ਚਰਨਜੀਵ ਕੌਸ਼ਲ
ਸੰਗਰੂਰ: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੌਣ ਨਹੀਂ ਜਾਣਦਾ ? ਪਰ, ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ ? ਕਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਬੀਤਿਆ ? ਅੱਜ ਅਸੀਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਘਰ ਲੈ ਕੇ ਜਾਵਾਂਗੇ, ਅਤੇ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ, ਰਾਜਾ ਗਜਪਤ ਸਿੰਘ ਦਾ ਕਿਲ੍ਹਾ ਦਿਖਾਵਾਂਗੇ, ਜਿੱਥੇ ਮਾਤਾ ਰਾਜ ਕੌਰ ਦੀ ਕੁੱਖੋਂ ਰਣਜੀਤ ਸਿੰਘ ਦਾ ਜਨਮ ਹੋਇਆ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਜਿੱਥੇ ਜੀਂਦ ਰਿਆਸਤ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਨਾਨਕੇ ਰਾਜਾ ਗਜਪਤ ਸਿੰਘ ਰਹਿੰਦੇ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਰਾਜਾ ਗਜਪਤ ਸਿੰਘ ਦੀ ਧੀ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਪਿੰਡ ਬਡਰੁੱਖਾਂ ਸੰਗਰੂਰ ਤੋਂ ਬਠਿੰਡਾ ਕੌਂਮੀ ਮਾਰਗ ’ਤੇ ਸਥਿਤ ਹੈ, ਜਿੱਥੇ ਪਿੰਡ ਦੇ ਸ਼ੁਰੂ ਵਿੱਚ ਹੀ ਪਿੰਡ ਬਡਰੁੱਖਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇ ਨੂੰ ਬਿਆਨ ਕਰਦੀ ਇੱਕ ਵੱਡੀ ਯਾਦਗਾਰ ਬਣੀ ਹੋਈ ਹੈ। ਪਿੰਡ ਦਾ ਸਰਕਾਰੀ ਸਕੂਲ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਦੇ ਨਾਂ 'ਤੇ ਹੈ।
ਸਾਡੇ ਨਾਲ ਗੱਲਬਾਤ ਕਰਦੇ ਹੋਏ ਪ੍ਰਸਿੱਧ ਇਤਿਹਾਸਕਾਰ ਅਤੇ ਲੇਖਕ ਮਾਸਟਰ ਮਹਿੰਦਰ ਸਿੰਘ ਨੇ ਪਿੰਡ ਬਡਰੁੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਂਦ ਰਿਆਸਤ ਦੇ ਰਾਜਾ ਗਜਪਤ ਸਿੰਘ ਨੇ ਇਹ ਕਿਲਾ ਪਿੰਡ ਬਡਰੁੱਖਾਂ ਵਿੱਚ ਬਣਵਾਇਆ ਸੀ ਅਤੇ ਉਸ ਸਮੇਂ ਤੋਂ ਬਾਅਦ ਜਦੋਂ ਰਾਜਾ ਗਜਪਤ ਸਿੰਘ ਦੇ ਘਰ ਧੀ ਦਾ ਜਨਮ ਹੋਇਆ ਸੀ ਤਾਂ ਉਸ ਅਨੁਸਾਰ ਉਸ ਸਮੇਂ ਦੇ ਰਿਵਾਜ ਅਨੁਸਾਰ ਜਦੋਂ ਧੀ ਨੂੰ ਅਸ਼ੁਭ ਮੰਨਿਆ ਜਾਂਦਾ ਸੀ ਤਾਂ ਰਾਜੇ ਦੇ ਪਰਿਵਾਰ ਨੇ ਘਰ ਵਿੱਚ ਜੰਮੀ ਛੋਟੀ ਧੀ ਨੂੰ ਘੜੇ ਵਿੱਚ ਪਾ ਕੇ ਮਰਨ ਲਈ ਦਫ਼ਨਾ ਦਿੱਤਾ।
ਉਸ ਨੇ ਦੱਸਿਆ ਕਿ ਉਸ ਸਮੇਂ ਜਦੋਂ ਇੱਕ ਫਕੀਰ ਰਾਜੇ ਦੇ ਘਰ ਖਾਣਾ ਖਾਣ ਆਇਆ ਤਾਂ ਉਸ ਨੇ ਕਿਹਾ ਕਿ ਮੈਂ ਤੁਹਾਡੇ ਘਰ ਖਾਣਾ ਨਹੀਂ ਖਾਵਾਂਗਾ, ਰਾਜੇ ਦੇ ਘਰ ਵੱਡਾ ਪਾਪ ਹੋਇਆ ਹੈ। ਫਿਰ ਰਾਜੇ ਦੇ ਪਰਿਵਾਰ ਨੇ ਜ਼ਮੀਨ ਵਿੱਚ ਦੱਬੀ ਹੋਈ ਬੱਚੀ ਨੂੰ ਬਾਹਰ ਕੱਢਿਆ ਤਾਂ ਉਹ ਲੜਕੀ ਜਿਉਂਦੀ ਸੀ ਅਤੇ ਉਸ ਲੜਕੀ ਦਾ ਨਾਂ ਰਾਜ ਕੌਰ ਰੱਖਿਆ ਗਿਆ। ਇਸੇ ਰਾਜ ਕੌਰ ਦੀ ਕੁੱਖੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਪਿੰਡ ਬਡਰੁੱਖਾਂ ਦੇ ਇਸ ਕਿਲ੍ਹੇ ਵਿੱਚ ਹੋਇਆ। ਇਤਿਹਾਸਕ ਜਾਣਕਾਰੀ ਅਨੁਸਾਰ ਕੁਝ ਸਮੇਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਪਣੀ ਮਾਤਾ ਨਾਲ ਗੁਜਰਾਂਵਾਲਾ ਚਲੇ ਗਏ, ਜੋ ਕਿ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।