ਅਜਿਹੀ ਅਨਮੁੱਲੀ ਚੀਜ਼ ਹੈ ਜਿਸ ਦੀ ਲੋੜ ਹਰ ਜ਼ਿੰਦਗੀ ਨੂੰ ਹੈ ਬੇਸ਼ੱਕ ਉਹ ਜ਼ਿੰਦਗੀ ਕਿਸੇ ਮਨੁੱਖ ਦੀ ਹੋਵੇ ਜਾਂ ਫਿਰ ਕਿਸੇ ਜਾਨਵਰ ਤੇ ਜਾਂ ਫਿਰ ਕਿਸੇ ਪੰਛੀ ਦੀ ਹੋਵੇ । ਕਦੇ ਵੀ ਇਸ ਗੱਲ ਦਾ ਅੰਦਾਜ਼ਾ ਲਗਾ ਕੇ ਵੇਖ ਲਓ ਕਿ ਤੁਸੀਂ ਇਕ ਦਿਨ ਵਿੱਚ ਹੋਰਨਾਂ ਚੀਜ਼ਾਂ ਦੇ ਨਾਲ ਨਾਲ ਪਾਣੀ ਕਿੰਨੀ ਵਾਰ ਵਰਤਦੇ ਹੋ, ਤੁਸੀਂ ਆਪਣੇ ਆਪ ਸਮਝ ਜਾਵੋਗੇ ਕਿ ਸਭ ਤੋਂ ਜ਼ਿਆਦਾ ਇੱਕ ਦਿਨ 'ਚ ਤੁਸੀਂ ਕੀ ਵਰਤਦੇ ਹੋ ਪਾਣੀ ਜਾਂ ਫਿਰ ਕੋਈ ਹੋਰ ਆਮ ਚੀਜ਼ । ਬਾਕੀ ਮਸਲਾ ਤਾਂ ਇੱਥੇ ਆ ਕੇ ਮੁੱਕ ਜਾਂਦਾ ਹੈ ਕਿ ਪਾਣੀ ਨੂੰ ਬਚਾਈਏ ਕਿਵੇਂ।
ਹਰ ਕੋਈ ਪਾਣੀ ਨੂੰ ਵਰਤਣ ਵਾਲਾ ਇਸ ਰਾਹੀਂ ਆਪਣੀਆਂ ਲੋੜਾਂ ਤਾਂ ਪੂਰੀਆਂ ਕਰ ਲੈਂਦਾ ਹੈ ਪਰ ਹਰ ਕੋਈ ਇਹ ਨਹੀਂ ਸੋਚਦਾ ਕਿ ਪਾਣੀ ਨੂੰ ਬਚਾਈਏ ਕਿਵੇਂ । ਸਾਨੂੰ ਸਾਰਿਆਂ ਨੂੰ ਇੱਕ ਗੱਲ ਤਾਂ ਦਿਲ ਵਿਚ ਧਾਰਨੀ ਪੈਣੀ ਹੈ ਕਿ ਆਪਣੀ ਸੁੰਦਰ ਤੇ ਅਨਮੋਲ ਜ਼ਿੰਦਗੀ ਨੂੰ ਬਚਾਉਣ ਦੇ ਲਈ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ । ਕਿਉਂਕਿ ਮਨੁੱਖੀ ਜ਼ਿੰਦਗੀ ਦੇ ਜਨਮ ਤੋਂ ਲੈ ਕੇ ਮਰਨ ਤੱਕ ਪਾਣੀ ਹੀ ਕੰਮ ਆਉਂਦਾ ਹੈ ।
ਇਸ ਲਈ ਸਾਨੂੰ ਪਾਣੀ ਨੂੰ ਬਚਾਉਣ ਲਈ ਕੁਝ ਨਾ ਕੁਝ ਨੁਕਤੇ ਤਾਂ ਜ਼ਰੂਰ ਅਪਣਾਉਣੇ ਪੈਣੇ ਹਨ । ਨਹੀਂ ਤਾਂ ਇੱਕ ਦਿਨ ਐਸਾ ਆਵੇਗਾ ਕਿ ਰੂਹ ਰੂਹ ਪਾਣੀ ਨੂੰ ਤਰਸੇਗੀ । ਸਾਨੂੰ ਸਾਰਿਆਂ ਨੂੰ ਪਾਣੀ ਨੂੰ ਬਚਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸਾਨੂੰ ਆਉਣ ਵਾਲੇ ਸਮੇਂ 'ਚ ਪਾਣੀ ਦੀ ਭੋਰਾ ਵੀ ਕਮੀ ਨਾ ਆਵੇ । ਇਸ ਦੇ ਲਈ ਸਾਨੂੰ ਸਾਰਿਆਂ ਨੂੰ ਪਾਣੀ ਨੂੰ ਉਨਾ ਕੁ ਹੀ ਵਰਤਣਾ ਚਾਹੀਦਾ ਹੈ ਜਿੰਨੀ ਇਸ ਦੀ ਜ਼ਰੂਰਤ ਹੈ ਤੇ ਪਾਣੀ ਨੂੰ ਮਾੜਾ ਵੀ ਵਿਅਰਥ ਨਹੀਂ ਗੁਆਉਣਾ ਚਾਹੀਦਾ ਹੈ ।
ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਖੁੱਲ੍ਹੀਆਂ ਵਗਦੀਆਂ ਨਹਿਰਾਂ 'ਚ ਕੂੜਾ ਕਰਕਟ ਨਹੀਂ ਸੁੱਟਣਾ ਚਾਹੀਦਾ ਹੈ। ਬਾਕੀ ਅੱਜਕੱਲ੍ਹ ਕੋਈ ਅਨਪੜ੍ਹ ਨਹੀਂ ਹੈ ਤੁਸੀਂ ਆਪਣੇ ਆਪਣੇ ਨੁਕਤਿਆਂ ਤੇ ਢੰਗ ਨਾਲ ਪਾਣੀ ਨੂੰ ਦੂਸ਼ਿਤ ਅਤੇ ਵਿਅਰਥ ਹੋਣ ਤੋਂ ਬਚਾ ਸਕਦੇ ਹੋ । ਅਸਲੀ ਮਸਲਾ ਤਾਂ ਇਹ ਹੈ ਕਿ ਪਾਣੀ ਨੂੰ ਬਚਾਉਣ ਹੈ ਭਾਵੇਂ ਬਚਾਓ ਜਿੱਦਾਂ ਮਰਜ਼ੀ । ਕਿਉਂਕਿ ਪਾਣੀ ਨੂੰ ਬਚਾਉਣਾ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਬਰਾਬਰ ਹੈ । ਨਹੀਂ ਤਾਂ ਕੁਦਰਤ ਨਾਲ ਖਿਲਵਾੜ ਕਰਨ ਦੇ ਬਹੁਤੇ ਨਤੀਜੇ ਸਾਹਮਣੇ ਆ ਵੀ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਭੈੜੇ ਨਤੀਜਿਆਂ ਦਾ ਫਲ ਵੀ ਭੋਗਣਾ ਪੈ ਸਕਦਾ ਹੈ ।
" ਜ਼ਿੰਦਗੀ ਬਚਾਉਣ ਲਈ ਵਿਅਰਥ ਜਾਂਦੇ ਪਾਣੀ ਨੂੰ ਪਾਉਣੀ ਪੈਣੀ ਨੱਥ ਹੈ, ਕਿਉਂਕਿ ਰੱਬ ਵੱਲੋਂ ਬਖ਼ਸ਼ੀ ਜ਼ਿੰਦਗੀ ਨੂੰ ਬਚਾਉਣਾ ਥੋੜ੍ਹਾ ਬਹੁਤਾ ਆਪਣੇ ਵੀ ਹੱਥ ਹੈ "
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Water, World Water Day